(ਸਮਾਜ ਵੀਕਲੀ)
ਮੈਂ ਹਾਂ ਓਸ ਦੇਸ਼ ਦੀ ਜਾਈ
ਜਿਸ ਦੀ ਕੁੱਖ ‘ਚੋਂ ਦਹਿਸ਼ਤ ਜੰਮੇ !
ਰੋਜ਼ ਕੋਈ ਹਥਿਆਰਾਂ ਵਾਲ਼ਾ
ਨੀਂਦ ਮੇਰੀ ਦਾ ਬੂਹਾ ਭੰਨੇ!
ਕੋਠੇ ਜਿੱਡਾ ਚਿੱਟਾ ਪੀ ਕੇ
ਮੇਰੀ ਗਵਾਂਢੇ ਥੰਮ ਹੈ ਡਿੱਗਾ
ਨੀਹਾਂ ਵਿੱਚੋਂ ਚੀਕਾਂ ਸੁਣੀਆਂ
ਮੇਰੇ ਘਰ ਦੀ ਛੱਤ ਹੈ ਕੰਬੀ!
ਮੇਰੇ ਪਿੰਡ ਦੇ ਰੜੇ ਮੈਦਾਨੀ
ਬਾਲਾਂ ਦੀ ਨਾ ਕੂਕਰ ਗੂੰਜੇ
ਸੱਥਾਂ ਦੇ ਵਿੱਚ ਸੁੰਨਾਂ ਪਈਆਂ
ਫਿਰੇ ਬੁਢਾਪਾ ਸੋਗੀ ਹੋਇਆ!
ਕੋਠੇ ‘ਤੇ ਨਾ ਲੀੜੇ ਸੁੱਕਣ
ਸੂਹੇ ਗੂੜ੍ਹੇ ਰੰਗਾਂ ਵਾਲ਼ੇ
ਕਿੰਨ੍ਹੇ ਸਫ਼ੈਦੀ ਕਰ ਦਿੱਤੀ ਐ?
ਪਿੰਡ ਮੇਰੇ ਦੇ ਚਾਰ ਚੁਫੇਰੇ!
ਯਾਦਾਂ ਦੀ ਅਲਮਾਰੀ ਦੇ ਵਿੱਚ
ਖੂੰਝੀਂ ਵਿੱਥੀਂ ਹੱਥ ਮਾਰ ਕੇ
ਬੀਤੇ ਦਾ ਕੋਈ ਰੰਗ ਫ਼ਰੋਲ਼ਾਂ
ਮੈਂ ਸਮਿਆਂ ਦੇ ਹਾਸੇ ਲੱਭਾਂ!
ਕੱਲ ਮੈਂ ਜਿਸ ਚੌਰਾਹੇ ਦੇ ਵਿੱਚ
ਸੁਣੀ ਸੀ ਚੱਲੀ ਅੰਨ੍ਹੀ ਗੋਲ਼ੀ
ਓਥੋਂ ਕੋਈ ਲਾਸ਼ ਨਾ ਲੱਭੀ
ਬਸ ਗੋਲ਼ੀ ਦੇ ਖੋਖੇ ਲੱਭੇ!
ਅੰਨ੍ਹੇ ਦੇਸ਼ ‘ਚ ਕਾਣੇ ਰਾਜੇ
ਵੱਢਿਆ ਟੁੱਕਿਆ ਰਾਜ ਚਲਾਉਂਦੇ
ਚੁੱਪੀ ਉੱਤੇ ਸਿਆਸਤ ਹੁੰਦੀ
ਬੋਲਾਂ ਉੱਤੇ ਧਰਨੇ ਲਗਦੇ!
ਮੱਘਰ ਦੇ ਸੂਰਜ ਦੀ ਅੱਖ ‘ਚ
ਧਰਮ ਕਿਸੇ ਦੀ ਛਿਲਤਰ ਚੁਭ ਗਈ
ਦਿਨ ਚੜ੍ਹਿਆ ਅੱਜ ਕੱਚੀ ਨੀਂਦੇ
ਮੇਰੇ ਫਿੱਕੇ ਲੀੜੇ ਵਰਗਾ!
ਜਾਓ! ਓਸ ਸਿਆਸਤ ਤਾਈਂ
ਪਾਓ ਲਾਹਣਤ! ਗਾਲ਼ਾਂ ਕੱਢੋ!
ਜਿਸਨੇ ਮੇਰੇ ਬੁੱਢੇ ਪਿਓ ਦੇ
ਮੋਢੇ ਉੱਤੇ ਅਰਥੀ ਰੱਖੀ!
ਕੌਣ ਹੈ ਮੇਰੇ ਸੁਪਨੇ ਅੰਦਰ?
ਕਿਸਦਾ ਮੈਂਨੂੰ ਖ਼ਤ ਆਇਆ ਐ?
ਲਿਖਿਆ ਕਿਸ ਨੇ ਨਾਲ਼ ਲਹੂ ਦੇ?
ਕ਼ਤਲ ਮੇਰੇ ਦਾ ਅਲਟੀਮੇਟਮ!
#ਰਿੱਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly