ਸੜਕ ਹਾਦਸਿਆਂ ਵਿੱਚ ਦੋ ਹਲਾਕ, ਔਰਤਾਂ ਸਣੇ 7 ਜ਼ਖ਼ਮੀ

ਫ਼ਿਰੋਜ਼ਪੁਰ, (ਸਮਾਜ ਵੀਕਲੀ) : ਇੱਥੇ ਜ਼ੀਰਾ ਰੋਡ ’ਤੇ ਸਥਿਤ ਪਿੰਡ ਸਾਂਦੇ ਹਾਸ਼ਮ ਦੇ ਬੱਸ ਸਟੈਂਡ ਨੇੜੇ ਇੱਕ ਟਰੱਕ ਅਤੇ ਟਾਟਾ ਏਸ ਗੱਡੀ (ਛੋਟੇ ਹਾਥੀ) ਦੀ ਟੱਕਰ ਦਰਮਿਆਨ ਟਾਟਾ ਏਸ ਚਾਲਕ ਦੀ ਮੌਤ ਹੋ ਗਈ, ਜਦ ਕਿ ਉਸ ਦਾ ਭਰਾ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਿਕ ਬਲਵੀਰ ਸਿੰਘ (25) ਤੇ ਉਸ ਦੇ ਚਾਚੇ ਦਾ ਲੜਕਾ ਗੁਰਪ੍ਰੀਤ ਸਿੰਘ ਵਾਸੀ ਹਰੀ ਕੇ ਕੁੱਲੂ (ਹਿਮਾਚਲ ਪ੍ਰਦੇਸ਼) ਤੋਂ ਆਪਣੇ ਛੋਟੇ ਹਾਥੀ ਵਿਚ ਆਲੂ ਬੁਖਾਰੇ ਦੀਆਂ ਪੇਟੀਆਂ ਭਰ ਕੇ ਫ਼ਾਜ਼ਿਲਕਾ ਜਾ ਰਹੇ ਸਨ। ਜਦੋਂ ਉਹ ਸਾਂਦੇ ਹਾਸ਼ਮ ਦੇ ਬੱਸ ਸਟੈਂਡ ਤੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਬਲਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਗੁਰਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿਚ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਟਰੱਕ ਡਰਾਇਵਰ ਫ਼ਰਾਰ ਹੋ ਗਿਆ। ਥਾਣਾ ਕੁਲਗੜ੍ਹੀ ਪੁਲੀਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਡੱਬਵਾਲੀ  (ਸਮਾਜ ਵੀਕਲੀ): ਪਿੰਡ ਸ਼ੇਰਗੜ੍ਹ ਨੇੜੇ ਸੰਗਰੀਆ ਰੋਡ ‘ਤੇ ਦੇਰ ਰਾਤ ਰਿਟਜ਼ ਕਾਰ ਅਤੇ ਹਾਈਡ੍ਰੇਅ ਵਿਚਕਾਰ ਟੱਕਰ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਵਾਸੀ ਨਵਾਂ ਰਾਜਪੁਰਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ ਸਾਢੇ 9 ਵਜੇ ਚੌਟਾਲਾ ਰੋਡ ‘ਤੇ ਹਾਦਸਾ ਹੋਇਆ। ਘਟਨਾ ਉਪਰੰਤ ਕਾਫ਼ੀ ਲੋਕ ਮੌਕੇ ‘ਤੇ ਪੁੱਜ ਗਏ। ਕਾਰ ਸਵਾਰ ਨੂੰ ਜ਼ਖ਼ਮੀ ਹਾਲਤ ‘ਚ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਗੋਨਿਆਣਾ ਮੰਡੀ (ਸਮਾਜ ਵੀਕਲੀ) : ਕੌਮੀ ਮਾਰਗ ਬਠਿੰਡਾ-ਅੰਮ੍ਰਿਤਸਰ ‘ਤੇ ਪੈਂਦੇ ਪਿੰਡ ਗੋਨਿਆਣਾ ਕਲਾਂ ਨੇੜੇ ਦੋ ਟਰੱਕਾਂ ਦਰਮਿਆਨ ਹੋਈ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਤਿੰਨ ਮੋਟਰਸਾਈਕਲ ’ਤੇ ਸਵਾਰ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪੀੜਤਾਂ ਨੂੰ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਦੇ ਵਾਲੰਟੀਅਰਾਂ ਨੇ ਗੋਨਿਆਣਾ ਮੰਡੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ। ਸਥਾਨਕ ਲੋਕਾਂ ਅਨੁਸਾਰ ਹਾਦਸੇ ਵਿੱਚ ਔਰਤਾਂ ਸਣੇ ਛੇ ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਬਿੰਦਰ ਕੌਰ (50), ਰਾਵੀ (40), ਮਨਵੀਰ ਸਿੰਘ (48) ਤੇ ਗੁੱਡੀ ਕੌਰ (50) ਸਾਰੇ ਵਾਸੀ ਅਲੀਕਾ ਜ਼ਿਲ੍ਹਾ ਡੱਬਵਾਲੀ ਵਜੋਂ ਹੋਈ ਹੈ। ਅਵਤਾਰ ਸਿੰਘ (20) ਵਾਸੀ ਬਲਹਾੜ ਮਹਿਮਾ ਅਤੇ ਮਨਵੀਰ ਸਿੰਘ (49) ਦੀ ਪਛਾਣ ਵਾਸੀ ਅੰਬਾਲਾ ਵਜੋਂ ਹੋਈ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਨਾਲਾ: ਪਾਵਰਕੌਮ ਪੈਨਸ਼ਨਰਾਂ ਨੇ ਵਿਕਾਸ ਟੈਕਸ ਖ਼ਿਲਾਫ਼ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਅਰਥੀ ਸਾੜੀ
Next articleਗੋਲੀਆਂ ਮਾਰ ਕੇ ਮਕਾਨ ਮਾਲਕ ਦੀ ਹੱਤਿਆ ਕਰਨ ਵਾਲੇ ਦੋ ਕਿਰਾਏਦਾਰ ਕਾਬੂ