ਉੱਲੂਆਂ ਵਾਲ਼ੀ ਜ਼ਿੰਦਗੀ…

(ਸਮਾਜ ਵੀਕਲੀ) 

ਉੱਲੂ! ਜੀ ਹਾਂ, ਉੱਲੂ। ਉੱਲੂ ਨੂੰ ਸਾਡੇ ਇਤਿਹਾਸ ਵਿੱਚ, ਸਾਡੇ ਸੱਭਿਆਚਾਰ ਵਿੱਚ ਮਾੜਾ ਪੰਛੀ ਕਿਹਾ ਗਿਆ ਹੈ। ਸਾਡੇ ਬਜ਼ੁਰਗਾਂ ਦਾ ਕਹਿਣਾਂ ਹੈ ਕਿ ਉੱਲੂ ਹਮੇਸ਼ਾ ਉਜਾੜ ਮੰਗਦਾ ਹੈ। ਇਹ ਕੱਲਿਆ ਰਹਿਣਾ ਪਸੰਦ ਕਰਦਾ ਹੈ। ਇਸ ਕਰਕੇ ਇਸਨੂੰ ਚੰਗਾ ਨਹੀਂ ਸਮਝਿਆ ਜਾਂਦਾ।
ਹੁਣ ਜੇਕਰ ਅਸੀਂ ਆਪਣੀ ਅੱਜਕਲ੍ਹ ਦੀ ਜ਼ਿੰਦਗੀ ਦੇਖੀਏ ਤਾਂ ਇਹ ਉੱਲੂ ਨਾਲ਼ ਮਿਲ਼ਦੀ-ਜੁਲ਼ਦੀ ਹੀ ਲੱਗਦੀ ਹੈ। ਬਲਕਿ ਇੰਝ ਲਗਦਾ ਹੈ ਕਿ ਆਪਾਂ ਉੱਲੂ ਹੀ ਬਣ ਗਏ ਹਾਂ।

ਸੱਭ ਤੋਂ ਪਹਿਲਾਂ ਤਾਂ ਗੱਲ ਕਰੀਏ ਰਾਤ ਨੂੰ ਦੇਰ ਤੱਕ ਜਾਗਣ ਦੀ। ਕਦੇ ਸਮਾਂ ਹੁੰਦਾ ਸੀ ਕਿ ਸਵੇਰੇ ਜਲਦੀ ਉੱਠਣਾ ਜ਼ਰੂਰੀ ਮੰਨਿਆਂ ਜਾਂਦਾ ਸੀ। ਅੰਮ੍ਰਿਤ ਵੇਲ਼ੇ ਉੱਠ ਕੇ ਹਰ ਕੋਈ ਆਪਣੇ ਕੰਮੀਂ ਲੱਗ ਜਾਂਦਾ ਸੀ। ਖੇਤਾਂ ਵਾਲ਼ੇ ਖੇਤੀਂ ਤੁਰ ਜਾਂਦੇ ਸਨ। ਸੁਆਣੀਆਂ ਘਰਦੇ ਕੰਮ ਨਿਬੇੜ ਲੈਂਦੀਆਂ ਸਨ ਤੇ ਬੱਚੇ ਵੀ ਵਿੱਦਿਆ ਹਾਸਲ ਕਰਨ ਚਲੇ ਜਾਂਦੇ ਸਨ। ਸਾਰੇ ਕੰਮ ਸਮੇਂ ਸਿਰ ਮੁਕਾ ਲਏ ਜਾਂਦੇ ਸਨ। ਪਰ ਹੁਣ ਤਾਂ ਸਾਰਾ ਕੁੱਝ ਹੀ ਉੱਲਟ-ਪੁੱਲਟ ਹੋ ਗਿਆ ਹੈ। ਸਵੇਰ ਤਾਂ ਹੁਣ ਦੁਪਹਿਰ ਤੱਕ ਹੁੰਦੀ ਹੈ। ਐਡਾ ਸੂਰਜ ਚੜ੍ਹੇ ਤੱਕ ਵੀ ਲੱਤਾਂ ਪਸਾਰੀ ਬਿਸਤਰਿਆਂ ਤੇ ਲਿਟੇ ਰਹਿੰਦੇ ਹਨ। ਬੱਚੇ ਤਾਂ ਬੱਚੇ ਅੱਜਕਲ੍ਹ ਜਨਾਨੀਆਂ ਜੋ ਕਿ ਘਰ ਦੀ ਤੇ ਚੰਗੇ ਸੰਸਕਾਰਾਂ ਦੀ ਨੀਂਹ ਹੁੰਦੀਆਂ ਹਨ ਉਹਨਾਂ ਨੂੰ ਵੀ ਸੂਰਜ ਦੇਵ ਆ ਕੇ ਆਪ ਜਗਾਉਂਦੇ ਨੇ।

