(ਸਮਾਜ ਵੀਕਲੀ)

ਮਾਰ ਗੋਲੀ ਉਡਵਾਇਰ ਦੇ,
ਊਧਮ ਸਿੰਘ ਨਾ ਭੱਜਿਆ।
ਖੜ੍ਹ ਕੇ ਕੈਕਸਟਨ ਹਾਲ ਚ,
ਸ਼ੇਰਾਂ ਵਾਂਗੂੰ ਗੱਜਿਆ।
ਹਿੱਕ ਤਾਣ ਕੇ ਬੋਲਿਆ,
ਭੋਰਾ ਨਾ ਘਬਰਾਇਆ।।।
ਜਲ੍ਹਿਆਂ ਵਾਲੇ ਬਾਗ ਦਾ
ਅੱਜ ਗਿਆ ਕਰਜ਼ ਚੁਕਾਇਆ।
ਤੱਕ ਕੇ ਖੂਨੀ ਮੰਜ਼ਰ
ਗੋਰੇ ਕੰਬਣ ਲੱਗੇ,
ਇੱਕ ਦੂਜੇ ਤੋਂ ਅੱਖ
ਬਚਾ ਕੇ ਭੱਜਣ ਲੱਗੇ।
ਸੂਤੇ ਗਏ ਸਾਹ ਸਭ ਦੇ
ਕੋਈ ਬੋਲ ਨਾ ਪਾਇਆ।।।
ਜਲ੍ਹਿਆਂ ਵਾਲੇ……
ਨਿਹੱਥਿਆਂ ਦੇ ਖੂਨ ਨਾਲ
ਭਿੱਜੀ ਮਿੱਟੀ ਚੱਕੀ,
ਠਾਣੀ ਸੀ ਬਦਲਾ ਲੈਣ ਦੀ
ਗੱਲ ਦਿਲ ਵਿੱਚ ਪੱਕੀ।
ਮਸਾਂ ਮਸਾਂ ਹੀ ਬਿੱਲਿਆਂ
ਤੂੰ ਮੇਰੇ ਹੱਥ ਆਇਆ।।।
ਜਲ੍ਹਿਆਂ ਵਾਲੇ…..
ਗੋਲੀ ਖਾ ਕੇ ਮਾਈਕਲ ਸੀ
ਮੂੰਹ ਭਰਨੇ ਡਿੱਗਾ,
ਨਾਲ ਲਹੂ ਦੇ ਓਸਦਾ
ਸਾਰਾ ਪਿੰਡਾ ਭਿੱਜਾ।
ਇੱਕ ਵਾਰੀ ਐਸਾ ਡਿੱਗਿਆ
ਮੁੜ ਉੱਠ ਨਾ ਪਾਇਆ।।।
ਜਲ੍ਹਿਆਂ ਵਾਲੇ…..
ਨਿਰਦੋਸ਼ਾਂ ਨੂੰ ਮਾਰ ਕੇ
ਬਾਹਲੀਆਂ ਡੀਂਗਾਂ ਮਾਰੇ,
ਸੁਣ ਸੁਣ ਗੱਲਾਂ ਉਹਦੀਆ
ਗੋਰੇ ਹੁੱਬਣ ਸਾਰੇ।
ਖੂਨ ਦੀ ਖੇਡੀ ਹੋਲੀ ਦਾ
ਉਹਨਾਂ ਸ਼ੁਗਲ ਬਣਾਇਆ।।।
ਜਲ੍ਹਿਆਂ ਵਾਲੇ…..
ਬਾਰ ਬਾਰ ਨਾ ਜੰਮਦੇ
ਸੂਰੇ ਤੇ ਬਲਿਦਾਨੀ,
“ਰਾਏਪੁਰੀਆ ਜਗਦੀਸ਼”
ਰਹੇਗਾ ਉਹਦਾ ਸਾਨੀ।
ਧੰਨ ਉਹ ਮਾਤਾ ਜਨਨੀ
ਜਿਹਨੇ ਸ਼ੇਰ ਨੂੰ ਜਾਇਆ।।।
ਕਹਿੰਦਾ ਜਲ੍ਹਿਆਂ ਵਾਲੇ ਬਾਗ਼ ਦਾ ਅੱਜ ਗਿਆ ਕਰਜ਼ ਚੁਕਾਇਆ।
ਮਾ. ਜਗਦੀਸ਼ ਰਾਏਪੁਰ ਡੱਬਾ।
ਫੋਨ ਨੰ: 9417434038



