*ਦੋ-ਪਾਤਰੀ ਕਾਵਿ-ਨਾਟਕ।*

ਰੋਮੀ ਘੜਾਮੇਂ ਵਾਲਾ

(ਸਮਾਜ ਵੀਕਲੀ)

(ਸੀਨ :- ਇੱਕ ਹਸਪਤਾਲ ਵਿਖੇ ਕਿਸੇ ਪੰਜਾਬੀ ਪਰਿਵਾਰ ‘ਚ ਹੋਏ ਜਣੇਪੇ ਸਮੇਂ ਦੋ (1.ਪਹਿਲੀ ਅਤੇ 2.ਦੂਜੀ) ਬਜ਼ੁਰਗ ਤੀਵੀਆਂ ਵਿੱਚ ਵਾਰਤਾਲਾਪ ਹੋ ਰਹੀ ਹੈ।)

1.ਹੋਈ ਕੋਈ ਚੱਜ ਦੀ ਚੀਜ ?
2.ਨਹੀਂ ਅਧੂਰੀ ਰਹਿ ਗਈ ਰੀਝ।

1.ਹਾਏ ਹਾਏ ਨੀ! ਪਰ ਹੋਇਆ ਕੀ ?
2.ਉਹੀ ਅਣਹੋਣੀ, ਜੰਮੀ ਐ ਧੀ।

1.ਉਹ ਹੋ! ਚਾਅ ਰਹਿ ਗਏ ਧਰੇ ਧਰਾਏ।
2.ਚਲੋ ਵੇਖੋ, ਸ਼ਾਇਦ ਰੱਬ ‘ਗਾਂਹ ਨੂੰ ਖੈਰ ਪੱਲੇ ਪਾਏ।

1.ਵੈਸੇ ਛਿਲ਼ੇ ਆਲੀ ਕੁੜੀ ‘ਤੇ ਘਰਵਾਲੇ ਦਾ ਕੀ ਹਾਲ ਐ ?
2.ਲੈ… ਉਹ ਤਾਂ ਦੋਵੇਂ ਰੱਜਕੇ ਖੁਸ਼, ਨਿਹਾਲੋ-ਨਿਹਾਲ ਐਂ।

1.ਸੱਚੀਉਂ ਆਹ ਨਵੀਂ ਪੀੜ੍ਹੀ ਨੂੰ ਕੁੱਲਾਂ, ਖਾਨਦਾਨਾ ਦੀ ਜਮ੍ਹਾ ਈ ਨੀ ਸਾਰ।
2.ਹੋ..ਅ..ਰ…ਕੀ, ਉਲਟਾ ਅੱਗਿਉਂ “ਕੋਈ ਫਰਕ ਨੀ, ਕੋਈ ਫਰਕ ਨੀ” ਭਾਸ਼ਣ ਦਿੰਦੇ ਨੇ ਝਾੜ।

1.ਨਾਲੇ ਇਹਨਾਂ ਦੇ ਸਮੇਂ ‘ਚ ਤਾਂ ਬਥੇਰੇ ਟੈਸਟ, ਦਵਾਈਆਂ ਹਾਜ਼ਰ ਕਰਵਾਤੀਆਂ ਰੱਬ ਨੇ।
2.ਲੈ ਹੋ..ਅ..ਰ, ਹੁਣ ਕਿਹੜਾ ਸਾਡੇ ਵਾਗੂੰ ਮੋਟੀ ਫ਼ੀਮ ਦੇਣ ਯਾ ਘੜੇ ‘ਚ ਦੱਬਣ ਜਿਹੇ ਯੱਭ ਨੇ।

1.ਚੱਲ ਆਪਾਂ ਨੂੰ ਕੀ ? ਵੀਹ ਸਾਲਾਂ ਨੂੰ ਆਪੇ ਪਛਤਾਉਣਗੇ ਜਦ ਉਮਰਾਂ ਢਲ਼ੀਆਂ।
2.ਬਿੱਲਕੁਲ ਭੈਣੇ। ਫਿਰ ਆਪੇ ਕਹਿਣਗੇ ਬੇਬੇ ਹੁਰੀਂ ਠੀਕ ਸੀ। ਜਿਨ੍ਹਾਂ ਨੂੰ ਹੁਣ ਦੱਸਦੇ ਝੱਲੀਆਂ।

(ਥੋੜੀ ਦੇਰ ਬਾਅਦ)

