HOME ” ਵੀਹਵੀਂ ਸਦੀ ਦੇ ਸਮਾਜਸੇਵੀ ਯੁੱਗ ਪੁਰਸ਼ ਭਗਤ ਪੂਰਨ ਸਿੰਘ”

” ਵੀਹਵੀਂ ਸਦੀ ਦੇ ਸਮਾਜਸੇਵੀ ਯੁੱਗ ਪੁਰਸ਼ ਭਗਤ ਪੂਰਨ ਸਿੰਘ”

2
ਭਗਤ ਪੂਰਨ ਸਿੰਘ
  (ਸਮਾਜ ਵੀਕਲੀ)   ਛੋਟੇ ਹੁੰਦਿਆਂ ਅਸੀਂ ਇੱਕ ਮਾਨਵਤਾ ਦੀ ਸੇਵਾ ਕਰਨ ਵਾਲੇ ਭੱਦਰ ਪੁਰਸ਼ ਦੀ ਕਹਾਣੀ ਪੜਦੇ ਹੁੰਦੇ ਸੀ ਕਿ ਸੁਪਨੇ ਚ ਉਸਨੂੰ ਨੂੰ ਕੋਈ ਮਹਾਤਮਾ ਨਜ਼ਰ ਆਉਂਦਾ ਹੈ ਜੋ ਬਹੀ ਵਿੱਚ ਕੁੱਝ ਲਿਖ ਰਿਹਾ ਸੀ ਉਸ ਵਿਅਕਤੀ ਨੇ ਮਹਾਤਮਾ ਨੂੰ ਪੁਛਿਆ ਕਿ ਤੁਸੀਂ ਕੀ ਲਿਖ ਰਹੇ ਹੋ ਤਾਂ ਮਹਾਤਮਾ ਨੇ ਜਵਾਬ ਦਿੱਤਾ ਕਿ ਮੈਂ ਉਨ੍ਹਾਂ ਲੋਕਾਂ ਦੀ ਲਿਸਟ ਬਣਾ ਰਿਹਾ ਹਾਂ ਜੋ ਰੱਬ ਨੂੰ ਪਿਆਰ ਕਰਦੇ ਹਨ ਭਾਵ ਰੱਬ ਦੀ ਪੂਜਾ ਕਰਦੇ ਹਨ ਪਰ ਅਫਸੋਸ ਕਿ ਤੁਹਾਡਾ ਇਸ ਲਿਸਟ ਵਿੱਚ ਨਾ ਨਹੀਂ ਹੈ। ਦੂਜੀ ਰਾਤ ਫਿਰ ਇਸੇ ਤਰ੍ਹਾਂ ਹੁੰਦਾ ਹੈ ਉਹ ਵਿਆਕਤੀ ਫਿਰ ਮਹਾਤਮਾ ਨੂੰ ਪੁਛਦਾ ਹੈ ਕਿ ਅੱਜ ਤੁਸੀਂ ਕਿੰਨਾ ਲੋਕਾਂ ਦੀ ਲਿਸਟ ਬਣਾ ਰਹੇ ਹੋ ਤਾਂ ਮਹਾਤਮਾ ਜਵਾਬ ਦਿੰਦੇ ਹਨ ਕਿ ਅੱਜ ਮੈਂ ਉਨ੍ਹਾਂ ਲੋਕਾਂ ਦੀ ਲਿਸਟ ਬਣਾ ਰਿਹਾ ਹਾਂ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਹੈ ਇਹ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਤੇ ਸੇਵਾ ਕਰਨ ਵਾਲੇ ਹਨ ਲੋਕ ਵੀ ਇਨਾ ਨੂੰ ਪਿਆਰ ਕਰਦੇ ਹਨ ਅਤੇ ਇਹ ਲੋਕ ਮਹਾਨ ਹਨ ਇਸ ਲਿਸਟ ਵਿੱਚ ਤੁਹਾਡਾ ਨਾਂ ਸਭ ਤੋਂ ਪਹਿਲੇ ਨੰਬਰ ਤੇ ਹੈ। ਇਸ ਕਹਾਣੀ ਵਿੱਚ ਲੇਖਕ ਨੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਰੱਬ ਦੀ ਖੋਜ ਵਿੱਚ ਜੰਗਲਾਂ ਅਤੇ ਥਾਂ ਥਾਂ ਭੜਕਣਾ ਵਿਅਰਥ ਹੈ ਰੱਬ ਮਨੁੱਖਤਾ ਅਤੇ ਕੁਦਰਤ ਦੇ ਵਿੱਚ ਹੀ ਵਸਦਾ ਹੈ ਇਸ ਗੱਲ ਨੂੰ ਵੀਹਵੀਂ ਸਦੀ ਵਿੱਚ ਮਾਨਵਤਾ ਦੇ ਭਲੇ ਹਿੱਤ,  ਬੇਸਹਾਰਿਆਂ ਦੇ ਸਹਾਰਾ ਬਣਕੇ ਮਨੱਖਤਾ ਦੀ ਸੇਵਾ ਕਰਨ ਵਾਲੇ ਮਸੀਹਾ ਭਗਤ ਪੂਰਨ ਸਿੰਘ ਪਿੰਗਲਵਾੜਾ ਜੀ ਨੇ ਸਿਧ ਕਰਕੇ ਦੁਨੀਆ ਭਰ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ ਇਸ ਮਹਾਨ ਸ਼ਖ਼ਸੀਅਤ ਦਾ ਜਨਮ 4 ਜੂਨ 1904 ਨੂੰ  ਪਿੰਡ ਰਾਜੇਵਾਲ ਰੋਹਣੋ, ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ਼ਿਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦੀ ਚੇਟਕ ਲੱਗ ਗਈ ਸੀ। ਘਰ ‘ਚ ਗਰੀਬੀ ਕਰਕੇ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਅਤੇ ਨੌਕਰੀ ਦੀ ਭਾਲ ਵਿੱਚ ਮਾਤਾ ਨਾਲ ਲਾਹੌਰ ਜਾਣਾ ਪਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਪੂਰਨ ਸਿੰਘ ਬਿਨ੍ਹਾਂ ਤਨਖਾਹ ਤੋਂ ਸੇਵਾ ਕਰਨ ਲੱਗੇ। ਪੂਰਨ ਸਿੰਘ ਦਾ ਬਚਪਨ ਦਾ ਨਾਂ ‘ਰਾਮ ਜੀ ਦਾਸ’ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਾਵਾਰਸ ਰੋਗੀਆਂ ਦੀ ਸੇਵਾ ਸੰਭਾਲ ਨੇ ਉਨ੍ਹਾਂ ਨੂੰ ਰਾਮ ਜੀ ਦਾਸ ਤੋਂ ‘ਪੂਰਨ ਸਿੰਘ’ ਬਣਾ ਦਿੱਤਾ। ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ: ਵਿੱਚ ਇੱਕ ਚਾਰ ਸਾਲ ਦੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪਾਹਜ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓਡੀ ਅੱਗੇ ਕੋਈ ਚੋਰੀ ਛੱਡ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ, ”ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।” ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਜਿਸ ਕਰਕੇ ਉਸ ਦਾ ਨਾਂ ਪਿਆਰਾ ਸਿੰਘ  ਹੋ ਗਿਆ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਪੂਰਨ ਸਿੰਘ ਉਸ ਅਪਾਹਜ ਬੱਚੇ ਨੂੰ 18 ਅਗਸਤ 1947 ਈ: ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਲੈ ਕੇ ਪਹੁੰਚੇ। ਉਸ ਕੈਂਪ ਵਿੱਚ ਹਜ਼ਾਰਾਂ ਮਰਦ, ਔਰਤਾਂ ਬੱਚੇ ਸਨ ਜਿਨ੍ਹਾਂ ਵਿੱਚ ਬਹੁਤ ਸਾਰੇ ਅਪਾਹਜ ਵੀ ਸਨ ਉਨ੍ਹਾਂ ਅਪਾਹਜਾਂ ਦੀ ਸੇਵਾ-ਸੰਭਾਲ, ਕੱਪੜੇ ਧੋਣ ਅਤੇ ਉਨਾਂ ਲਈ ਪ੍ਰਸ਼ਾਦੇ ਮੰਗ ਕੇ ਲਿਆਉਣੇ ਤੇ ਸਭ ਨੂੰ ਵਰਤਾਉਣੇ ਉਹ ਆਪਣਾ ਕਰਮ ਸਮਝਦੇ ਸਨ ਇੱਥੋਂ ਤੱਕ ਕਿ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਮੂੰਹ ਵਿੱਚ ਬੁਰਕੀਆਂ ਵੀ ਪਾਉਂਦੇ ਸਨ। ਪੂਰਨ ਸਿੰਘ ਨੇ ਤਨੋਂ ਮਨੋਂ ਇਹ ਸੇਵਾ ਨਿਭਾਈ। ਉਨ੍ਹਾਂ ਨੇ 1949 ਤੋਂ 1958 ਈ: ਤੱਕ ਫੁੱਟਪਾਥਾਂ, ਰੁੱਖਾਂ ਦੀ ਛਾਂਵੇਂ ਅਤੇ ਖੁੱਲੇ ਅਸਮਾਨ ਥੱਲੇ ਲਵਾਰਿਸਾਂ ਅਤੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। 1958 ਵਿੱਚ ਅੰਮ੍ਰਿਤਸਰ ਵਿਖੇ ਥਾਂ ਮੁੱਲ ਖਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ, ਜਿੱਥੇ ਮਾਨਸਿਕ ਅਤੇ ਲਵਾਰਿਸ ਰੋਗੀਆਂ, ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਣ ਲੱਗ ਪਈ। ਇਹ ਆਸ਼ਰਮ ਜੋ ਕੁਝ ਕੁ ਮਰੀਜ਼ਾਂ ਨੂੰ ਲੈਕੇ ਕੇ ਪੂਰਨ ਸਿੰਘ ਨੇ ਬੀਜ ਦੇ ਰੂਪ ਵਿੱਚ ਸ਼ੁਰੂ ਕੀਤਾ, ਅੱਜ 1700 ਤੋਂ ਵੱਧ ਲੋਕ ਜਿਨ੍ਹਾਂ ਵਿੱਚ ਬੇਸਹਾਰਾ, ਯਤੀਮ ਅਤੇ ਲਾਵਾਰਿਸ ਔਰਤਾਂ, ਬੱਚੇ ਤੇ ਬੁੱਢੇ ਸ਼ਾਮਿਲ ਹਨ, ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇਹ ਪਿੰਗਲਵਾੜਾ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਿਹਾ ਹੈ। ਇਸ ਦੇ ਬਾਨੀ ਪੂਰਨ ਸਿੰਘ ਨੂੰ ਉਸ ਸਮੇਂ ਭਾਵੇਂ ਬਹੁਤ ਮੁਸ਼ਕਿਲਾ ਆਈਆਂ ਪਰ ਉਹ ਆਪਣੇ ਮਿਸ਼ਨ ਵਿੱਚ ਸਫਲ ਹੋਏ। ਨਿਸ਼ਕਾਮ ਸੇਵਾ ਕਰਦੇ ਹੋਏ ਉਹ 5 ਅਗਸਤ, 1992 ਨੂੰ ਸਰੀਰ ਤਿਆਗ ਗਏ। ਆਪਣੀ ਨਿਸ਼ਕਾਮ ਸੇਵਾ ਤੇ ਵਿਲੱਖਣ ਸਾਹਿਤ ਸਿਰਜਣਾ ਸਦਕਾ ਉਹ ਦੁਨੀਆਂ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਯਾਦ ਵਿੱਚ ਪਿੰਗਲਵਾੜੇ ਸੰਸਥਾ ਵੱਲੋਂ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦਾ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਨਾਂਵਾਲਾ ਆਦਿ ਵਿਖੇ ਮੁਫ਼ਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੀਆਂ ਜੀਵਨ ਘਾਲਣਾਵਾਂ ਸੰਬੰਧੀ ਤਸਵੀਰਾਂ ਦਾ ਸੰਗ੍ਰਹਿ ਅਜਾਇਬ ਘਰ ਪਿੰਗਲਵਾੜਾ ਵਿਖੇ ਸਥਾਪਿਤ ਕੀਤਾ ਗਿਆ ਹੈ। ਭਗਤ ਪੂਰਨ ਸਿੰਘ ਦੇ ਜਨਮ ਸਥਾਨ ਤੇ ਪਿੰਡ ਰਾਜੇਵਾਲ ਵਿਖੇ ‘ ਭਗਤ ਪੂਰਨ ਸਿੰਘ ਸਮਾਰਕ’ ਦਾ ਨਿਰਮਾਣ ਹੋ ਚੁੱਕਾ ਹੈ। ਪਿੰਗਲਵਾੜਾ (ਅੰਮ੍ਰਿਤਸਰ) ਦੇ ਨਜ਼ਦੀਕ ਭਗਤ ਪੂਰਨ ਸਿੰਘ ਯਾਦਗਾਰੀ ਗੇਟ’ ਉਸਾਰਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ‘ ਭਗਤ ਪੂਰਨ ਸਿੰਘ ਚੇਅਰ’ ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਪੂਰਨ ਸਿੰਘ ਜੀ ਦੀ ਇੱਕ ਡਾਕ-ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ ਹੈ। ਭਗਤ ਪੂਰਨ ਸਿੰਘ ਨੇ ਬੇਸਹਾਰੇ ਅਤੇ ਅਪਾਹਜਾਂ ਤੇ ਕੋਹੜ ਰੋਗੀਆਂ ਦੀ ਭਲਾਈ ਲਈ ਜੋ ਉੱਦਮ ਕੀਤਾ ਉਹ ਮਦਰ ਟੈਰੇਸਾ ਦੇ ਭਲਾਈ ਦੇ ਕੰਮਾਂ ਤੋਂ ਘੱਟ ਨਹੀਂ ਹੈ। ਪੂਰਨ ਸਿੰਘ ਨੂੰ ਭਾਰਤ ਸਰਕਾਰ ਵੱਲੋਂ 1981 ਚ ਪਦਮਸ਼੍ਰੀ ਐਵਾਰਡ, 1990 ‘ਚ ਹਾਰਮਨੀ ਐਵਾਰਡ, 1991 ‘ਚ ਲੋਕ ਰਤਨ ਐਵਾਰਡ ਪ੍ਰਾਪਤ ਹੋਏ। ਅੱਜ ਪਿੰਗਲਵਾੜਿਆ ਦੇ ਨਾਂ ਤੇ ਬਹੁਤ ਸਾਰੇ ਲੋਕਾਂ ਵਲੋਂ ਗੋਰਖਧੰਦਾ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਵਲੋਂ ਧੰਨ ਅਤੇ ਅੰਨ ਇਕੱਠਾ ਕੀਤਾ ਜਾਂਦਾ ਹੈ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਪਿੰਗਲਵਾੜਾ ਜਾ ਕੇ ਦਾਨ ਦੇਣ ਦਾ ਆਪਣਾ ਆਨੰਦ ਹੈ। ਭਗਤ ਪੂਰਨ ਸਿੰਘ ਵਰਗੇ ਸਮਾਜ ਸੇਵੀ ਬਹੁਤ ਹੀ ਘੱਟ ਨਜ਼ਰ ਆਉਂਦੇ ਹਨ ਜੋ ਬਿਨਾ ਕਿਸੇ ਦਿਖਾਵੇ ਦੇ ਨਿਸ਼ਕਾਮ ਮਨੁੱਖਤਾ ਦੀ ਸੇਵਾ ਕਰਦੇ ਹਨ। ਸੱਚ ਮੁੱਚ ਹੀ ਭਗਤ ਪੂਰਨ ਸਿੰਘ ਨੂੰ ਲੋਕ ਵੀਹਵੀਂ ਸਦੀ ਦੇ ਮਹਾਨ ਸਮਾਜਸੇਵੀ ਯੁੱਗ ਪੁਰਸ਼ ਵੱਜੋ ਯਾਦ ਕਰਦੇ ਹਨ। ਅੱਜ ਉਨ੍ਹਾਂ ਦੀ ਬਰਸੀ ਮੌਕੇ ਤੇ ਅਸੀਂ ਵੀ ਮਨੁੱਖਤਾ ਨਾਲ ਨਫ਼ਰਤ ਛੱਡ ਕੇ ਪਿਆਰ ਅਤੇ ਨਿਸ਼ਕਾਮ ਸੇਵਾ ਕਰਨ ਦੇ ਰਸਤੇ ਤੇ ਚੱਲਣ ਦੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰੀਏ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੇਕਦਰਾਂ ਸੰਗ ਯਾਰੀ 
Next articleTime for Change: Why Gautam Gambhir’s Coaching Tenure Must End