ਦੋ ਧੀਆਂ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)-ਮਲਵਿੰਦਰ ਸਿੰਘ ਦੇ ਗੁਆਂਢੀ ਸ਼ਮਸ਼ੇਰ ਦਾ ਵੱਡਾ ਮੁੰਡਾ ਮਾੜੇ ਮੁੰਡਿਆਂ ਦੀ ਸੰਗਤ ਵਿੱਚ ਪੈ ਕੇ ਕਈ ਸਾਲਾਂ ਤੋਂ ਨਸ਼ੇ ਕਰ ਰਿਹਾ ਹੈ। ਘਰ ਦੀ ਜੋ ਚੀਜ਼ ਉਸ ਨੂੰ ਦਿਸਦੀ ਹੈ, ਉਸ ਨੂੰ ਵੇਚਣ ਤੁਰ ਪੈਂਦਾ ਹੈ। ਕਿਸੇ ਨਾ ਕਿਸੇ ਬਹਾਨੇ ਨਸ਼ਾ ਕਰਨ ਲਈ ਸ਼ਮਸ਼ੇਰ ਤੋਂ ਪੈਸੇ ਮੰਗਦਾ ਰਹਿੰਦਾ ਹੈ। ਉਸ ਨੂੰ ਗਾਲ਼ਾਂ ਵੀ ਕੱਢਦਾ ਰਹਿੰਦਾ ਹੈ। ਮੋਟਰਸਾਈਕਲ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਹਿੰਦਾ ਹੈ। ਕੱਲ੍ਹ ਵੀ ਉਹ ਮੋਟਰਸਾਈਕਲ ਲੈ ਕੇ ਕਿਤੇ ਗਿਆ ਹੋਇਆ ਸੀ। ਕਿਸੇ ਗੱਲ ਕਰਕੇ ਉਹ ਆਪਣੇ ਸਾਥੀਆਂ ਨਾਲ ਖਹਿਬੜ ਪਿਆ। ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਉਸ ਦੇ ਸਿਰ ਵਿੱਚ ਪਤਾ ਨਹੀਂ ਕੀ ਮਾਰਿਆ, ਉਸ ਦੇ ਸਿਰ ਵਿੱਚੋਂ ਖੂਨ ਵਹਿਣ ਲੱਗ ਪਿਆ ਸੀ।

ਅੱਜ ਜਦੋਂ ਮਲਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਸ਼ਮਸ਼ੇਰ ਦੇ ਘਰ ਉਸ ਦੇ ਮੁੰਡੇ ਦੀ ਖ਼ਬਰ ਲੈਣ ਭੇਜਿਆ, ਤਾਂ ਉਸ ਦੀ ਪਤਨੀ ਆਖਣ ਲੱਗੀ,” ਭੈਣ ਜੀ, ਮੈਂ ਤਾਂ ਇਸ ਮੁੰਡੇ ਤੋਂ ਬੜਾ ਦੁਖੀ ਆਂ। ਸਾਰਾ ਦਿਨ ਮੋਟਰਸਾਈਕਲ ਲੈ ਕੇ ਬਾਹਰ ਫਿਰਦਾ ਰਹਿੰਦਾ ਆ। ਜਦ ਘਰ ਆ ਜਾਂਦਾ ਆ, ਭੜਥੂ ਪਾ ਦਿੰਦਾ ਆ। ਕੱਲ੍ਹ ਪਤਾ ਨਹੀਂ ਕਿੱਥੋਂ ਸਿਰ ਵਿੱਚ ਸੱਟ ਲੁਆ ਕੇ ਆ ਗਿਆ ਆ। ਮੈਂ ਤਾਂ ਕਹਿੰਨੀ ਆਂ, ਰੱਬ ਮੈਨੂੰ ਇਦ੍ਹੇ ਨਾਲੋਂ ਦੋ ਧੀਆਂ ਦੇ ਦਿੰਦਾ, ਜਿਨ੍ਹਾਂ ਨੂੰ ਮੈਂ ਚੱਜ ਨਾਲ ਪੜ੍ਹਾ ਲੈਂਦੀ। ਵਿਆਹ ਕੇ ਸਹੁਰੇ ਘਰ ਭੇਜ ਦਿੰਦੀ। ਹੁਣ ਮੈਂ ਇਦ੍ਹਾ ਕੀ ਕਰਾਂ?” ਇਹ ਕਹਿੰਦਿਆਂ ਉਸ ਦੀਆਂ ਅੱਖਾਂ  ਵਿੱਚੋਂ ਹੰਝੂ ਵਹਿ ਤੁਰੇ। ਮਲਵਿੰਦਰ ਸਿੰਘ ਦੀ ਪਤਨੀ ਕੁੱਝ ਨਾ ਬੋਲ ਸਕੀ ਕਿਉਂ ਕਿ ਹੌਸਲਾ ਦੇਣ ਦੇ ਦੋ ਸ਼ਬਦ ਵੀ ਉੱਥੇ ਕੁੱਝ ਨਹੀਂ ਸੀ ਕਰ ਸਕਦੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫ਼ੋਨ  991580354

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article     ‘ਸਰਮਾਏਦਾਰ ਬੜੇ ਨੇ’
Next articleਸੱਚੋ ਸੱਚ / ਕਵੀ ਦੀ ਸੋਚ