ਬਟਵਾਰੇ ਦੇ ਦਰਦ ਨੂੰ ਮਹਿਸੂਸ ਕਰਦਿਆਂ ਲਿਖੀ ਇਕ ਕਾਫ਼ੀਆ ਗ਼ਜ਼ਲ।ਇਹ ਗ਼ਜ਼ਲ ਮੇਰੇ ਗ਼ਜ਼ਲ ਸੰਗ੍ਰਹਿ ‘ਅਧਖਿੜੇ ਗੁਲਾਬ’ ਵਿੱਚ ਸ਼ਾਮਲ ਹੈ।

ਜਗਦੀਸ਼ ਰਾਣਾ
(ਸਮਾਜ ਵੀਕਲੀ)
ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ।
ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ।
ਕਹਿਣ ਨੂੰ ਆਜ਼ਾਦ ਹੋਏ ਗੋਰਿਆਂ ਤੋਂ ਸੀ ਮਗਰ,
ਏਦਾਂ ਦੀ ਆਜ਼ਾਦੀ ਨਾਲੋਂ ਕੀ ਸੀ ਥੁੜ੍ਹਿਆ ਰਹਿ ਗਿਆ?
ਹੁਣ ਵੀ ਅੱਖੀਆਂ ਲੱਭਦੀਆਂ ਨੇ ਇਸ ਜਲੰਧਰ ਸ਼ਹਿਰ ‘ਚੋਂ,
ਜੋ ਪਰਾਏ ਮੁਲਕ ਵਿੱਚ ਸੀ ਸ਼ਹਿਰ ਸਾਡਾ ਰਹਿ ਗਿਆ।
ਪਿੰਡ ਅਪਣੇ ਜਾਣ ਦਾ ਫਿਰ ਮੁੜ ਸਬਬ ਬਣਿਆ ਨਹੀਂ,
ਚੇਤਿਆਂ ਵਿਚ ਪਿੰਡ ਹੁਣ ਉਹ ਯਾਦ ਬਣ ਕੇ ਰਹਿ ਗਿਆ।
ਮੋਢਿਆਂ ਤੇ ਲਾਸ਼ ਅਪਣੀ,ਚੁੱਕ ਕੇ ਸਭ ਤੁਰ ਪਏ,
ਹਿਜਰਤਾਂ ਦਾ ਦੁੱਖ ਡਾਹਢਾ,ਹੋਰ ਕੀ ਹੁਣ ਰਹਿ ਗਿਆ।
ਹੁਣ ਅਸੀਂ ਜੇ ਸੋਚੀਏ ,ਪਾਇਆ ਗੁਆਇਆ ਕੀ ਅਸੀਂ,
ਪਿਆਰ ਸਦੀਆਂ ਦਾ ਅਸਾਡਾ, ਨਫ਼ਰਤਾਂ ਬਣ ਰਹਿ ਗਿਆ।
ਧਰਮੀਆਂ ਤੇ ਮਜ਼ਬੀਆਂ ਨੇ ਸਾਜਿਸ਼ਾਂ ਇਹ ਕੀਤੀਆਂ,
ਮਾਨਵੀ ਕਦਰਾਂ ਦਾ ਹੈ ਹੁਣ, ਘਾਣ ਹੋ ਕੇ ਰਹਿ ਗਿਆ।
ਸੁਪਨਿਆਂ ਵਿੱਚ ਰੋਜ਼ ਮੇਰੇ ਪਿੰਡ ਮੇਰਾ ਆਂਵਦਾ,
ਰੋਲ਼ਿਆਂ ਵੇਲ਼ੇ ਸੀ ਜਿਹੜਾ ਪਿੰਡ ਓਧਰ ਰਹਿ ਗਿਆ।
ਸੀ ਹਵਾ ਕੈਸੀ ਵਗੀ, ਕੋਈ ਨਾ ਅਪਣਾ ਹੀ ਰਿਹੈ,
ਦੇਸ ਹੀ ਪਰਦੇਸ ਹੋਇਆ, ਦੇਸ ਕਿੱਥੇ ਰਹਿ ਗਿਆ.?
ਇਹ ਸੰਤਾਲ਼ੀ ਦਾ ਉਜਾੜਾ, ਭੁੱਲਣਾ ਹੈ ਨਾ ਕਦੇ,
ਮੂੰਹ ਤੇ ਮਾਨਵਤਾ ਦੇ ਜੋ, ਇਲਜ਼ਾਮ ਹੋ ਕੇ ਰਹਿ ਗਿਆ।
ਜਗਦੀਸ਼ ਰਾਣਾ 
ਸੰਪਰਕ -7986207849

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਪ੍ਰਾਇਮਰੀ ਸਕੂਲ ਖਾਰਾ-1 ਵਿਖੇ ਹੋਈ ਨੈਤਿਕ ਪ੍ਰੀਖਿਆ 
Next article“ਸੱਸੇ” ਅੱਖ਼ਰ ਤੇ “ਸੱਸੇ” ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦਾ ਸੁਹੱਪਣ!