ਕੋਲਾਪੁਰ ਵਿੱਚ ਘਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ

ਨੂਰਪੁਰ ਬੇਦੀ (ਸਮਾਜ ਵੀਕਲੀ):  ਪਿੰਡ ਕੋਲਾਪੁਰ ਦੀ ਫਿਰਨੀ ’ਤੇ ਪੈਂਦੇ ਇੱਕ ਘਰ ’ਚ ਦਿਨ-ਦਿਹਾੜੇ ਗੋਲੀਆਂ ਚੱਲਣ ਕਾਰਨ ਸਮੁੱਚੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਪੁਲੀਸ ਥਾਣਾ ਨੂਰਪੁਰ ਬੇਦੀ ਦੀ ਟੀਮ ਪਹੁੰਚੀ। ਥਾਣਾ ਮੁਖੀ ਬਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਅਜੇ ਸਿੰਘ ਮੌਕੇ ’ਤੇ ਪਹੁੰਚੇ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ਹੈਲਪਲਾਈਨ ਨੰਬਰ ਤੋਂ ਇੱਕ ਕੰਪਲੇਟ ਫਾਰਵਰਡ ਹੋਈ ਸੀ ਕਿ ਪਿੰਡ ਕੋਲ੍ਹਾਪੁਰ ਵਿੱਚ ਇੱਥੋਂ ਦੇ ਵਸਨੀਕ ਸੋਹਣ ਸਿੰਘ ਦੇ ਘਰ ’ਤੇ ਅੱਜ ਦੁਪਹਿਰ ਲਗਪਗ 2:30 ਵਜੇ ਗੱਡੀ ’ਚ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਬਾਰੇ ਪਤਾ ਚੱਲਿਆ ਹੈ ਤੇ ਜਲਦ ਹੀ ਮਾਮਲੇ ਦੀ ਤਹਿ ਤਕ ਜਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਰਬਜੀਤ ਕੌਰ ਪਤਨੀ ਸੋਹਣ ਸਿੰਘ ਵਾਸੀ ਕੋਲ੍ਹਾਪੁਰ ਨੇ ਦੱਸਿਆ ਕਿ ਦੁਪਹਿਰ ਕਰੀਬ 2:30 ਵਜੇ ਉਸ ਨੇ ਆਪਣੇ ਪੁੱਤਰ ਨੂੰ ਪਸ਼ੂਆਂ ਨੂੰ ਚਾਰਾ ਪਾਉਣ ਲਈ ਵਾੜੇ ’ਚ ਭੇਜ ਦਿੱਤਾ ਤੇ ਜਦੋਂ ਉਹ ਘਰ ਦੀ ਮੁਹਾਰਨੇ ’ਤੇ ਸੀ ਤਾਂ ਇੱਕਦਮ ਉਸ ਨੂੰ ਬਾਹਰ ਤੋਂ ਗੱਡੀਆਂ ਤੇ ਮੋਟਰਸਾਈਕਲਾਂ ਦੀ ਆਵਾਜ਼ ਆਉਣੀ ਸ਼ੁਰੂ ਹੋਈ, ਉਹ ਜਦੋਂ ਬਾਹਰ ਜਾ ਕੇ ਦੇਖਣ ਲੱਗੀ ਤੇ ਘਰ ਦੇ ਗੇਟ ਦੀ ਕੁੰਡੀ ਨਹੀਂ ਲੱਗੀ ਸੀ ਜਿਸ ਕਰਕੇ ਇੱਕਦਮ ਹੀ ਤਿੰਨ-ਚਾਰ ਅਣਪਛਾਤੇ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਅੰਦਰ ਦਾਖਲ ਹੋਏ ਜਿਸ ਕਾਰਨ ਉਹ ਬੇਹੋਸ਼ ਹੋ ਗਈ।

ਉਨ੍ਹਾਂ ਦੱਸਿਆ ਕਿ ਵਿਅਕਤੀਆਂ ਵੱਲੋਂ ਲਗਭਗ ਸੱਤ ਅੱਠ ਫਾਇਰ ਕੀਤੇ ਗਏ ਹਨ। ਇਸ ਮੌਕੇ ਘਰ ਦੇ ਮਾਲਕ ਸੋਹਣ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਘਟਨਾ ਵਾਪਰੀ ਤਾਂ ਉਹ ਆਪਣੀ ਕਿਸੇ ਰਿਸ਼ਤੇਦਾਰੀ ’ਚ ਗਿਆ ਹੋਇਆ ਸੀ ਤੇ ਜਦੋਂ ਉਸ ਨੇ ਘਰ ਆ ਕੇ ਦੇਖਿਆ ਘਰ ਵਿੱਚ ਗੋਲੀਆਂ ਦੇ ਖੋਲ੍ਹ ਗਿਰੇ ਹੋਏ ਸਨ ਤੇ ਘਰ ਵਿੱਚ ਸਾਮਾਨ ਦੀ ਵੀ ਭੰਨ-ਤੋੜ ਕੀਤੀ ਗਈ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਘਟਨਾ ਕਿਸ ਵੱਲੋਂ ਅਤੇ ਕਿਉਂ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀ ਖੇਤਰ ਹੀ ਭਾਰਤ ਨੂੰ ਬਣਾ ਸਕਦੈ ਆਤਮ ਨਿਰਭਰ: ਚੀਮਾ
Next articleਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸੀਈਓ ਸਤਿਆ ਨਡੇਲਾ ਦੇ 26 ਸਾਲਾ ਪੁੱਤ ਦਾ ਦੇਹਾਂਤ