“ਸੱਚ ਨੂੰ ਜ਼ਹਿਰ”

(ਸਮਾਜ ਵੀਕਲੀ) 

ਦੁਨੀਆਂ ਵਿੱਚ ਸੱਚ ਨੂੰ ਬਹੁਤ ਵਾਰੀ ਫਾਂਸੀ ਦਿੱਤੀ ਗਈ ਹੈ ਪਰ ਜ਼ਹਿਰ ਦਾ ਪਿਆਲਾ ਪੀਣ ਵਾਲਾ ਮਹਾਨ ਦਾਰਸ਼ਨਿਕ, ਬੂਧੀਜੀਵੀ ਦੂਰਅੰਦੇਸ਼ੀ,ਵਿਦਵਾਨ ਅਤੇ ਫਿਲਾਸਫਰ ਸੁਕਰਾਤ ਦੁਨੀਆਂ ਦਾ ਉਹ ਪਹਿਲਾ ਸੱਚ ਸੀ ਜਿਸਨੇ ਆਪਣੇ ਵਿਚਾਰਾ ਰਾਹੀਂ ਦੁਨੀਆਂ ਨੂੰ ਤਰਕ ਦੇ ਆਧਾਰ ਤੇ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਜਿਸਨੇ ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸੂਰਜ, ਚੰਦਰਮਾ ਆਦਿ ਦੇਵਤੇ ਨਹੀਂ ਬਲਕਿ ਗ੍ਰਹਿ ਹਨ ਪਰ ਧਰਮਾ ਦੇ ਠੇਕੇਦਾਰਾਂ ਨੂੰ ਉਸਦਾ ਸੱਚ ਚੰਗਾ ਨਹੀਂ ਲੱਗਿਆ। ਸੁਕਰਾਤ ਸੰਸਾਰ ਦਾ ਪਹਿਲਾ ਫਿਲਾਸਫਰ ਸੀ, ਜਿਹੜਾ ਤਰਕ ਅਤੇ ਗਿਆਨ ਦੀ ਸ਼ਕਤੀ ਨਾਲ ਜੀਵਿਆ। ਉਸਨੇ ਦੁਨੀਆਂ ਨੂੰ ਦੱਸਿਆ ਕਿ ਇਕ ਵਿਦਵਾਨ ਨੂੰ ਕਿਵੇਂ ਸੋਚਣਾ ਚਾਹਿਦਾ ਹੈ। ਉਸਨੇ ਹਰ ਵਿਸ਼ੇ ‘ਤੇ ਵਿਚਾਰ ਪ੍ਰਗਟ ਕੀਤੇ ਖਾਸ ਕਰਕੇ ਅੰਧਵਿਸ਼ਵਾਸ ਵਰਗੇ ਕਲੰਕ ਚੋ ਕੱਢਣ ਲਈ ਉਹ ਨੌਜਵਾਨਾ ਨੂੰ ਤਰਕ ਦੇ ਆਧਾਰ ਤੇ ਆਪਣੇ ਵਿਚਾਰ ਦੱਸਦੇ ਸਨ।

ਸੁਕਰਾਤ ਦਾ ਜਨਮ 469 ਈਸਵੀ ਪੂਰਵ ਨੂੰ ਯੂਨਾਨ ਵਿੱਚ ਹੋਇਆ। ਉਸਦੇ ਪਿਤਾ ਸਰਕਾਰੀ ਠੇਕੇਦਾਰ ਸਨ ਜੋ ਸੰਗਤਰਾਸ਼ੀ (ਸੰਗਮਰਮਰ ਦੀਆਂ ਮੂਰਤੀਆਂ ਬਨਾਉਣ) ਦਾ ਕੰਮ ਕਰਦੇ ਸਨ। ਸੁਕਰਾਤ ਆਪਣੇ ਪਿਤਾ ਨੂੰ ਪੁੱਛਦਾ ਹੈ, “ਪਿਤਾ ਜੀ ਤੁਸੀਂ ਪੱਥਰ ਵਿਚੋਂ ਮੂਰਤੀ ਕਿਵੇਂ ਕੱਢ ਲੈਂਦੇ ਹੋ ?” ਉਸਦਾ ਪਿਤਾ ਜੁਆਬ ਦਿੰਦਾ ਹੈ, “ਪੁੱਤਰ, ਬੁੱਤ ਤਾਂ ਪਹਿਲਾਂ ਹੀ ਪੱਥਰ ਵਿੱਚ ਹੁੰਦਾ ਹੈ,ਮੈਂ ਤਾਂ ਉਸ ਉਪਰੋਂ ਵਾਧੂ ਪਥੱਰ ਹੀ ਹਟਾਉਦਾ ਹਾਂ।” ਉਸਦੀ ਮਾਂ ਦਾਈ ਦਾ ਕੰਮ ਕਰਦੀ ਸੀ ਤੇ ਉਸਨੂੰ ਵੀ ਪੁੱਛਦਾ ਹੈ, “ਮਾਤਾ ਜੀ, ਤੁਸੀਂ ਬੱਚੇ ਕਿਥੋਂ ਲੈਂ ਆਉਂਦੇ ਹੋ?” ਉਹ ਕਹਿੰਦੀ, “ਪੁੱਤਰ ਬੱਚੇ ਤਾਂ ਪਹਿਲਾਂ ਹੀ ਹੁੰਦੇ ਹਨ, ਮੈਂ ਤਾਂ ਸਿਰਫ ਉਨਾਂ ਨੂੰ ਜਿਸਮ ਦੀ ਕੈਦ ਵਿੱਚੋਂ ਹੀ ਅਜ਼ਾਦ ਕਰਵਾਉਂਦੀ ਹਾਂ।” ਅਜਿਹੇ ਮਾਤਾ ਪਿਤਾ ਦੇ ਜੁਆਬ ਸੁਣ ਕੇ ਸੁਕਰਾਤ ਹੈਰਾਨ ਹੋ ਜਾਂਦਾ।ਉਸਨੇ ਸੋਚਣਾ ਸ਼ੁਰੂ ਕੀਤਾ ਕਿ ਹਰ ਚੀਜ਼ ਨੂੰ ਸਮਝਣ/ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ।

ਜੇ ਇਨਸਾਨ ਸਹੀ ਸੁਆਲ ਕਰਨਾ ਸਿੱਖ ਜਾਵੇ ਤਾਂ ਦਿਮਾਗ ਅੰਦਰ ਕੈਦ ਖਿਆਲਾਂ ਨੂੰ ਅਜ਼ਾਦ ਕਰਵਾਇਆ ਜਾ ਸਕਦਾ। ਉਸਨੇ ਲੋਕਾਂ ਨੂੰ ਦਸਿਆ ਕਿ ਮਨੁੱਖ ਨੂੰ ਜਿਉਣਾ ਕਿਵੇਂ ਚਾਹੀਦਾ ਹੈ?ਸੋਚਣਾ ਕਿਵੇਂ ਚਾਹੀਦਾ ਹੈ ਤੇ ਮਰਨਾ ਕਿਵੇਂ ਚਾਹੀਦਾ ਹੈ ? ਸੁਕਰਾਤ ਨੇ ਆਪ ਕੁਝ ਨਹੀਂ ਲਿਖਿਆ,ਉਹ ਬੋਲਦਾ ਹੀ ਸੀ, ਉਸ ਬਾਰੇ ਸਾਰੀ ਜਾਣਕਾਰੀ ਉਸਦੇ ਸ਼ਿਸ ਪਲੈਟੋ ਦੀਆਂ ਲਿਖਤਾਂ ‘ਚੋਂ ਮਿਲਦੀ ਹੈ। ਪਲੈਟੋ ਪਹਿਲਾਂ ਕਵੀ ਤੇ ਨਾਟਕਕਾਰ ਸੀ ਪਰ ਸੁਕਰਾਤ ਦੀ ਸ਼ਰਨ ਲੈਂਦਿਆਂ ਉਸਨੇ ਆਪਣੀਆਂ ਪਹਿਲੀਆਂ ਸਾਰੀਆਂ ਰਚਨਾਵਾਂ ਸਾੜ ਦਿਤੀਆਂ।ਸੁਕਰਾਤ ਦੀ ਮੌਤ ਸਮੇਂ ਉਹ 28 ਸਾਲ ਦਾ ਸੀ। ਉਸਦੀ ਮੌਤ ਮਗਰੋਂ ਉਸਦੇ ਵਿਚਾਰਾਂ ਨੂੰ ਜਾਨਣ ਲਈ ਪਲੈਟੋ ਸਾਰਾ ਯੂਨਾਨ ਘੁੰਮਿਆ। ਪਲੈਟੋ ਦੀ ਅਕਾਦਮੀ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਸੀ। ਸੁਕਰਾਤ ਪਲੈਟੋ ਦਾ ਉਸਤਾਦ ਸੀ। ਸੁਕਰਾਤ ਦੇ ਸਮੇਂ ਯੂਨਾਨ ਵਿਚ ਸਰਕਾਰੀ ਧਰਮ ਦੇਵੀ ਦੇਵਤਿਆਂ ਦਾ ਬੋਲ ਬਾਲਾ ਸੀ ਤੇ ਪੂਜਾ ਹੀ ਧਰਮ ਸੀ।

ਲੋਕਾਂ ਦੇ ਵੱਖਰੇ ਵੱਖਰੇ ‘ਰੱਬ’ ਸਨ। ਇਨਾਂ ਵਿਚ ਕੋਈ ਸੂਰਜ ਦਾ ਦੇਵਤਾ, ਕੋਈ ਚੰਦਰਮਾ ਦਾ ਦੇਵਤਾ , ਕੋਈ ਪੈਸੇ ਦੀ ਦੇਵੀ ਆਦਿ ਸਨ। ਅਸਰ ਰਸੂਖ ਵਾਲੇ ਲੋਕਾਂ ਨੇ ਇਨਾਂ ਦੇਵਤਿਆਂ ਨੂੰ ਵੀ ਆਪਣੇ ਕਬਜੇ ਵਿੱਚ ਕੀਤਾ ਸੀ। ਅਜਿਹੇ ਸਮੇਂ ਸੁਕਰਾਤ ਨੇ ਸੂਰਜ ਨੂੰ ਦਹਿਕਦਾ ਹੋਇਆ ਪਹਾੜ, ਪੱਥਰ ਤੇ ਚੰਦਰਮਾ ਨੂੰ ਜ਼ਮੀਨ ਦਾ ਟੁੱਕੜਾ ਕਹਿ ਦਿੱਤਾ। ਕਮਾਲ ਦੀ ਗੱਲ ਹੈ ਕਿ ਜਿਹੜੀ ਗਲ ਸੁਕਰਾਤ ਨੇ ਸਦੀਆਂ ਪਹਿਲਾਂ ਕਹੀ ਸੀ ਉਹ ਅੱਜ ਸੱਚ ਸਾਬਤ ਹੋ ਰਹੀ ਹੈ। ਸੁਕਰਾਤ ਦੇ ਸੁਤੰਤਰ ਵਿਚਾਰਾਂ ਕਰਕੇ ਯੂਨਾਨ ਦੇ ਨੌਜਵਾਨ ਉਸਦੇ ਮਤਵਾਲੇ ਸਨ ਪਰ ਉਨਾਂ ਦੇ ਮਾਪੇ ਅਤੇ ਹਾਕਮ ਇਨਾਂ ਨੌਜਵਾਨਾਂ ਦੇ ਘੋਖਵੇਂ ਸੁਆਲਾਂ ਕਾਰਨ ਸੁਕਰਾਤ ਦੇ ਵਿਰੋਧੀ ਸਨ।ਸੁਕਰਾਤ ਨੂੰ ਬਦਨਾਮ ਕਰਨ ਲਈ ਤਿੰਨ ਦੋਖੀਆਂ ਨੇ ਸੁਕਰਾਤ ਤੇ ਦੋਸ਼ ਲਾਇਆ ਕਿ ਉਹ ਦੇਵਤਿਆਂ ਦਾ ਸਤਿਕਾਰ ਨਹੀਂ ਕਰਦਾ ਅਤੇ ਉਸਦੇ ਨਵੇਂ ਵਿਚਾਰ ਨੌਜਵਾਨਾਂ ਨੂੰ ਭ੍ਰਿਸ਼ਟ ਕਰਕੇ ਕੁਰਾਹੇ ਪਾ ਰਹੇ ਹਨ।

ਸੁਕਰਾਤ ਨੇ ਦੇਵਤਿਆਂ ਨੂੰ ਪਸ਼ੂਆਂ ਦੀ ਬਲੀ ਦੇਣ ਦੀ ਰੀਤ ਨੂੰ ਕੋਝੀ ਕਿਸਮ ਦੀ ਰਿਸ਼ਵਤ ਦੱਸਿਆ ਸੀ ਅਤੇ ਉਹ ਨੌਜਵਾਨਾਂ ਨੂੰ ਕਿਸੇ ਗਰੰਥ ਨੂੰ ਮੰਨਣ ਦੀ ਥਾਂ ਆਪ ਸੋਚਣ ਲਈ ਪ੍ਰੇਰਦਾ ਸੀ। ਉਸ ਸਮੇਂ ਏਥਨਜ ਜੋ ਯੂਨਾਨ ਦੀ ਰਿਆਸਤ ਸੀ ਨੂੰ ਸੰਸਾਰ ਦੀ ਸਭ ਤੋਂ ਵਧ ਅਕਲਮੰਦ ਪਰਜਾਤੰਤਰ ਮੰਨਿਆ ਜਾਂਦਾ ਸੀ। ਨੈਤਿਕ ਪਤਨ ਕਾਰਨ ਹਾਕਮ ਸੁਕਰਾਤ ਅਤੇ ਉਸਦੇ ਸ਼ਿਸਾਂ ਨਾਲ ਵੀ ਚਿੜੇ ਹੋਏ ਸਨ, ਇਸੇ ਕਾਰਨ ਉਸ ਤੇ ਤੀਹ ਸਾਲ ਤੋਂ ਘਟ ਉਮਰ ਦੇ ਨੌਜਵਾਨਾਂ ਨਾਲ ਗਲਬਾਤ ਕਰਨ ਦੀ ਪਾਬੰਦੀ ਲਗੀ ਹੋਈ ਸੀ। ਉਹ ਤਰਕਸ਼ੀਲ ਤੇ ਵਿਕਾਸਵਾਦੀ ਸੁਕਰਾਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਉਸ ਖਿਲਾਫ ਮੁਕੱਦਮਾ ਇਸੇ ਵਿਉਂਤ ਦਾ ਭਾਗ ਸੀ।ਮੁਕੱਦਮੇ ਦੀ ਸਾਰੀ ਕਾਰਵਾਈ ਇਕ ਦਿਨ ਵਿਚ ਨਿਪਟਾ ਕੇ ਅਗਲੇ ਦਿਨ ਹੀ ਮੌਤ ਦੀ ਸ਼ਜਾ ਤੇ ਤਾਮੀਲ ਹੋ ਜਾਂਦੀ ਸੀ। ਉਹ ਮਹਾਨ ਦਾਰਸ਼ਨਿਕ ਜੱਜਾਂ ਦੀ ਹਮਦਰਦੀ ਤੇ ਨਾ ਜਿੱਤ ਸਕਿਆ ਪਰ ਉਸਨੇ ਆਉਣ ਵਾਲੀਆਂ ਪੀੜੀਆਂ ਦੇ ਦਿਲ ਜਿੱਤ ਲਏ।

