ਵਾਸ਼ਿੰਗਟਨ (ਸਮਾਜ ਵੀਕਲੀ): ਵ੍ਹਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਅਨੁਸਾਰ ਅਮਰੀਕਾ ਨੂੰ ਅਫ਼ਗਾਨਿਤਸਾਨ ਵਿਚ ਤਾਲਿਬਾਨ ਦੀ ਅਗਵਾਈ ਹੇਠਲੀ ਨਵੀਂ ਬਣੀ ਅੰਤ੍ਰਿਮ ਸਰਕਾਰ ਨੂੰ ਮਾਨਤਾ ਦੇਣ ਦੀ ਕੋਈ ਕਾਹਲ ਨਹੀਂ ਹੈ ਅਤੇ ਉਹ ਆਪਣੇ ਨਾਗਰਿਕਾਂ ਨੂੰ ਸੰਕਟਗ੍ਰਸਤ ਦੇਸ਼ ’ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਕਰ ਰਿਹਾ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਐਲਾਨੇ ਗਏ ਅੰਤ੍ਰਿਮ ਮੰਤਰੀ ਮੰਡਲ ਬਾਰੇ ਪੁੱਛੇ ਗੲੇ ਸਵਾਲ ਦੇ ਜਵਾਬ ਵਿਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ, ਕਾਬੁਲ ਵਿਚ ਨਵੇਂ ਸ਼ਾਸਨ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਵਿਚ ਨਹੀਂ ਹੈ।
ਮੀਡੀਆ ਨਾਲ ਰੋਜ਼ਾਨਾ ਦੀ ਗੱਲਬਾਤ ਦੌਰਾਨ ਸਾਕੀ ਨੇ ਕਿਹਾ, ‘‘ਇਸ ਸ਼ਾਸਨ ਨਾਲ ਕੋਈ ਨਹੀਂ ਹੈ, ਨਾ ਤਾਂ ਰਾਸ਼ਟਰਪਤੀ ਤੇ ਨਾ ਹੀ ਕੌਮੀ ਸੁਰੱਖਿਆ ਦਲ ਵਿੱਚੋਂ ਕੋਈ ਇਹ ਮੰਨੇਗਾ ਕਿ ਤਾਲਿਬਾਨ ਵਿਸ਼ਵ ਪੱਧਰੀ ਭਾਈਚਾਰੇ ਦਾ ਇਕ ਸਨਮਾਨਿਤ ਤੇ ਅਹਿਮ ਮੈਂਬਰ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਆਪਣੀ ਪਛਾਣ ਅਜਿਹੀ ਨਹੀਂ ਬਣਾਈ ਹੈ। ਇਹ ਕਾਰਜਕਾਰੀ ਮੰਤਰੀ ਮੰਡਲ ਹੈ ਜਿਸ ਵਿਚ ਜੇਲ੍ਹ ਭੇਜੇ ਜਾ ਚੁੱਕੇ ਚਾਰ ਤਾਲਿਬਾਨੀ ਵੀ ਸ਼ਾਮਲ ਹਨ। ਬਾਇਡਨ ਪ੍ਰਸ਼ਾਸਨ ਨੇ ਉਸ ਨੂੰ ਮਾਨਤਾ ਨਹੀਂ ਦਿੱਤੀ ਹੈ। ਅਸੀਂ ਇਹ ਵੀ ਨਹੀਂ ਕਿਹਾ ਹੈ ਕਿ ਅਸੀਂ ਇਸ ਨੂੰ ਮਾਨਤਾ ਦੇਵਾਂਗੇ ਅਤੇ ਨਾ ਹੀ ਸਾਨੂੰ ਮਾਨਤਾ ਦੇਣ ਦੀ ਕੋਈ ਜਲਦਬਾਜ਼ੀ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly