ਸ੍ਰੀਨਗਰ (ਸਮਾਜ ਵੀਕਲੀ): ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦਹਿਸ਼ਤਗਰਦ ਗੁੱਟ ਹਿਜ਼ਬੁਲ ਮੁਜਾਹਿਦੀਨ ਦੇ ਦੋ ਦਹਿਸ਼ਤਗਰਦ ਮਾਰੇ ਗਏ ਹਨ। ਇਹ ਦੋਵੇਂ ਦਹਿਸ਼ਤਗਰਦ ਕਈ ਲੋਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਦਸਤੇ ਨਾਲ ਸਬੰਧਤ ਸਨ।
ਅਧਿਕਾਰੀਆਂ ਨੇ ਅੱਜ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਬਟਾਲੀਅਨ ਨੇ ਆਵੰਤੀਪੋਰਾ ਦੇ ਐੱਸਐੱਸਪੀ ਤੋਂ ਪੰਪੋਰ ਅਧੀਨ ਪੈਂਦੇ ਖੇਰੂ ਇਲਾਕੇ ’ਚ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਹ ਮਿਲਣ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸੇ ਦੌਰਾਨ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੇ ਜਾਣ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਦੌਰਾਨ ਦੋ ਦਹਿਸ਼ਤਗਰਦ ਹਲਾਕ ਹੋ ਗਏ। ਬਟਾਲੀਅਨ ਵੱੱਲੋਂ ਇਹ ਤਲਾਸ਼ੀ ਮੁਹਿੰਮ ਸ਼ੁੱਕਰਵਾਰ ਤੜਕੇ 1 ਵਜੇ ਸ਼ੁਰੂ ਕੀਤੀ ਗਈ ਸੀ। ਇਸ ਮਗਰੋਂ ਦਹਿਸ਼ਤਗਰਦ ਇੱਕ ਘਰ ਵਿੱਚ ਲੁਕ ਗਏ, ਜਿਸ ਨੂੰ ਸੁਰੱਖਿਆ ਬਲਾਂ ਨੇ ਘੇਰਾ ਪਾ ਲਿਆ। ਉਨ੍ਹਾਂ ਦੱਸਿਆ ਕਿ ਦਹਿਸ਼ਤਗਰਦਾਂ ਨੂੰ ਹਥਿਆਰ ਸੁੱਟਣ ਲਈ ਵੀ ਆਖਿਆ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਾਰੀ ਰਾਤ ਮੁਕਾਬਲਾ ਚੱਲਦਾ ਰਿਹਾ।
ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਪਗ 6.30 ਵਜੇ ਇੱਕ ਦਹਿਸ਼ਤਗਰਦ ਨੇ ਘਰ ਅੰਦਰੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਉਸ ਨੂੰ ਹਲਾਕ ਕਰ ਦਿੱਤਾ। ਦੂਜੇ ਦਹਿਸ਼ਤਗਰਦ ਨੇ ਘਰ ਅੰਦਰੋਂ ਗੋਲੀਬਾਰੀ ਜਾਰੀ ਅਤੇ ਸਵੇਰੇ 9.15 ਵਜੇ ਸੁਰੱਖਿਆ ਬਲਾਂ ਨੇ ਉਸ ਨੂੰ ਵੀ ਮਾਰ ਮੁਕਾਇਆ।
ਕਸ਼ਮੀਰ ਜ਼ੋਨ ਪੁਲੀਸ ਨੇ ਆਪਣੇ ਟਵਿੱਟਰ ਹੈਂਡਰ ’ਤੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਵਿੱਚੋਂ ਇੱਕ ਦੀ ਪਛਾਣ ਖੇਰੂ ਦੇ ਮੁਸਾਇਬ ਮੁਸ਼ਤਾਕ ਭੱਟ ਵਜੋਂ ਹੋਈ ਹੈ। ਉਹ ਲੁਰਗਾਮ ’ਚ ਜਾਵੇਦ ਅਹਿਮਦ ਮਲਿਕ ਦੀ ਹੱਤਿਆ ’ਚ ਸ਼ਾਮਲ ਸੀ। ਉਹ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਦਸਤੇ ਦਾ ਮੈਂਬਰ ਸੀ, ਜੋ ਦੱਖਣੀ ਕਸ਼ਮੀਰ ’ਚ ਕਈ ਲੋਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਹੈ। ਦੂਜੇ ਦਹਿਸ਼ਤਗਰਦ ਦੀ ਪਛਾਣ ਮੁੱਜਸਲ ਅਹਿਮਦ ਰਾਥੇਰ ਵਾਸੀ ਚਕੂਰਾ ਵਜੋਂ ਹੋਈ ਹੈ। ਅਧਿਕਾਰੀਆਂ ਮੁਤਾਬਕ ਮੁਕਾਬਲੇ ਵਾਲੀ ਥਾਂ ਤੋਂ ਇੱਕ ਏਕੇ-47, ਇੱਕ ਪਿਸਤੌਲ ਅਤੇ ਗੋਲੀਸਿੱਕੇ ਤੋਂ ਇਲਾਵਾ ਇਤਰਾਜ਼ਯੋਗ ਦਸਤਾਵੇਜ਼ ਵੀ ਬਰਾਮਦ ਹੋਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly