— ਡਾਕਟਰਜ਼ ਡੇਅ ਦੀ ਵਧਾਈ ਦਿੱਤੀ —
ਫ਼ਰੀਦਕੋਟ (ਸਮਾਜ ਵੀਕਲੀ) (ਸ਼ਿਵਨਾਥ) ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਨੈਸ਼ਨਲ ਡਾਕਟਰਜ਼ ਡੇਅ ਮੌਕੇ ਸਥਾਨਕ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ। ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਗਰੇਵਾਲ, ਜਿਲ੍ਹਾ ਚੇਅਰਮੈਨ ਡਾ. ਹਰਪਾਲ ਸਿੰਘ ਭਾਰਦਵਾਜ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਸੀਨੀਅਰ ਆਗੂ ਸੇਵਾ ਮੁਕਤ ਬੈਂਕ ਮੈਨੇਜਰ ਨਿਰਮਲ ਸਿੰਘ ਸੰਧੂ ਅਤੇ ਸਹਾਇਕ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਆਦਿ ਮੌਜੂਦ ਸਨ। ਟਰੱਸਟ ਆਗੂਆਂ ਵੱਲੋਂ ਡਾ. ਰਾਜੀਵ ਸੂਦ ਨੂੰ ਨੈਸ਼ਨਲ ਡਾਕਟਰਜ਼ ਡੇਅ ਦੀ ਵਧਾਈ ਦਿੰਦੇ ਹੋਏ ਇਸ ਦਿਹਾੜੇ ਨੂੰ ਸਮੁੱਚੇ ਡਾਕਟਰ ਵਰਗ ਪ੍ਰੇਰਨਾ ਦਾਇਕ ਦਿਵਸ ਕਰਾਰ ਦਿੱਤਾ। ਜਿਕਰਯੋਗ ਹੈ ਕਿ ਨੈਸ਼ਨਲ ਡਾਕਟਰਜ਼ ਡੇਅ ਦੇਸ਼ ਦੇ ਮਹਾਨ ਡਾਕਟਰ ਅਤੇ ਸਿਆਸਤਦਾਨ ਭਾਰਤ ਰਤਨ ਡਾ. ਬੀ.ਸੀ. ਰਾਏ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਬੀਤੇ ਸਮੇਂ ਵਿੱਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹਿ ਚੁੱਕੇ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਪ੍ਰਸਿੱਧ ਡਾਕਟਰ ਬੀ.ਸੀ. ਰਾਏ ਦਾ ਜਨਮ ਪਹਿਲੀ ਜੁਲਾਈ 1882 ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਮੌਤ ਵੀ ਪਹਿਲੀ ਜੁਲਾਈ ਨੂੰ ਹੀ 1962 ਵਿੱਚ ਹੋਈ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸੰਨ 1961 ਈ: ਵਿੱਚ ਭਾਰਤ ਰਤਨ ਦਾ ਮਾਣਮੱਤਾ ਅਵਾਰਡ ਦਿੱਤਾ ਗਿਆ ਸੀ। ਡਾ. ਰਾਏ ਦੀ ਯਾਦ ਵਿੱਚ ਹੀ ਹਰ ਸਾਲ ਪਹਿਲੀ ਜੁਲਾਈ ਨੂੰ ਨੈਸ਼ਨਲ ਡਾਕਟਰਜ਼ ਡੇਅ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਸ਼ੁਰੂਆਤ 1991 ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਵੱਲੋਂ ਸ਼ੁਰੂ ਕੀਤੀ ਗਈ ਸੀ। ਇਥੇ ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ ਅੰਤਰ ਰਾਸ਼ਟਰੀ ਪੱਧਰ ਦੇ ਯੂਰੋਲੋਜਿਸਟ ਮੌਜੂਦਾ ਵਾਇਸ ਚਾਂਸਲਰ ਡਾ. ਰਾਜੀਵ ਸੂਦ ਵੀ ਡਾ. ਬੀ.