ਦੋ ਮਿੰਨੀ ਕਹਾਣੀਆਂ

ਬਰਜਿੰਦਰ ਕੌਰ ਬਿਸਰਾਓ
ਲੁੱਟ ਖੋਹ
 ਹਰਮਨ ਸਕੂਲੇ ਪੜ੍ਹਦਾ ਪੜ੍ਹਦਾ ਹੀ ਬੁਰੀ ਸੰਗਤ ਵਿੱਚ ਪੈ ਗਿਆ ਸੀ। ਉਸ ਦੀ ਉੱਠਣੀ ਬੈਠਣੀ ਮਾੜੇ ਮੁੰਡਿਆਂ ਨਾਲ਼ ਹੀ ਸੀ। ਉਹਨਾਂ ਦੀ ਸੰਗਤ ਵਿੱਚ ਉਹ ਨਸ਼ੇ ਕਰਨ ਲੱਗ ਪਿਆ ਸੀ। ਪਹਿਲਾਂ ਪਹਿਲ ਸ਼ੌਕ ਸ਼ੌਕ ਵਿੱਚ ਸਵਾਦ ਦੇਖਦਾ ਦੇਖਦਾ ਚਹੁੰ ਕੁ ਸਾਲਾਂ ਵਿੱਚ ਹੀ ਚੰਗਾ ਮੋਟਾ ਨਸ਼ਾ ਕਰਨ ਲੱਗ ਪਿਆ ਸੀ। ਪਹਿਲਾਂ ਪਹਿਲ ਤਾਂ ਮਾਪਿਆਂ ਨੂੰ ਪਤਾ ਨਹੀਂ ਸੀ,ਜਦ ਤੱਕ ਪਤਾ ਲੱਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਉਸ ਤੋਂ ਬਾਅਦ ਤਾਂ ਮਾਪਿਆਂ ਨੇ ਉਸ ਦਾ ਨਸ਼ਾ ਛੁਡਵਾਉਣ ਲਈ ਪਤਾ ਨਹੀਂ ਕਿੰਨੇ ਕੁ ਹੱਥਕੰਡੇ ਅਪਣਾਏ ਪਰ ਸਭ ਵਿਅਰਥ ਰਿਹਾ। ਅਗਾਂਹ ਤਾਂ ਉਸ ਨੇ ਕੀ ਪੜ੍ਹਨਾ ਸੀ ਬਾਰ੍ਹਵੀਂ ਮਸਾਂ ਨਕਲ ਮਾਰ ਕੇ ਪਾਸ ਕੀਤੀ ਸੀ। ਮਾਪਿਆਂ ਨੇ ਤਾਂ ਉਸ ਨੂੰ ਕਾਲਜ ਲਾਇਆ ਸੀ ,ਦੋ ਤਿੰਨ ਸਾਲ ਧੱਕੇ ਖਾ ਕੇ ਹਟ ਗਿਆ ਸੀ। ਵੱਡੀ ਭੈਣ ਵੀ ਨੇੜਲੇ ਪਿੰਡ ਵਿਆਹੀ ਗਈ ਸੀ। ਉਹ ਵੀ ਉਸ ਨੂੰ ਬਹੁਤ ਸਮਝਾਉਂਦੀ ਸੀ ਪਰ ਹਰਮਨ ਹੁਣ ਕਿਸੇ ਦੀ ਵੀ ਨਹੀਂ ਸੁਣਦਾ ਸੀ।
             ਹਰਮਨ ਦੇ ਪਿਤਾ ਕੋਲ ਚਾਹੇ ਥੋੜ੍ਹੀ ਜ਼ਮੀਨ ਸੀ,ਪਰ ਪਹਿਲਾਂ ਗੁਜ਼ਾਰਾ ਬਹੁਤ ਸੋਹਣਾ ਹੁੰਦਾ ਸੀ । ਹੌਲੀ ਹੌਲੀ ਹਰਮਨ ਦੀ ਦਿਨ ਬ ਦਿਨ ਵਧਦੀ ਨਸ਼ੇ ਦੀ ਲਲਕ ਨੇ ਘਰ ਅਤੇ ਮਾਪੇ ਜਮ੍ਹਾਂ ਰੋਲ਼ ਕੇ ਰੱਖ ਦਿੱਤੇ ਸਨ। ਮਾਪਿਆਂ ਨੇ ਉਸ ਦਾ ਖ਼ਰਚਾ ਪਾਣੀ ਬੰਦ ਕਰ ਦਿੱਤਾ।ਉਹ ਸੋਚਦੇ ਸਨ ਕਿ ਜਦ ਉਹ ਪੈਸੇ ਨਹੀਂ ਦੇਣਗੇ ਤਾਂ ਨਸ਼ੇ ਕਿੱਥੋਂ ਖ਼ਰੀਦੇਗਾ? ਪਰ ਜਿਸ ਨੂੰ ਇਹ ਕੋਹੜ ਲੱਗ ਜਾਵੇ ਉਹ ਕਿਵੇਂ ਦੂਰ ਹੋ ਸਕਦਾ ਹੈ।