ਪਹਿਲੋਂ ਉੱਠਣਾ ਦੇਰ ਨਾਲ ਤੇ ਫ਼ੇਰ ਆਪੇ ਭੰਬੀਰੀ ਘੁੰਮਣੀ, ਜਦੋਂ ਕਿਸੇ ਨੇ ਕੰਮ ਤੇ ਜਾਣਾ, ਕਿਸੇ ਨੇ ਸਕੂਲ ਤੇ ਕਿਸੇ ਨੇ ਕਿਤੇ ਸਫ਼ਰ ਤੇ ਜਾਣਾ ਹੁੰਦਾ। ਫ਼ਿਰ ਇਉਂ ਰੌਲ਼ਾ ਪਾਉਂਦੇ ਨੇ ਕਿ ਪਹਿਲਾਂ ਮੈਂ ਜਾਣਾ, ਪਹਿਲਾਂ ਮੈਂ। ਕੋਈ ਕੁੱਝ ਮੰਗਦਾ ਤੇ ਕੋਈ ਕੁੱਝ। ਆਪਸ ਵਿੱਚ ਟੱਕਰਾਂ ਮਾਰਦੇ ਫਿਰਨਗੇ। ਆਖ਼ਿਰ ਇਹ ਸੱਭ ਕਿਉਂ ਹੁੰਦਾ ਹੈ? ਜਦੋਂ ਸਾਨੂੰ ਪਤਾ ਹੀ ਹੈ ਕਿ ਸਵੇਰੇ ਕੰਮ ਤੇ ਜਾਂ ਸਕੂਲ ਜਾਣਾ। ਫ਼ਿਰ ਅਸੀਂ ਸਹੀ ਸਮੇਂ ਤੇ ਕਿਉਂ ਨਹੀਂ ਉੱਠਦੇ?

ਦਰਅਸਲ ਗੱਲ ਇਹ ਹੈ ਕਿ ਰਾਤ ਨੂੰ ਅਸੀਂ ਉਲੂਆਂ ਵਾਂਗ ਜਾਗਦੇ ਹਾਂ। ਅੱਧੀ ਰਾਤ ਨਿਕਲੀ ਤੋਂ ਬਾਅਦ ਸਾਨੂੰ ਸੌਣ ਦਾ ਖ਼ਿਆਲ ਆਉਂਦਾ ਹੈ। ਹੋਰ ਤਾਂ ਹੋਰ ਬੱਚੇ ਵੀ ਛੇਤੀ ਨਹੀਂ ਸੌਂਦੇ। ਅੱਧੀ ਰਾਤ ਤੱਕ ਫ਼ੋਨ ਲੈ ਕੇ ਬੈਠੇ ਰਹਿੰਦੇ ਹਨ। ਦੂਜੀ ਗੱਲ ਹੋਰ ਕਿਸੇ ਨੂੰ ਝੱਲਦੇ ਨਹੀਂ। ਆਪਣੇ ਆਪਣੇ ਫ਼ੋਨ ਲਈ ਦੂਰ-ਦੂਰ ਬੈਠੇ ਰਹਿੰਦੇ ਹਨ। ਕੋਈ ਗੇਮ ਖੇਡ ਰਿਹਾ, ਕੋਈ ਸੋਸ਼ਲ ਮੀਡੀਆ ਤੇ ਮਨੋਰੰਜਨ ਕਰ ਰਿਹਾ, ਕੋਈ ਵੀਡੀਓ ਬਣਾ ਰਿਹਾ ਤੇ ਕੋਈ ਵਿੰਗੇ ਟੇਡੇ ਮੂੰਹ ਕਰਕੇ ਫ਼ੋਟੋਆਂ ਖਿੱਚੀ ਜਾਂਦਾ। ਸੌਣ ਲੱਗੇ ਵੀ ਫ਼ੋਨ ਨਾਲ਼ ਹੀ ਲੈ ਕੇ ਸੌਂ ਜਾਂਦੇ ਹਨ। ਹੁਣ ਇੱਕ ਤਾਂ ਸੌਣਾ ਐਨੀ ਦੇਰ ਨਾਲ ਤੇ ਉੱਤੋਂ ਫ਼ੋਨ ਵਰਤ ਕੇ ਸੌਣਾ। ਅੱਖਾਂ ਵਿੱਚ ਰੜਕ ਪੈਂਦੀ ਹੈ ਤੇ ਨੀਂਦ ਵੀ ਚੰਗੀ ਨਹੀਂ ਆਉਂਦੀ। ਫ਼ੇਰ ਸਵੇਰੇ ਕਿੰਝ ਜਲਦੀ ਉੱਠ ਸਕਦੇ ਹਨ? ਸਵੇਰੇ ਤੜਕੇ ਉੱਠਣ ਦੇ ਵਕਤ ਤਾਂ ਨੀਂਦ ਆਉਂਦੀ ਹੈ।

ਇਸ ਤਰ੍ਹਾਂ ਇਹ ਹੋ ਗਈ ਆਪਣੀ ਜ਼ਿੰਦਗੀ ਬਿਲਕੁੱਲ ਉੱਲੂਆਂ ਵਰਗੀ। ਬੱਸ ਫ਼ੋਨ ਹੱਥ ਵਿੱਚ ਫੜ ਲਓ, ਹੋਰ ਕਿਸੇ ਦੀ ਕੋਈ ਲੋੜ ਹੀ ਨਹੀਂ। ਨਾ ਖਾਣ-ਪੀਣ ਦੀ ਸੁੱਧ ਤੇ ਨਾ ਪੜ੍ਹਨ ਤੇ ਸੌਣ ਦਾ ਸਮਾਂ। ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਸਾਡੇ ਬੱਚੇ ਆਧੁਨਿਕ ਤਕਨੀਕਾਂ ਦੇ ਗ਼ੁਲਾਮ ਹੋ ਰਹੇ ਹਨ। ਪਰ ਸਵਾਲ ਇਹ ਹੈ ਕਿ ਉਹਨਾਂ ਨੂੰ ਇਹਨਾਂ ਤਕਨੀਕਾਂ ਦੇ ਗ਼ੁਲਾਮ ਬਣਾਇਆ ਕੀਹਨੇ? ਬੱਚੇ ਤਾਂ ਓਹੀ ਸਿੱਖਦੇ ਹਨ ਜੋ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ,ਜਾਂ ਉਹ ਜੋ ਵੀ ਦੇਖਦੇ ਹਨ ਕਿਉਂਕਿ ਬੱਚੇ ਅਕਸਰ ਸਾਡੀ ਨਕਲ ਕਰਦੇ ਹਨ।

ਇੱਥੇ ਮੈਂ ਇੱਕ ਨਿੱਕਾ ਜਿਹਾ ਵਾਕਿਆ ਸਾਂਝਾ ਕਰਨਾ ਚਾਹਾਂਗੀ ਕਿ ਜਦੋਂ ਮੇਰੀ ਧੀ ਛੋਟੀ ਜਿਹੀ ਸੀ ਤਾਂ ਓਸ ਵੇਲੇ ਮੈਂ ਨੈੱਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸਾਂ। ਮੈਂ ਜਦੋਂ ਵੀ ਪੜ੍ਹਨ ਲਈ ਬੈਠਦੀ ਤਾਂ ਮੇਰੀ ਧੀ ਆ ਕੇ ਕੋਲ਼ ਬੈਠ ਜਾਂਦੀ। ਉਹ ਮੈਨੂੰ ਤੰਗ ਨਾ ਕਰੇ ਇਸ ਲਈ ਮੈਂ ਉਸਨੂੰ ਕਾਪੀ-ਪੈਂਸਲ ਫੜਾ ਦਿੰਦੀ। ਉਹ ਬੈਠੀ ਵਿੰਗੀਆਂ-ਟੇਢੀਆਂ ਲਕੀਰਾਂ ਵਾਹੁੰਦੀ ਰਹਿੰਦੀ ਤੇ ਮੈਂ ਆਪਣੇ ਕੰਮ ਲੱਗੀ ਰਹਿੰਦੀ। ਹੌਲੀ-ਹੌਲੀ ਉਹ ਅੱਖਰ ਲਿੱਖਣਾ ਸਿੱਖ ਗਈ। ਅੱਖਰਾਂ ਨੂੰ ਪੜ੍ਹਨ ਵੀ ਲੱਗ ਪਈ। ਮੈਨੂੰ ਉਸ ਤੇ ਕੋਈ ਖਾਸ ਮਿਹਨਤ ਨਹੀਂ ਕਰਨੀ ਪਈ। ਜਦੋਂ ਸਕੂਲ ਵਿੱਚ ਉਹਨੂੰ ਦਾਖਿਲਾ ਦਵਾਇਆ ਤਾਂ ਸਕੂਲ ਵਾਲਿਆਂ ਨੇ ਓਹਦਾ ਟੈਸਟ ਲਿਆ ਤਾਂ ਉਹਨੂੰ ਨਰਸਰੀ ਦੀ ਬਜਾਇ ਕੇ.ਜੀ. ਵਿੱਚ ਰੱਖਿਆ ਕਿਉਂਕਿ ਨਰਸਰੀ ਓਹਨੇ ਘਰੇ ਹੀ ਕਰ ਲਈ ਸੀ।

ਇਸ ਤਰ੍ਹਾਂ ਬੱਚੇ ਸਾਨੂੰ ਦੇਖ ਕੇ ਸਿੱਖਦੇ ਹਨ ਨਾ ਕਿ ਸਾਡੇ ਸਿਖਾਇਆ ਵਧੇਰੇ ਸਿੱਖਦੇ ਹਨ। ਤੇ ਜੇਕਰ ਅਸੀਂ ਉੱਲੂਆਂ ਵਾਲ਼ੀ ਜ਼ਿੰਦਗੀ ਜੀਅ ਰਹੇ ਹਾਂ ਤਾਂ ਬੱਚੇ ਵੀ ਉਂਝ ਹੀ ਜਿਊਣਗੇ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗੇਗਾ ਕਿ ਅੰਮ੍ਰਿਤ ਵੇਲ਼ਾ ਕਿਸਨੂੰ ਕਹਿੰਦੇ ਹਨ ਤੇ ਅੰਮ੍ਰਿਤ ਵੇਲੇ ਉੱਠਣ ਦੇ ਕੀ ਲਾਭ ਹਨ। ਲੋੜ ਇਹ ਹੈ ਕਿ ਸੱਭ ਤੋਂ ਪਹਿਲਾਂ ਅਸੀਂ ਆਪਣੀ ਦਿਨਚਰਿਆ ਬਦਲੀਏ। ਸਹੀ ਸਮੇਂ ਤੇ ਉੱਠਣ ਲਈ ਸਹੀ ਸਮੇਂ ਤੇ ਸੌਣਾ ਜ਼ਰੂਰੀ ਹੈ। ਇਨਸਾਨਾਂ ਦੀ ਤਰ੍ਹਾਂ ਰਾਤ ਨੂੰ ਸੌਈਏ ਤੇ ਸਵੇਰਸਾਰ ਜਾਗੀਏ। ਉੱਲੂਆਂ ਦੀ ਤਰ੍ਹਾਂ ਰਾਤ ਨੂੰ ਜਾਗਣਾ ਤੇ ਫ਼ੋਨ ਲੈ ਕੇ ਕੱਲੇ-ਕੱਲੇ ਬੈਠਣਾ ਛੱਡ ਦਈਏ। ਜਦੋਂ ਉੱਲੂਆਂ ਵਾਲੀਆਂ ਆਦਤਾਂ ਬਦਲ ਗਈਆਂ ਤਾਂ ਉੱਲੂ ਦੀ ਤਰ੍ਹਾਂ ਪੁੱਠੀ ਲਟਕੀ ਜ਼ਿੰਦਗੀ ਵੀ ਸਿੱਧੀ ਹੋ ਜਾਏਗੀ।ਆਓ ਆਪਾਂ ਆਪਣੀ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਧਾਰੀਏ। ਉੱਲੂਆਂ ਦੀ ਜੂਨ ਤੋਂ ਮੁਕਤ ਹੋ ਕੇ ਮੁੜ ਇਨਸਾਨਾਂ ਵਾਲੇ ਜੀਵਨ ਨਾਲ਼ ਸਾਂਝ ਪਾਈਏ। ਅੰਮ੍ਰਿਤ ਵੇਲੇ ਉੱਠ ਕੇ ਸਾਰੇ ਕੰਮ ਸਹੀ ਸਮੇਂ ਤੇ ਸੋਹਣੇ ਤਰੀਕੇ ਨਾਲ ਕਰੀਏ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸੱਚ ਨੂੰ ਜ਼ਹਿਰ”
Next articleਸ਼ਾਨਦਾਰ ਰਿਹਾ ਮਹਿਕਦੇ ਅਲਫਾਜ਼ ਦਾ ਕਵੀ ਦਰਬਾਰ