ਸੀ. ਰਾਏ ਅਵਾਰਡ ਜੇਤੂ ਸਖਸ਼ੀਅਤ ਹਨ। ਮੁਲਾਕਾਤ ਦੌਰਾਨ ਟਰੱਸਟ ਆਗੂਆਂ ਨੇ ਕਿਹਾ ਕਿ ਧਰਤੀ ਉਪਰ ਡਾਕਟਰ ਦਾ ਰੁਤਬਾ ਪ੍ਰਮਾਤਮਾ ਤੋਂ ਬਾਅਦ ਅਤੇ ਸਭ ਤੋਂ ਪਵਿੱਤਰ ਅਤੇ ਪੂਜਣਯੋਗ ਹੁੰਦਾ ਹੈ। ਇਸ ਮੌਕੇ ਸ੍ਰੀ ਢੋਸੀਵਾਲ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਕੁਸ਼ਲ ਡਾਕਟਰ ਅਤੇ ਨਿਡਰ ਐਡਮਿਨਿਸਟ੍ਰੇਟਰ ਮਿਲਿਆ ਹੈ। ਡਾ. ਸੂਦ ਦਾ ਕਾਰਜਕਾਲ ਭਾਵੇਂ ਕਾਫ਼ੀ ਚੁਣੌਤੀ ਪੂਰਨ ਰਿਹਾ ਹੈ, ਪਰੰਤੂ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਪ੍ਰਬੰਧਕੀ ਕਾਰਜਕੁਸ਼ਲਤਾ ਸਦਕਾ ਹੀ ਯੂਨੀਵਰਸਿਟੀ ਸਮੁੱਚੀ ਸਫਲਤਾ ਦੀ ਉਚਾਈਆਂ ਦੇ ਸਿਖ਼ਰ ’ਤੇ ਪਹੁੰਚੀ ਹੋਈ ਹੈ। ਮੁਲਾਕਾਤ ਦੌਰਾਨ ਡਾ. ਸੂਦ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਅਧੀਨ ਸਾਰੇ ਹੀ ਹਸਪਤਾਲਾਂ ਦੇ ਡਾਕਟਰ ਅਤੇ ਬਾਕੀ ਸਟਾਫ ਬਹੁਤ ਕਾਬਲ ਹੈ ਜਿਨ੍ਹਾਂ ਉਪਰ ਉਨ੍ਹਾਂ ਨੂੰ ਪੂਰਾ ਮਾਣ ਹੈ। ਉਨ੍ਹਾਂ ਨੇ ਡਾਕਟਰਜ਼ ਡੇਅ ’ਤੇ ਸਮੂਹ ਡਾਕਟਰਾਂ ਨੂੰ ਆਪਣੀ ਡਿਊਟੀ ਹੋਰ ਵੀ ਵਧੀਆ ਢੰਗ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ। ਮੁਲਾਕਾਤ ਦੌਰਾਨ ਡਾ. ਸੂਦ ਨੇ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਅਤੇ ਸਮੁੱਚੀ ਟੀਮ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਪੁਰਜੋਰ ਸ਼ਲਾਘਾ ਵੀ ਕੀਤੀ। ਮੁਲਾਕਾਤ ਦੌਰਾਨ ਟਰੱਸਟ ਆਗੂਆਂ ਵੱਲੋਂ ਡਾਕਟਰਜ਼ ਡੇਅ ਦੀ ਵਧਾਈ ਦੇਣ ਸਮੇਂ ਗੁਲਦਸਤਾ ਵੀ ਭੇਂਟ ਕੀਤਾ ਗਿਆ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਜਲਦੀ ਹੀ ਟਰੱਸਟ ਵੱਲੋਂ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ਲਈ ਡਾ. ਸੂਦ ਨਾਲ ਮਿਲ ਕੇ ‘‘ਐਪਰੀਸੀਏਸ਼ਨ ਅਵਾਰਡ ’’ ਦਿੱਤਾ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