1.ਹੋਰ ਭੈਣੇ, ਪੋਤਿਆਂ ਦੀ ਸੁਣਾ।
2.ਕੀ ਦੱਸਾਂ, ਸਭ ਕੀਤੀ ਪਈ ਐ ਰਾਖ-ਸੁਆਹ।

1.ਤੇ ਉੱਧਰ ਦੋਹਤੇ ?
2.ਉਹ ਵੀ ਚਾਂਬ੍ਹਲੇ ਈ ਫਿਰਦੇ ਬਹੁਤੇ। (ਪਹਿਲੀ ਗੱਲ ਕਰਦੀ ਡੁਸਕਣ ਲੱਗ ਪਈ)
(1)
ਉਹ ਭੈਣੇ ਚੁੱਪ ਕਰ, ਤੂੰ ਤਾਂ ਮਨ ਈ ਭਰ ਲਿਆ।
ਮੈਂ ਤਾਂ ਸੱਚੀਂ ਪੁੱਛ ਕੇ, ਗੁਨਾਹ ਹੀ ਕਰ ਲਿਆ।
(2)
ਗੁਨਾਹ ਕਾਹਦਾ ਅੜੀਏ, ਸੁੱਖ-ਸਾਂਦ ਤਾਂ ਪੁੱਛਣੀ ਉ ਹੋਈ।
ਹੁਣ ਅਗਲੇ ਨੂੰ ਕੀ ਪਤਾ ਬੀ ਮਨ ਤੇ ਕੀ ਕੀ ਪੱਥਰ ਚੁੱਕੀ ਫਿਰਦਾ ਕੋਈ।

ਪੁੱਤਾਂ ਮੇਰਿਆਂ ਦਾ ਚਿੱਟੀ ਦਾਹੜੀਆਂ ਵਾਲੇ ਹੋਕੇ ਵੀ ਸੀਰੀਆਂ ਵਾਲਾ ਹਾਲ ਐ।
ਕੀ ਡਿਊਟੀ, ਘਰ ਦੇ, ਬਾਹਰਲੇ ਕੰਮ ਹੋਰ ਕਿਸੇ ਨੂੰ ਨਾ ਖਿਆਲ ਐ।

ਪੋਤੇ ਅੱਠ-ਅੱਠ ਲੱਖ ਪੜ੍ਹਾਈਆਂ ਤੇ ਲਵਾਕੇ ਵੀ, ਡੰਡੇ ਵਜਾਉਂਦੇ ਫਿਰਦੇ ਨੇ।
ਸਵੇਰੇ ਗਿਆਰਾਂ ਵਜੇ ਉਠ, ਸ਼ਾਹੀ ਖਰਚ ਲੈਕੇ, ਆਵਾਰਾ-ਗਰਦੀ ਤੇ ਵਿੜ੍ਹਦੇ ਨੇ।

ਵੱਡਾ ਕੰਮ ਕੋਈ ਮਿਲਦਾ ਨੀ’। ਛੋਟਾ ਪਸੰਦ ਨੀ’। ਬੱਸ ਬੋਲਣ ਨੂੰ ਤੇਜ ਐਂ।
ਪਿਉਂਆਂ ਕੋਲੋਂ ਕਬੀਲਦਾਰੀ ਨੀ ਚਲਦੀ ਤੇ ਇਹਨਾਂ ਨੂੰ ਬਾਹਰ ਦਾ ਹੇਜ ਐ।

ਮੈਨੂੰ ਤੇ ਦਾਦੇ ਨੂੰ ਤਾਂ ਸੁਣਕੇ ਵੀ ਅਣਸੁਣਿਆ ਕਰ ਜਾਂਦੇ ਨੇ।
ਭੁੱਲ ਭੁਲੇਖੇ ਬੋਲ ਵੀ ਪੈਣ ਤਾਂ ਚੰਗੀ ਗੱਲ ਤੇ ਵੀ ਮੱਚ ਸੜ ਜਾਂਦੇ ਨੇ।

ਉਧਰ ਇਹੋ ਈ ਭੰਗ ਧੀ ਦੇ ਘਰ ਭੁੱਜ ਰਹੀ ਐ।
ਅੱਗੇ ਕੀ ਹੋਣਾ, ਕਰਨਾ, ਵਿਚਾਰੀ ਨੂੰ ਕੁੱਝ ਨਾ ਸੁੱਝ ਰਹੀ ਐ।

ਉਹ ਤਾਂ ਜਿਉਂਦ ਰਹੇ ਦੋਹਤੀ, ਜਿਹੜੀ ਕੰਮਕਾਰ ‘ਚ ਹੱਥ ਵਟਾ ਦਿੰਦੀ ਐ
ਤੇ ਇੱਧਰ ਮੇਰੀ ਲਾਡੋ-ਪੋਤੀ ਟੈਮ ਸਿਰ ਰੋਟੀ ਪਾਣੀ ਤਾਂ ਫੜਾ ਦਿੰਦੀ ਐ।