ਉਸਨੇ ਲੰਮੇ ਬਿਆਨ ਵਿੱਚ ਕਿਹਾ, ਮੇਰੇ ‘ਤੇ ਦੋਸ਼ ਹੈ ਕਿ ਮੈਂ ਅਪਵਿੱਤਰ ਵਿਚਾਰਾਂ ਵਾਲਾ ਹਾਂ। ਮੈਂ ਕਹਿੰਦਾ ਹਾਂ ਕਿ ਅਣਪਰਖਿਆ ਜੀਵਨ, ਜੀਵਨ ਨਹੀਂ ਹੁੰਦਾ ਅਤੇ ਸੋਚਣਾ ਨਾ ਅਪਰਾਧ ਹੈ ਤੇ ਨਾ ਪਾਪ ਹੈ। ਤੁਹਾਡਾ ਇਤਰਾਜ਼ ਹੈ ਕਿ ਮੈਂ ਨਵੇਂ ਢੰਗ ਨਾਲ ਸੋਚਦਾ ਹਾਂ,ਕੀ ਇਹ ਦੋਸ਼ ਹੈ? ਜੇ ਮੈਂ ਸੋਚਣਾ ਬੰਦ ਕਰ ਦੇਵਾਂ ਤਾਂ ਤੁਸੀਂ ਮੈਨੂੰ ਬਰੀ ਕਰ ਦੇਵੋਗੇ। ਮੈਂ ਆਪਣਾ ਮਿਸ਼ਨ ਕਦੇ ਨਹੀਂ ਛੱਡਾਂਗਾ। ਮੁਕੱਦਮੇ ਦੇ ਦਿਨ ਏਥਨਜ ਦੇ ਸਾਰੇ ਲੋਕ ਗੱਲਾਂ ਕਰ ਰਹੇ ਸਨ ਪੰਜ ਮੀਲ ਲੰਮੀ ਸੜਕ ਤੇ ਭੀੜ ਸੀ। 501 ਜੱਜਾਂ ਵਿਚੋਂ 280 ਜੱਜਾਂ ਨੇ ਸੁਕਰਾਤ ਨੂੰ ਦੋਸ਼ੀ ਕਰਾਰ ਦਿਤਾ। ਉਸ ਸਮੇਂ ਦੋਸ਼ੀ ਨੂੰ ਆਪਣੀ ਸ਼ਜਾ ਖੁਦ ਤਜਵੀਜ਼ ਕਰਨ ਦਾ ਅਧਿਕਾਰ ਸੀ। ਜੱਜਾਂ ਦੇ ਕਹਿਣ ‘ਤੇ ਆਪਣੇ ਲਈ ਇਕ ਰੁਪਿਆ ਜੁਰਮਾਨਾ ਕਿਹਾ ਤਾਂ ਭੀੜ ਵਿਚ ਹਾਸਾ ਮਚ ਗਿਆ। ਜੱਜਾਂ ਨੇ ਚਿੜ ਕੇ ਮੌਤ ਦੀ ਸ਼ਜਾ ਸੁਣਾ ਦਿਤੀ 70 ਸਾਲਾ ਸੁਕਰਾਤ ਨੇ ਜੱਜਾਂ ਨੂੰ ਕਿਹਾ, ਤੁਸੀਂ ਸਿਆਣਪ ਨਹੀਂ ਕੀਤੀ, ਥੋੜ੍ਹਾ ਚਿਰ ਉਡੀਕ ਲੈਂਦੇ ਮੈਂ ਉਂਜ ਹੀ ਮਰ ਜਾਣਾ ਸੀ। ਤੁਸੀਂ ਇਕ ਨਿਰਦੋਸ਼ ਨੂੰ ਮਾਰਨ ਦਾ ਕਲੰਕ ਸਹੇੜ ਲਿਆ ਹੈ, ਜਿਸ ਕਰਕੇ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਮਾਫ ਨਹੀਂ ਕਰਨਗੀਆਂ । ਮੈਂ ਮੌਤ ਸਹਿ ਲਵਾਂਗਾ ਪਰ ਸੱਚ ਬੋਲਣ ਤੋਂ ਕਦੇ ਨਹੀਂ ਹਟਾਂਗਾ।

ਤੁਸੀਂ ਜਿੰਨਾ ਚਿਰ ਜੀਵੋਗੇ ਬਦਨਾਮੀ ਖਟਦੇ ਰਹੋਗੇ। ਤੁਸੀਂ ਭੁਲ ਜਾਉ ਕਿ ਤੁਸੀਂ ਮੈਨੂੰ ਮਾਰ ਕੇ ਸੁਖੀ ਰਹੋਗੇ। ਫੈਸਲਾ ਸੁਣਾ ਕੇ ਜੱਜ ਲੁੱਕ ਗਏ। ਆਖਿਰ ਉਸਦੀ ਮੌਤ ਦਾ ਦਿਨ ਆਇਆ ਤਾਂ ਉਸਦੀ ਪਤਨੀ, ਪੁੱਤਰ ਤੇ ਮਿੱਤਰ ਰੋ ਰਹੇ ਸਨ। ਉਨ੍ਹਾਂ ਨੂੰ ਵਿਦਾ ਕਰਨ ਤੋਂ ਬਾਅਦ ਸ਼ਾਮ ਵੇਲੇ ਜਦੋਂ ਏਥਨਜ ਦੇ ਲੋਕਾਂ ਨੇ ਜੇਲ ਨੂੰ ਘੇਰਾ ਪਾਇਆ ਹੋਇਆ ਸੀ। ਸੁਕਰਾਤ ਨੇ ਜੇਲਰ ਵਲੋਂ ਲਿਆਂਦੇ ਜ਼ਹਿਰ ਦੇ ਪਿਆਲੇ ਨੂੰ ਫੜ ਕੇ ਸਾਰਾ ਇਕੋ ਡੀਕ ਨਾਲ ਪੀ ਗਿਆ ਅਤੇ ਦੁਨੀਆਂ ਤੋਂ ਇੱਕ ਮਹਾਨ ਦਾਰਸ਼ਨਿਕ ਜਿਸਨੇ ਲੋਕਾਂ ਨੂੰ ਹੋਰ ਸੱਚ ਵੰਡਣਾ ਸੀ ਝੂਠ ਨੂੰ ਛੱਡਕੇ ਹਮੇਸ਼ਾ ਲਈ ਖਾਮੋਸ਼ ਹੋ ਗਿਆ। ਉਸ ਰਾਤ ਏਥਨਜ ਦੇ ਕਿਸੇ ਚੁੱਲੇ ਵਿਚ ਅੱਗ ਨਹੀਂ ਸੀ ਬਲੀ। ਨੌਜਵਾਨਾਂ ਨੇ ਲੱਭ ਲੱਭ ਕੇ ਕਈ ਜੱਜ ਮੌਤ ਦੇ ਘਾਟ ਉਤਾਰ ਦਿਤੇ। ਸਾਰੀ ਰਾਤ ਲੋਕ ਵਿਦਾਇਗੀ ਦੇ ਗੀਤ ਗਾਉਦੇ ਰਹੇ। ਸੁਕਰਾਤ ਮਰਿਆ ਨਹੀਂ ਸੀ, ਵਿਦਾ ਹੋਇਆ ਸੀ, ਸ਼ਹੀਦ ਅਤੇ ਅਮਰ ਹੋਇਆ ਸੀ। ਅੱਜ ਵੀ ਕਈ ਪਛੜੇ ਹੋਏ ਮੁਲਕ ਢਾਈ ਹਜ਼ਾਰ ਸਾਲ ਪਹਿਲਾਂ ਵਾਲੀ ਅੰਧਵਿਸ਼ਵਾਸ ਅਤੇ ਰੂੜੀਵਾਦੀ ਸੋਚ ਤੇ ਚਲ ਰਹੇ ਹਨ ਅਤੇ ਅੱਜ ਵੀ ਤਰਕ, ਵਿਗਿਆਨ ਅਤੇ ਸੱਚ ਨੂੰ ਜ਼ਹਿਰ ਦੇਣ ਲਈ ਰੂੜੀਵਾਦੀ ਅਤੇ ਅੰਧਵਿਸ਼ਵਾਸੀ ਸੋਚ ਹੱਥ ਵਿੱਚ ਜ਼ਹਿਰ ਦਾ ਪਿਆਲਾ ਲੈਕੇ ਖੜੀ ਹੈ।

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਤਰ ਦਾ ਆਇਆ ਖ਼ਤ
Next articleਉੱਲੂਆਂ ਵਾਲ਼ੀ ਜ਼ਿੰਦਗੀ…