(ਸਮਾਜ ਵੀਕਲੀ)
ਮਿਲ ਬੈਠਣਾ ਅਸੀਂ ਆਪਸ ਵਿੱਚ ਛੱਡ ਦਿੱਤਾ
ਰਹੀਆਂ ਯਾਦ ਨਾ ਹੁਣ ਪ੍ਰਾਹੁਣਚਾਰੀਆਂ ਨੇ
ਮਿਹਨਤ ਕਰਨੀ ਬਹੁਤਿਆਂ ਹੈ ਛੱਡ ਦਿੱਤੀ
ਲਾਈਆਂ ਖੁਦ ਹੀ ਅਸਾਂ ਆਪ ਬਿਮਾਰੀਆਂ ਨੇ
ਨੀਚਹੁ ਊਚ ਕਰ ਦਿੰਦਾ ਹੈ ਮੇਰਾ ਗੋਬਿੰਦ
ਖੇਡਾਂ ਉਸ ਦੀਆਂ ਬਹੁਤ ਨਿਆਰੀਆਂ ਨੇ
ਵੇਲਾ ਹੈ ਹਾਲੇ ਵੀ ਸੰਭਲਣਾ ਸੰਭਲ ਜਾਵੋ
ਨਹੀਂ ਤਾਂ ਪੈਣੀਆ ਫਿਰ ਪੱਲੇ ਦੁਸ਼ਵਾਰੀਆਂ ਨੇ
ਉਨ੍ਹਾਂ ਸੂਰਬੀਰ ਯੋਧਿਆਂ ਦੇ ਵਾਰਸ ਹਾਂ ਆਪਾਂ
ਚੱਲੀਆਂ ਸੀਸ ਜਿਨ੍ਹਾਂ ਦੇ ਉੱਤੇ ਆਰੀਆਂ ਨੇ
ਮੋਹ ਭੰਗ ਹੋਇਆ ਪੰਜਾਬ ਤੋਂ ਪੰਜਾਬੀਆਂ ਦਾ
ਨਿਆਣੇ ਖਿੱਚਦੇ ਵਿਦੇਸ਼ਾਂ ਨੂੰ ਤਿਆਰੀਆਂ ਨੇ
ਨਫ਼ਰਤ ਵਾਲੇ ਖੇਤ ਤਾਂ ਬਹੁਤ ਬੀਜ਼ ਲਏ
ਬੀਜੀਆਂ ਨਾ ਮੋਹ ਵਾਲੀਆਂ ਫੁੱਲ ਕਿਆਰੀਆਂ ਨੈ
ਦੂਜਿਆਂ ਨੂੰ ਤੈਰਨਾ ਉਹ ਵੀ ਸਿਖਾਉਣ ਲੱਗੇ
ਆਉਂਦੀਆਂ ਜਿਨ੍ਹਾਂ ਨੂੰ ਆਪ ਨਾ ਤਾਰੀਆਂ ਨੇ
ਤਰੱਕੀ ਹੁੰਦੀ ਕਿਸੇ ਦੀ ਜਰਦੇ ਨਾ ਬਹੁਤੇ
ਉਪਰੋਂ ਉਪਰੋਂ ਰੱਖਦੇ ਕਈ ਯਾਰੀਆਂ ਨੇ
ਲੇਖਕ ਬਣੇ ਕਈ ਬੱਬੀ ਵਰਗੇ ਅੱਜ ਕੱਲ
‘ਕੱਠੀਆਂ ਕਰ ਦਿੰਦੇ ਬਿਹਾਰੀਆਂ ਸਿਹਾਰੀਆਂ ਨੇ
ਬਲਬੀਰ ਸਿੰਘ ਬੱਬੀ 7009107300