ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੇ ਹਮਾਇਤੀਆਂ ’ਤੇ ਚੋਣਾਂ ਨੂੰ ਲੈ ਕੇ ਝੂਠ ਬੋਲਣ ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ। ਕੈਪੀਟਲ ਹਿੱਲ (ਅਮਰੀਕੀ ਸੰਸਦ ਭਵਨ) ’ਤੇ ਹੋਏ ਹਮਲੇ ਦਾ ਇੱਕ ਸਾਲ ਪੂਰਾ ਹੋਣ ਮੌਕੇ ਬਾਇਡਨ ਨੇ ਇਹ ਬਿਆਨ ਦਿੱਤਾ। ਜ਼ਿਕਰਯੋਗ ਹੈ ਕਿ ਟਰੰਪ ਨੇ 3 ਨਵੰਬਰ 2020 ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਹਾਰ ਸਵੀਕਾਰ ਨਹੀਂ ਕੀਤੀ ਸੀ ਅਤੇ ਉਨ੍ਹਾਂ ਚੋਣਾਂ ’ਚ ਧੋਖਾਧੜੀ ਦੇ ਦੋਸ਼ ਲਾਏ ਸਨ। ਟਰੰਪ ਨੇ ਇਨ੍ਹਾਂ ਦੋਸ਼ਾਂ ਵਿਚਾਲੇ ਸੰਸਦ ਭਵਨ ’ਤੇ ਉਨ੍ਹਾਂ ਦੇ ਹਮਾਇਤੀਆਂ ਨੇ ਛੇ ਜਨਵਰੀ ਨੂੰ ਕਥਿਤ ਤੌਰ ’ਤੇ ਹਿੰਸਾ ਕੀਤੀ ਸੀ।
ਬਾਇਡਨ ਨੇ ਕਿਹਾ, ‘ਇਤਿਹਾਸ ’ਚ ਪਹਿਲੀ, ਇੱਕ ਰਾਸ਼ਟਰਪਤੀ ਸਿਰਫ਼ ਚੋਣ ਹੀ ਨਹੀਂ ਹਾਰਿਆ ਬਲਕਿ ਉਸ ਨੇ ਕੈਪੀਟਲ ’ਚ ਭੀੜ ਰਾਹੀਂ ਹਿੰਸਾ ਕਰਵਾ ਕੇ ਸੱਤਾ ਦੇ ਸ਼ਾਂਤਮਈ ਢੰਗ ਨਾਲ ਤਬਦੀਲ ਹੋਣ ਦੀ ਪ੍ਰਕਿਰਿਆ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘ਤੁਸੀਂ ਸਿਰਫ਼ ਜਿੱਤ ਕੇ ਹੀ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰ ਸਕਦੇ।’ ਰਾਸ਼ਟਰਪਤੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਹਮਾਇਤੀ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਚੋਣ ਦੇ ਦਿਨ ਨੂੰ ਵਿਦਰੋਹ ਦੇ ਦਿਨ ਵਜੋਂ ਅਤੇ ਛੇ ਜਨਵਰੀ ਨੂੰ ਇੱਥੇ ਹੋਏ ਦੰਗਿਆਂ ਨੂੰ ਲੋਕਾਂ ਇੱਛਾ ਦੇ ਸੱਚੇ ਪ੍ਰਗਟਾਵੇ ਵਜੋਂ ਦੇਖੋ।
ਉਨ੍ਹਾਂ ਕਿਹਾ, ‘ਸਾਨੂੰ ਇਸ ਗੱਲ ਨੂੰ ਲੈ ਕੇ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਕੀ ਸੱਚ ਹੈ ਤੇ ਕੀ ਝੂਠ।’ ਕੈਪੀਟਲ ਹਿੱਲ ’ਚ ਬਾਇਡਨ ਦੇ ਭਾਸ਼ਣ ਦੌਰਾਨ ਵਧੇਰੇ ਰਿਬਲਿਕਨ ਸੰਸਦ ਮੈਂਬਰ ਗ਼ੈਰਹਾਜ਼ਰ ਰਹੇ ਜਾਂ ਚੁੱਪ ਰਹੇ।
ਦੂਜੇ ਪਾਸੇ ਫਲੋਰਿਡਾ ’ਚ ਟਰੰਪ ਨੇ ਇੱਕ ਵਾਰ ਫਿਰ 2020 ਦੀਆਂ ਰਾਸ਼ਟਰਪਤੀ ਚੋਣਾਂ ’ਤੇ ਸਵਾਲ ਚੁੱਕੇ ਤੇ ਛੇ ਜਨਵਰੀ ਨੂੰ ਕੈਪੀਟਲ ’ਚ ਹਜ਼ਾਰਾਂ ਹਮਾਇਤੀਆਂ ਨੂੰ ਭੇਜਣ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly