ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਸਰਕਾਰ ਨੇ ਅਨਲਾਕ-1 ‘ਚ ਕੇਂਦਰ ਸਰਕਾਰ ਦੇ ਹੀ ਫਾਰਮੂਲੇ ਨੂੰ ਹੂਬਹੂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਐਤਵਾਰ ਦੇਰ ਸ਼ਾਮ ਇਸ ਸਬੰਧੀ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਇਸ ਅਨੁਸਾਰ ਰਾਤ ਨੌਂ ਵਜੇ ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਰਹੇਗਾ। ਧਾਰਮਿਕ ਅਸਥਾਨ, ਸ਼ਾਪਿੰਗ ਮਾਲਜ਼, ਹੋਟਲ ਅੱਠ ਜੂਨ ਤਕ ਬੰਦ ਰਹਿਣਗੇ। ਬੱਸਾਂ ਨੂੰ ਸ਼ੁਰੂ ਕਰਨ ਦੀ ਛੋਟ ਦਿੱਤੀ ਗਈ ਹੈ।
ਟੈਕਸੀ, ਕੈਬ ਆਟੋ (ਇਕ ਡਰਾਈਵਰ ਦੋ ਮੁਸਾਫਰ ਨਾਲ) ਚੱਲ ਸਕਦੇ ਹਨ। ਕੇਂਦਰ ਦੇ ਫਾਰਮੂਲੇ ਵਾਂਗ ਹੀ ਅੰਤਰਰਾਸ਼ਟਰੀ ਯਾਤਰਾ ‘ਤੇ ਰੋਕ ਰਹੇਗੀ। ਪਰ ਘਰੇਲੂ ਯਾਤਰਾ ਕਰਨ ਦੀ ਛੋਟ ਰਹੇਗੀ। ਟ੍ਰੇਨ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਸਕੂਲ, ਕਾਲਜ, ਕੋਚਿੰਗ ਸੈਂਟਰ ਤੇ ਹੋਰ ਸਿੱਖਿਆ ਸੰਸਥਾਵਾਂ ਅਜੇ ਬੰਦ ਹੀ ਰਹਿਣਗੀਆਂ। ਰੈਸਟੋਰੈਂਟ ਤੋਂ ਖਾਣਾ ਪੈਕ ਕਰਵਾ ਕੇ ਲਿਜਾਣ ਦੀ ਇਜਾਜ਼ਤ ਹੋਵੇਗੀ। ਬਾਰ ਬੰਦ ਰਹਿਣਗੇ।
ਨੋਟੀਫਿਕੇਸ਼ਨ ਅਨੁਸਾਰ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਅਤਿ ਜ਼ਰੂਰੀ ਜਾਂ ਸਿਹਤ ਸਬੰਧੀ ਲੋੜਾਂ ਤੋਂ ਇਲਾਵਾ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਖੇਡ ਸਟੇਡੀਅਮ ਤੇ ਖੇਡ ਕੰਪਲੈਕਸ ਖੁੱਲ੍ਹਣਗੇ ਪਰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਹਾਲਾਂ ਕਿ ਕਿਸੇ ਖੇਡ ਟੂਰਨਾਮੈਂਟ ਜਾਂ ਸਮਾਗਮ ਕਰਵਾਉਣ ਦੀ ਇਜਾਜ਼ਤ ਨਹੀਂ ਹੋਵੇਗੀ।