               ਆਪਣੇ ਨਸ਼ਿਆਂ ਦੀ ਪੂਰਤੀ ਲਈ ਉਹ ਆਪਣੇ ਨਸ਼ੇੜੀ ਦੋਸਤਾਂ ਨਾਲ ਪਹਿਲਾਂ ਨਿੱਕੀਆਂ ਮੋਟੀਆਂ ਚੋਰੀਆਂ ਕਰਨ ਲੱਗ ਪਿਆ। ਕਿਸੇ ਦੇ ਖੇਤਾਂ ਵਿੱਚੋਂ ਮੋਟਰ ਲਾਹ ਕੇ ਜਾਂ ਕੋਈ ਹੋਰ ਛੋਟਾ ਮੋਟਾ ਸਮਾਨ ਚੁੱਕ ਕੇ ਵੇਚ ਦੇਣਾ। ਪਰ ਹੁਣ ਸੁਣਨ ਵਿੱਚ ਆਇਆ ਸੀ ਕਿ ਉਹ ਦਾਅ ਲੱਗਦੇ ਲੁੱਟਾਂ ਖੋਹਾਂ ਕਰਨ ਲੱਗ ਪਿਆ ਸੀ। ਸੁੰਨਿਆਂ ਰਾਹਾਂ ਤੇ ਕਿਸੇ ਇਕੱਲੇ ਰਾਹੀ ਦਾ ਬਟੂਆ ਖੋਹ ਲੈਣਾ, ਕਿਸੇ ਦੇ ਸੋਨੇ ਦੇ ਗਹਿਣੇ ਜਿਵੇਂ ਛਾਪਾਂ ਛੱਲੇ ਪਾਏ ਹੋਏ ਲੋਕਾਂ ਦੇ ਲਹਾ ਲੈਣੇ, ਕਿਸੇ ਦੀ ਚੈਨ ਖਿੱਚ ਲੈਣੀ। ਹੁਣ ਇਹਨਾਂ ਅੱਠ ਦਸ ਨਸ਼ੇੜੀਆਂ ਦਾ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਇੱਕ ਵੱਡਾ ਗਰੁੱਪ ਬਣਾ ਗਿਆ ਸੀ। ਇੱਕ ਹਨੇਰੀ ਸ਼ਾਮ ਨੂੰ ਹਰਮਨ ਦੇ ਸਾਰੇ ਨਸ਼ੇੜੀ ਦੋਸਤ ਸੜਕ ਦੇ ਕਿਨਾਰੇ ਝਾੜੀਆਂ ਵਿੱਚ ਲੁੱਟ ਖੋਹ ਕਰਨ ਲਈ ਘਾਤ ਲਗਾ ਕੇ ਬੈਠੇ ਸਨ। ਸ਼ਹਿਰ ਵੱਲੋਂ ਇੱਕ ਪਤੀ – ਪਤਨੀ ਦਾ ਜੋੜਾ ਆ ਰਿਹਾ ਸੀ। ਇਹਨਾਂ ਸਾਰਿਆਂ ਦੇ ਮੂੰਹ ਢਕੇ ਹੋਏ ਸਨ। ਉਹਨਾਂ ਵਿੱਚੋਂ ਚਾਰ ਪੰਜ ਜਾਣੇ ਉਸ ਜੋੜੇ ਵਿੱਚੋਂ ਪਤਨੀ ਨੂੰ ਖਿੱਚ ਕੇ ਖੇਤਾਂ ਵਿੱਚ ਲੈ ਗਏ ਉਸ ਦੇ ਗਹਿਣੇ ਉਤਰਵਾ ਲਏ ਤੇ ਉਸ ਦੇ ਵਿਰੋਧ ਕਰਨ ਤੇ ਉਸ ਨਾਲ ਜ਼ਬਰ ਜ਼ਿਨਾਹ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ।ਪਤੀ ਦੇ ਵੀ ਬਟੂਆ ਖੋਹ ਕੇ ਤੇ ਛਾਪ ਤੇ ਕੜਾ ਲਾਹ ਕੇ ਉਸਨੂੰ ਅੱਧਮਰੀ ਹਾਲਤ ਵਿੱਚ ਸੁੱਟ ਗਏ। ਹਰਮਨ ਅਤੇ ਉਸ ਦੇ ਕੁਝ ਸਾਥੀ ਦੂਜੇ ਪਾਸੇ ਵਾਰਦਾਤਾਂ ਕਰਨ ਗਏ ਹੋਏ ਸਨ।
                     ਅੱਧੀ ਰਾਤ ਨੂੰ ਸਾਰੇ ਨਸ਼ੇੜੀ ਇਕੱਠੇ ਹੋਏ ਤੇ ਬਹੁਤ ਖੁਸ਼ ਸਨ ਕਿਉਂਕਿ ਅੱਜ ਉਸ ਜੋੜੇ ਕੋਲੋਂ ਵੀਹ ਪੱਚੀ ਹਜ਼ਾਰ ਨਕਦੀ ਤੇ ਕਾਫ਼ੀ ਸਾਰੇ ਗਹਿਣੇ ਹੱਥ ਲੱਗ ਗਏ ਸਨ। ਸਾਰਿਆਂ ਨੇ ਰਲ਼ ਕੇ ਜਸ਼ਨ ਮਨਾਇਆ ਤੇ ਰੱਜ ਕੇ ਨਸ਼ਾ ਕੀਤਾ। ਜਦ ਅਗਲੀ ਦੁਪਹਿਰ ਤੱਕ ਨਸ਼ਾ ਉਤਰਿਆ ਤਾਂ ਹਰਮਨ ਦੇ ਘਰੋਂ ਬਹੁਤ ਸਾਰੇ ਫੋਨ ਆਏ ਹੋਏ ਸਨ। ਉਹ ਦੇਖ਼ ਕੇ ਹੈਰਾਨ ਸੀ ਕਿ ਉਸ ਦੇ ਘਰਦਿਆਂ ਨੇ ਤਾਂ ਉਸ ਦਾ ਖਹਿੜਾ ਹੀ ਛੱਡਿਆ ਹੋਇਆ ਹੈ ਫਿਰ ਅਚਾਨਕ ਘਰੋਂ ਐਨੇ ਫੋਨ ਕਿਵੇਂ ਆ ਗਏ ਸਨ। ਉਸ ਨੇ ਮਾਂ ਨੂੰ ਫ਼ੋਨ ਲਾਇਆ ਤਾਂ ਪਿੱਛੋਂ ਰੋਣ ਕਰਲਾਉਣ ਦੀਆਂ ਅਵਾਜ਼ਾਂ ਆ ਰਹੀਆਂ ਸਨ, ਫੋਨ ਗੁਆਂਢਣ ਨੇ ਚੁੱਕਿਆ ਤੇ ਕਿਹਾ,”ਹਰਮਨ ਪੁੱਤ, ਤੁਹਾਡੇ ਨਾਲ ਤਾਂ ਕਹਿਰ ਹੋ ਗਿਆ….. ਰਾਤ ਤੇਰੀ ਭੈਣ ਤੇ ਭਣੋਈਏ ਨਾਲ ਲੁੱਟ ਖੋਹ ਦੀ ਵਾਰਦਾਤ ਹੋ ਗਈ……. ਤੇਰੀ ਭੈਣ ਦੀ ਇੱਜ਼ਤ ਲੁੱਟ ਕੇ ……..ਜ਼ਾਲਮ… ਓਹਦਾ ਕਤਲ ਕਰ ਗਏ………ਜਵਾਈ ਦਾ ਵੀ…….. ਕੋਈ ਪਤਾ ਨੀ ਬਚੂ ਕਿ ਨਹੀਂ।” ਉਹ ਸੁੰਨ ਹੋਇਆ ਖੜ੍ਹਾ ਖੜ੍ਹਾ ਉੱਥੇ ਹੀ ਜ਼ਮੀਨ ਉੱਤੇ ਡਿੱਗ ਪਿਆ।
ਬਦਲਾਅ 
         ਮੈਂ ਕਿਤੇ ਕੰਮ ਜਾ ਰਹੀ ਸੀ ਕਿ ਰਸਤੇ ਵਿੱਚ ਸੜਕ ਉੱਤੇ ਧਰਨਾ ਲੱਗਿਆ ਹੋਇਆ ਸੀ। ਕੁਝ ਨੌਜਵਾਨ ਗੱਡੀਆਂ ਨੂੰ ਪਿੱਛੇ ਹੀ ਰੋਕ ਕੇ ਕਹਿ ਰਹੇ ਸਨ ਕਿ ਅੱਗੇ ਧਰਨੇ ਕਰਕੇ ਸੜਕ ਬੰਦ ਹੈ। ਇਸ ਲਈ ਉਹ ਲੋਕਾਂ ਨੂੰ ਕੱਚਾ ਰਸਤਾ ਵਿਖਾ ਕੇ ਉਧਰੋਂ ਦੀ ਜਾਣ ਲਈ ਆਖ ਰਹੇ ਸਨ ਤਾਂ ਕਿ ਉਹਨਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। ਮੈਂ ਉੱਤਰ ਕੇ ਨੌਜਵਾਨਾਂ ਨੂੰ ਪੁੱਛਿਆ,” ਬੇਟਾ! ਤੁਸੀਂ ਇਹ ਧਰਨਾ ਕਿਉਂ ਲਗਾਇਆ ਹੈ…? “