ਅੱਜ ਸਭ ਵਿਆਹਾਂ ਦੀਆਂ ਉਮਰਾਂ ਦੇ ਨੇੜੇ ਢੁੱਕੇ ਪਏ ਨੇ।
ਭੱਜ-ਦੌੜ ਬਥੇਰੀ ਪਰ ਪੱਲੇ ਕੁਝ ਨੀ’ ਪੈਂਦਾ ਤੇ ਸਾਹ ਸੁੱਕੇ ਪਏ ਨੇ।

ਬਥੇਰੇ ਲਾਲਚ ਦੇ ਲਏ ਪਰ ਕੋਈ ਵਿਚੋਲਾ ਬਾਂਹ ਨਹੀਂ ਫੜਦਾ।
ਹੋਰ ਤਾਂ ਹੋਰ ਕੋਈ ਅਨਪੜ੍ਹ, ਅੱਧ-ਪੜ੍ਹ ਧੀ ਵਾਲਾ ਵੀ ਹਾਂ ਨੀ’ ਕਰਦਾ।

ਪੇਕਿਆਂ ਵੱਲੋਂ ਮੈਂ ਬੇਸ਼ੱਕ ਕਿਤਿਉਂ ਜ਼ੋਰ ਦੇ ਕੇ ਵੀ ਰਿਸ਼ਤੇ ਲੈ ਲੈਣੇ ਸੀ
ਪਰ ਉਧਰ ਕੁੜੀਆਂ ਦੀਆਂ ਔੜ੍ਹਾਂ, ‘ਕਾਲ ਖ਼ੌਰੇ ਸਾਡੀ ਵਾਰੀ ਹੀ ਪੈਣੇ ਸੀ।

ਬੱਸ ਭੈਣੇ ਹੋਰ ਨਾ ਛੇੜ ਮੇਰੇ ਤਾਂ ਡੋਬੂ ਪਈ ਜਾ ਰਹੇ ਨੇ।
ਹੁਣ ਤੂੰ ਆਪਣੀ ਸੁਣਾ ਬੀ ਤੇਰੇ ਆਲੇ ਕੀ ਰੰਗ ਲਾ ਰਹੇ ਨੇ।
(2)
ਕੀ ਸੁਣਾਵਾਂ ਅੜੀਏ ਸਭ ਪਾਸੇ ਇੱਕੋ ਈ ‘ਘੋੜੇ ਆਲਾ ਫਿਰਿਆ’।
ਤਾਹੀਓਂ ਤੇਰੀਆਂ ਸੁਣ-ਸੁਣ ਮਨ ਆਪਣਿਆਂ ਦੀਆਂ ਸੋਚਾਂ ‘ਚ ਘਿਰਿਆ।

ਦੱਸੀਏ ਵੀ ਕੀ ‘ਪੱਲਾ ਚੱਕਿਆਂ ਢਿੱਡ ਆਪਣਾ ਈ ਨੰਗਾ ਹੁੰਦਾ’।
ਨਾਲੇ ਭੈਣੇ ਆਹੀ ਗੱਲਾਂ ਦਾ ਈ ਗਹਾਂ ਰਿਸ਼ਤਿਆਂ, ਸਾਕਾਂ ਨੂੰ ਪੰਗਾ ਹੁੰਦਾ।

ਛੱਡ ਹੁਣ ਦੇ ਕੇ ਸੋ ਸੋ ਰੁਪਈਏ ਸ਼ਗਨ ਚੱਲ ਜਲਦੀ ਆਪਣੀਆਂ ਬੱਸਾਂ ਫੜੀਏ।
ਨਾਲੇ ਏਥੇ ਕਿਹੜਾ ਕੋਈ ਚੱਜ ਦੀ ਚੀਜ ਹੋਈ ਐ ਬੀ ਸੂਟ ਮਿਲਣਗੇ, ਚਲਕੇ ਕੋਈ ਕੰਮ ਧੰਦਾ ਕਰੀਏ।

(ਦੋਵੇਂ ਉੱਠ ਕੇ ਨਵਜੰਮੀ ਬਾਲੜੀ ਨੂੰ ਸ਼ਗਨ ਦੇਣ ਦੀ ਰਸਮਨਾਮੀ (formality) ਕਰਨ ਲਈ ਜੱਚਾ-ਬੱਚਾ ਦੇ ਕਮਰੇ ਵੱਲ ਤੁਰ ਪੈਂਦੀਆਂ ਨੇ)।

ਰੋਮੀ ਘੜਾਮੇਂ ਵਾਲਾ

98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਗੱਲ “
Next article“ਵੱਧਦੀ ਅਬਾਦੀ ਤੇ ਮੰਥਨ ਕਰਨ ਦੀ ਲੋੜ”