ਪੰਜਾਬ ਤੇ ਯੂਪੀ ਵਿੱਚ ਦੋ ਦਰਜਨ ਆਗੂਆਂ ਨੂੰ ਮਿਲੀ ਵੀਆਈਪੀ ਸੁਰੱਖਿਆ

 

  • ਸੁਰੱਖਿਆ ਦਾ ਜ਼ਿੰਮਾ ਨੀਮ ਫੌਜੀ ਬਲਾਂ ਨੂੰ ਸੌਂਪਿਆ
  • ਪੰਜਾਬ ਤੋਂ ਪਰਮਿੰਦਰ ਢੀਂਡਸਾ, ਅਵਤਾਰ ਸਿੰਘ ਜ਼ੀਰਾ ਤੇ ਸੁਖਵਿੰਦਰ ਸਿੰਘ ਬਿੰਦਰਾ ਨੂੰ ਮਿਲੀ ਸੁਰੱਖਿਆ ਛਤਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰ ਸਰਕਾਰ ਨੇ ਚੋਣਾਂ ਵਾਲੇ ਦੋ ਰਾਜਾਂ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਦੋ ਦਰਜਨ ਭਾਜਪਾ ਆਗੂਆਂ ਨੂੰ ਹਥਿਆਰਬੰਦ ਨੀਮ ਫ਼ੌਜੀ ਕਮਾਂਡੋਜ਼ ਦੇ ਰੂਪ ਵਿੱਚ ਕੇਂਦਰੀ ਵੀਆਈਪੀ ਸੁਰੱਖਿਆ ਦਿੱਤੀ ਹੈ। ਇਨ੍ਹਾਂ ਵਿੱਚ ਕੇਂਦਰੀ ਮੰਤਰੀ ਐੱਸ.ਪੀ.ਐੱਸ.ਬਘੇਲ ਨੂੰ ਦਿੱਤੀ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਵੀ ਸ਼ਾਮਲ ਹੈ।

ਭਾਜਪਾ ਨੇ ਬਘੇਲ ਨੂੰ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਖ਼ਿਲਾਫ਼ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਪੰਜਾਬ ਤੋਂ ਸੁਖਵਿੰਦਰ ਸਿੰਘ ਬਿੰਦਰਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਤੇ ਪਾਰਟੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਤੇ ਅਵਤਾਰ ਸਿੰਘ ਜ਼ੀਰਾ ਨੂੰ ‘ਵਾਈ’ ਤੇ ‘ਵਾਈ+’ ਦਾ ਸੁਰੱਖਿਆ ਕਵਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਵਧਾਉਣ ਜਾਂ ਘਟਾਉਣ ਬਾਰੇ ਫੈਸਲੇ ’ਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਮਗਰੋਂ ਨਜ਼ਰਸਾਨੀ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ ਕੁਝ ਆਗੂਆਂ ਕੋਲ ਸੂਬਾਈ ਪੁਲੀਸ ਵੱਲੋਂ ਦਿੱਤੀ ਸੁਰੱਖਿਆ ਵੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਜਪਾ ਆਗੂਆਂ ਦੀ ਸੁਰੱਖਿਆ ਦਾ ਜ਼ਿੰਮਾ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਨੂੰ ਸੌਂਪਿਆ ਹੈ। ਦੋਵਾਂ ਨੀਮ ਫੌਜੀ ਬਲਾਂ ਕੋਲ ਕਮਾਂਡੋਜ਼ ਦਾ ਵੀਆਈਪੀ ਸੁਰੱਖਿਆ ਵਿੰਗ ਮੌਜੂਦ ਹੈ, ਜਿਨ੍ਹਾਂ ਕੋਲ ਅਤਿ-ਆਧੁਨਿਕ ਹਥਿਆਰ ਹੁੰਦੇ ਹਨ। ਬਘੇਲ ਤੋਂ ਇਲਾਵਾ ਜਿਸ ਉੱਘੀ ਸਿਆਸੀ ਸ਼ਖ਼ਸੀਅਤ ਨੂੰ ‘ਜ਼ੈੱਡ’ ਵਰਗ ਦੀ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਵਿੱਚ ਦਿੱਲੀ ਤੋਂ ਸੰਸਦ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਵੀ ਸ਼ਾਮਲ ਹਨ। ਬਘੇਲ ਕਰਹਲ ਸੀਟ ਤੋਂ ਸਪਾ ਮੁਖੀ ਖ਼ਿਲਾਫ਼ ਮੈਦਾਨ ਵਿੱਚ ਹਨ। ਭਾਜਪਾ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਯੂਪੀ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਬਘੇਲ ਦੇ ਕਾਫ਼ਲੇ ’ਤੇ ਕਥਿਤ ‘ਸਮਾਜਵਾਦੀ ਪਾਰਟੀ ਦੇ ਗੁੰਡਿਆਂ’ ਨੇ ਹਮਲਾ ਕੀਤਾ ਸੀ। ਯੂਪੀ ਦੇ ਭਦੋਹੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਚੰਦ ਭਿੰਡ ਨੂੰ ਸੀਆਈਐੱਸਐੱਫ ਦੀ ਛੋਟੀ ‘ਐੱਕਸ’ ਸ਼੍ਰੇਣੀ ਦੀ ਸੁਰੱਖਿਆ ਛਤਰੀ ਦਿੱਤੀ ਗਈ ਹੈ। ਉਧਰ ਸੀਆਰਪੀਐੱਫ ਨੂੰ ਇਨ੍ਹਾਂ ਦੋ ਰਾਜਾਂ ਵਿੱਚ ਘੱਟੋ-ਘੱਟ 20 ਸਿਆਸਤਦਾਨਾਂ ਜਾਂ ਉਮੀਦਵਾਰਾਂ ਨੂੰ ਸੁਰੱਖਿਆ ਦੇਣ ਲਈ ਆਖਿਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article11 women die after drowning in well in UP
Next articleਦਿੱਲੀ ਦੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ: ਹਰਸਿਮਰਤ