ਉਹਨਾਂ ਨੇ ਉੱਤਰ ਦਿੱਤਾ,” ਜੀ… ਅਸੀਂ…. ਕੁਛ ਪਿੰਡਾਂ ਦੇ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਹੈ…. ਨਸ਼ਿਆਂ ਦੇ ਵਪਾਰੀਆਂ ਅਤੇ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਇਹ ਧਰਨਾ ਲਗਾਇਆ ਹੈ….!” ਮੈਂ ਨੌਜਵਾਨਾਂ ਦੇ ਮੂੰਹੋਂ ਇਹ ਸਭ ਸੁਣ ਕੇ ਗਦ ਗਦ ਹੋ ਉੱਠੀ ਤੇ ਸੋਚਿਆ ਕਿ ਅਗਰ ਸਾਡੀ ਨੌਜਵਾਨ ਪੀੜ੍ਹੀ ਹੀ ਜਾਗਰੂਕ ਹੋ ਗਈ ਹੈ ਤਾਂ ਲੋਕਾਂ ਦੀ ਸੋਚ ਵਿੱਚ ਬਦਲਾਅ ਜ਼ਰੂਰ ਆਵੇਗਾ।
         ਮੈਂ ਜਿਵੇਂ ਹੀ ਗੱਡੀ ਕੱਚੇ ਵੱਲ ਨੂੰ ਮੋੜੀ ਤਾਂ ਝਾੜੀਆਂ ਓਹਲੇ ਖੜ੍ਹੇ ਦੋ ਨੌਜਵਾਨ ਜਰਦਾ ਲਾ ਰਹੇ ਸਨ ਤੇ ਆਪਣੇ ਸਾਥੀਆਂ ਨੂੰ ਫ਼ੋਨ ਕਰਕੇ ਆਖ ਰਹੇ ਸਨ,”….. ਯਾਰ…. ਧਰਨੇ ਤੇ ਬੈਠਿਆਂ ਦੀ ਸਵੇਰ ਦੀ ਪਿੱਠ ਆਕੜੀ ਪਈ ਸੀ…. ਹੁਣ ਤਾਂ ਮੀਡੀਆ ਵਾਲੇ ਫੋਟੋਆਂ ਖਿੱਚ ਕੇ ਚਲੇ ਗਏ ਨੇ….. ਹੁਣ ਆਪਾਂ ਵਿਹਲੇ ਈ ਆਂ…..ਅਸੀਂ ਏਧਰ ਮਾਲ ਪਾਣੀ ਦਾ ਇੰਤਜ਼ਾਮ ਕਰਨ ਆਏ ਸੀ…. ਤੁਸੀਂ ਵੀ ਦੋ ਦੋ ਜਾਣੇ ਬਦਲ ਬਦਲ ਕੇ ਆਈ ਜਾਓ… ਐਥੇ ਮਾਲ ਪਾਣੀ ਵਾਧੂ ਆ….!”
ਇਹ ਸਭ ਸੁਣ ਕੇ ਮੈਂ ਸੁੰਨ ਜਿਹੀ ਹੋ ਗਈ ਸੀ ਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਹੋ ਜਿਹਾ ਬਦਲਾਅ ਹੋ ਰਿਹਾ ਹੈ।
ਬਰਜਿੰਦਰ ਕੌਰ ਬਿਸਰਾਓ…
99889-01324
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਤੇ ਡਿਜੀਟਲ ਮੀਡੀਏ ਦਾ ਕੀਤਾ ਧੰਨਵਾਦ
Next article” ਮਾਂ ਬੋਲੀ ਪੰਜਾਬੀ ਦਾ ਹੀਰਾ.”ਵੀਰ ਰਮੇਸ਼ਵਰ ਸਿੰਘ