ਮੇਦਿਕਾ (ਸਮਾਜ ਵੀਕਲੀ): ਰੂਸੀ ਹਮਲੇ ਦਰਮਿਆਨ ਜਦੋਂ ਲੱਖਾਂ ਲੋਕ ਯੂਕਰੇਨ ਛੱਡ ਰਹੇ ਹਨ ਤਾਂ ਕੁਝ ਯੂਕਰੇਨੀ ਮਰਦ ਅਤੇ ਔਰਤਾਂ ਯੂਰੋਪੀਅਨ ਮੁਲਕਾਂ ਤੋਂ ਵਤਨ ਪਰਤ ਰਹੇ ਹਨ ਤਾਂ ਜੋ ਆਪਣੀ ਮਾਤ-ਭੂਮੀ ਦੀ ਰੱਖਿਆ ਕੀਤੀ ਜਾ ਸਕੇ। ਪੋਲੈਂਡ ਦੇ ਦੱਖਣ-ਪੂਰਬ ’ਚ ਮੇਦਿਕਾ ਨਾਕੇ ’ਤੇ ਕਈ ਵਾਹਨ ਯੂਕਰੇਨ ’ਚ ਦਾਖ਼ਲ ਹੋਣ ਲਈ ਕਤਾਰ ’ਚ ਖੜ੍ਹੇ ਸਨ। ਯੂਕਰੇਨ ’ਚ ਦਾਖ਼ਲ ਹੋਣ ਲਈ ਨਾਕੇ ਵੱਲ ਜਾ ਰਹੇ 20 ਟਰੱਕ ਡਰਾਈਵਰਾਂ ਸਾਹਮਣੇ ਇਕ ਵਿਅਕਤੀ ਨੇ ਕਿਹਾ,‘‘ਸਾਨੂੰ ਆਪਣੀ ਮਾਤ-ਭੂਮੀ ਦੀ ਰੱਖਿਆ ਕਰਨੀ ਪਵੇਗੀ। ਜੇਕਰ ਅਸੀਂ ਰੱਖਿਆ ਨਹੀਂ ਕਰਾਂਗੇ ਤਾਂ ਹੋਰ ਕੌਣ ਅੱਗੇ ਆਵੇਗਾ।’’
ਗਰੁੱਪ ’ਚ ਸ਼ਾਮਲ ਇਕ ਹੋਰ ਵਿਅਕਤੀ ਨੇ ਕਿਹਾ,‘‘ਰੂਸੀਆਂ ਨੂੰ ਡਰਨਾ ਚਾਹੀਦਾ ਹੈ। ਸਾਨੂੰ ਕੋਈ ਡਰ ਨਹੀਂ ਹੈ।’’ ਇਨ੍ਹਾਂ ਵਿਅਕਤੀਆਂ ਨੇ ਪਰਿਵਾਰਾਂ ਦੀ ਸੁਰੱਖਿਆ ਕਾਰਨ ਆਪਣੇ ਨਾਮ ਅਤੇ ਪਤਿਆਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਲੀਜ਼ਾ ਨਾਮ ਦੀ ਮਹਿਲਾ ਨੇ ਕਿਹਾ,‘‘ਮੈਂ ਡਰੀ ਹੋਈ ਹਾਂ ਪਰ ਮੈਂ ਇਕ ਮਾਂ ਵੀ ਹਾਂ ਅਤੇ ਮੈਂ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਹਾਂ। ਅਜਿਹੇ ਮਾਹੌਲ ’ਚ ਤੁਸੀਂ ਕੀ ਕਰ ਸਕਦੇ ਹੋ? ਇਹ ਖ਼ੌਫਨਾਕ ਹੈ ਪਰ ਮੈਂ ਕੀ ਕਰ ਸਕਦੀ ਹਾਂ।’’ ਇਕ ਹੋਰ ਮਹਿਲਾ ਨੇ ਕਿਹਾ ਕਿ ਉਹ ਬੱਚਿਆਂ ਦਾ ਧਿਆਨ ਰੱਖਣ ਲਈ ਘਰ ਪਰਤ ਰਹੀ ਹੈ ਤਾਂ ਜੋ ਮਰਦ ਮੁਲਕ ਦੀ ਰਾਖੀ ਲਈ ਜਾ ਸਕਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly