ਕੇਂਦਰ ਨੇ ਬਾਬੇ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚਾਇਆ: ਅਮਿਤ ਸ਼ਾਹ

ਫ਼ਿਰੋਜ਼ਪੁਰ (ਸਮਾਜ ਵੀਕਲੀ):  ਫ਼ਿਰੋਜ਼ਪੁਰ ਵਿੱਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਇਸ ਵਿਸਾਖੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਐਲਾਨ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਫ਼ਿਰੋਜ਼ਪੁਰ ਵਿੱਚ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਗੁਰਪਰਵੇਜ਼ ਸਿੰਘ ਸੰਧੂ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਰਹੱਦੀ ਕਿਸਾਨਾਂ ਦੀਆਂ ਮੰਗਾਂ ਵੀ ਪਹਿਲ ਦੇ ਆਧਾਰ ’ਤੇ ਪੂਰੀਆਂ ਕਰਨ ਦਾ ਵਾਅਦਾ ਕੀਤਾ।

‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਨਾਲ ਭਾਸ਼ਣ ਸ਼ੁਰੂ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਚੋਣਾਂ ਦੌਰਾਨ ਅੱਜ ਦੂਜੀ ਵਾਰ ਪੰਜਾਬ ਆਏ ਹਨ, ਜਿਥੇ ਸਿੱਖ ਗੁਰੂਆਂ ਨੇ ਮਾਨਵਤਾ ਦੇ ਭਲੇ ਲਈ ਬਲਿਦਾਨ ਦਿੱਤੇ ਹਨ। ਉਨ੍ਹਾਂ ਦੇਸ਼ ਲਈ ਜਾਨਾਂ ਵਾਰਨ ਵਾਲੇ ਕ੍ਰਾਂਤੀਕਾਰੀਆਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਾਰੀਆਂ ਸੀਟਾਂ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਪਾਰਟੀ ਉਮੀਦਵਾਰਾਂ ਦਾ ਪ੍ਰਚਾਰ ਫ਼ਿਰੋਜ਼ਪੁਰ ਤੋਂ ਸ਼ੁਰੂ ਕਰਨਾ ਸੀ ਪਰ ਸੂਬਾ ਸਰਕਾਰ ਨੇ ਉਨ੍ਹਾਂ ਦੀ ਰੈਲੀ ਨੂੰ ਰੋਕਣ ਲਈ ਹਰ ਹੀਲਾ ਵਰਤਿਆ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕੀ ਉਹ ਆਪਣੇ ਲੋਕਾਂ ਨੂੰ ਕੀ ਸੁਰੱਖਿਆ ਦੇਵੇਗੀ।

ਪੰਜਾਬ ਕਾਂਗਰਸ ਤੇ ‘ਆਪ’ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਸਹਿਯੋਗੀ ਪਾਰਟੀ ਰਹਿ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸ਼ਾਹ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਮਾਫ਼ੀਆ ਮੁਕਤ, ਨਸ਼ਾ ਮੁਕਤ ਪੰਜਾਬ, ਹਰ ਘਰ ਨੂੰ ਰੁਜ਼ਗਾਰ, ਨਿਰੋਗੀ ਪੰਜਾਬ, ਵਿਕਸਿਤ ਪੰਜਾਬ ਵਰਗੇ ਗਿਆਰਾਂ ਮੁੱਦੇ ਲੈ ਕੇ ਆਈ ਹੈ ਤੇ ਇਹ ਸਾਰੇ ਪੂਰੇ ਕੀਤੇ ਜਾਣਗੇ। ਕੇਂਦਰ ਸਰਕਾਰ ਦੀ ਸ਼ਲਾਘਾ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਘਰ-ਘਰ ਬਿਜਲੀ, ਗੈਸ, ਪਖਾਨੇ, ਮੁਫ਼ਤ ਵੈਕਸੀਨੇਸ਼ਨ ਆਦਿ ਜਿਹੇ ਕਾਰਜ ਮੋਦੀ ਸਰਕਾਰ ਨੇ ਕੀਤੇ ਹਨ। ਮੋਦੀ ਸਰਕਾਰ ਨੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕਰੋੜਾਂ ਰੁਪਏ ਖਰਚ ਕੇ ਗੁਰੂਆਂ ਦਾ ਸੰਦੇਸ਼ ਘਰ-ਘਰ   ਪਹੁੰਚਾਇਆ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਤੇ ਪੀੜਤਾਂ ਨੂੰ ਰਾਹਤ ਦਿੱਤੀ ਤੇ ਹਰ ਸਾਲ ਪੂਰੇ ਦੇਸ਼ ਅੰਦਰ 26 ਦਸੰਬਰ ਦਾ ਦਿਨ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਵੀ ਮੋਦੀ ਸਰਕਾਰ ਨੇ ਕੀਤਾ।

ਇਸ ਮੌਕੇ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਹੋਇਆ ਵਿਕਾਸ ਕੇਂਦਰ ਸਰਕਾਰ ਦੀ ਹੀ ਦੇਣ ਹੈ। ਰਾਣਾ ਸੋਢੀ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਫਿਰੋਜ਼ਪੁਰ ਦਾ ਬਾਰਡਰ ਖੁੱਲ੍ਹਵਾਉਣ ਦੀ ਮੰਗ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਨੇ 111 ਦਿਨ ਲਈ ਨਹੀਂ ਚੁਣੀ ਸੀ ਸਰਕਾਰ: ਮਨੀਸ਼ ਤਿਵਾੜੀ
Next article11 women die after drowning in well in UP