ਸੱਚੋ-ਸੱਚ / ਆਪਣੀ ਮਿੱਤਰਤਾ ਦਾ ਦਾਇਰਾ ਵਿਸ਼ਾਲ ਰੱਖੋ 

ਰਣਜੀਤ ਸਿੰਘ ਨੂਰਪੁਰਾ
   (ਸਮਾਜ ਵੀਕਲੀ)-ਆਪਣੇ ਦਿਮਾਗ ਨੂੰ ਵਿਕਸਤ ਕਰਨ ਪੱਖੋਂ ਚਾਰ ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਸਾਨੂੰ ਹੋਰਨਾਂ ਲੋਕਾਂ ‘ਚ ਦਿਲਚਸਪੀ ਲੈਣੀ ਚਾਹੀਦੀ ਹੈ। ਸਾਨੂੰ ਸਿਹਤ, ਸਿੱਖਣ, ਸੇਵਾ ਅਤੇ ਸਫਲਤਾ ਪ੍ਰਾਪਤ ਕਰਨ ਲਈ ਲੋਕਾਂ ਨਾਲ ਜੁੜ ਕੇ ਰਹਿਣਾ ਪਵੇਗਾ। ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਨ ਲਈ ਆਪਣੇ ਦਿਮਾਗ ਨੂੰ ਵਿਕਸਤ ਕਰਨਾ ਹੈ। ਇਹ ਵੀ ਸੱਚ ਹੈ ਕਿ ਜਿਹੜਾ ਆਦਮੀ ਪੂਰੀ ਤਰ੍ਹਾਂ ਆਤਮ-ਕੇਂਦਰਿਤ ਹੁੰਦਾ ਹੈ-ਜਿਸ ਦਾ ਕਿ ਹੋਰਾਂ ਨਾਲ ਕੌਲ-ਕਰਾਰ ਨਹੀਂ ਹੁੰਦਾ -ਉਹ ਅਸੰਤੁਲਨ ਦਾ ਸ਼ਿਕਾਰ ਹੋ ਸਕਦਾ ਹੈ। ਭਾਵਕਿ ਹੋਰਨਾਂ ਬਾਰੇ ਗੌਰ ਕਰਦੇ ਰਹਿਣ ਨਾਲ ਅਸੀਂ ਮਾਨਸਿਕ ਰੂਪ ‘ਚ ਤੰਦਰੁਸਤ ਰਹਿ ਸਕਦੇ ਹਾਂ।
         ਗੁਣੀ ਵਿਅਕਤੀਆਂ ਨਾਲ ਸਬੰਧ ਬਣਾ ਕੇ ਰੱਖਣੇ ਬਹੁਤ ਵਧੀਆ ਗੱਲ ਹੈ। ਕਈ ਵਿਅਕਤੀ ਧਨ-ਦੌਲਤ ਆ ਜਾਣ ‘ਤੇ ਗਰੀਬਾਂ ਤੋਂ ਕਿਨਾਰਾ ਕਰਨ ਲੱਗ ਜਾਂਦੇ ਹਨ। ਇਸੇ ਤਰ੍ਹਾਂ ਪੜ੍ਹੇ-ਲਿਖੇ ਅਨਪੜ੍ਹਾਂ ਤੋਂ ਦੂਰੀ ਬਣਾ ਲੈਂਦੇ ਹਨ। ਇਹ ਵਰਤਾਰਾ ਠੀਕ ਨਹੀਂ ਹੈ। ਜਿਸਦੇ ਮਿੱਤਰ ਸਿਰਫ਼ ਆਪਣੇ ਦਾਇਰੇ ਦੇ ਲੋਕਾਂ ਤੱਕ ਸੀਮਤ ਹੁੰਦੇ ਹਨ, ਉਹ ਛੋਟੀ ਦੁਨੀਆ ਵਿੱਚ ਜਿਉਂ ਰਹੇ ਹੁੰਦੇ ਹਨ। ਮਾਨੋ ਉਹ ਆਪਣਾ ਸਮਾਜ ਵਿਚਲਾ ਪ੍ਰਭਾਵ ਘਟਾ ਲੈਂਦੇ ਹਨ ਤੇ ਆਪਣੇ ਮਾਨਸਿਕ -ਵਿਕਾਸ ਨੂੰ ਰੋਕ ਲੈਂਦੇ ਹਨ। ਉਹ ਆਪਣੇ ਦਾਇਰੇ ਦੇ ਲੋਕਾਂ ਕੋਲੋਂ ਸਿੱਖਣ ਜੋਗੇ ਰਹਿ ਜਾਂਦੇ ਹਨ। ਸਮਝਣਾ ਬਹੁਤ ਜ਼ਰੂਰੀ ਹੈ ਕਿ ਹਰ ਵਿਅਕਤੀ ਕੋਲੋਂ ਸਿੱਖਣ ਲਈ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ। ਤੁਹਾਡੇ ਅੰਦਰ ਸਿੱਖਣ ਦੀ ਤੜਪ ਹੋਣੀ ਚਾਹੀਦੀ ਹੈ। ਕਿਸੇ ਵਿਅਕਤੀ ਬਾਰੇ ਅਕਸਰ ਸਾਡੀ ਰਾਇ ਹੁੰਦੀ ਹੈ ਕਿ ਉਸ ਕੋਲ ਗਿਆਨ ਬਹੁਤ ਹੈ। ਜਿਹੜੀ ਮਰਜ਼ੀ ਗੱਲ ਪੁੱਛ ਲਵੋ-ਝੱਟ ਜਵਾਬ ਦੇ ਦਿੰਦਾ ਹੈ। ਲਗਪਗ ਹਰ ਪਿੰਡ/ਕਸਬੇ ਵਿੱਚ ਦੋ-ਚਾਰ ਅਜਿਹੇ ਵਿਅਕਤੀ ਲਾਜ਼ਮੀ ਹੁੰਦੇ ਹਨ ਜਿਨ੍ਹਾਂ ਦੀ ਰਾਇ-ਸਲਾਹ ਲੈਣ ਲਈ ਪਿੰਡ ਦੇ ਵਿਅਕਤੀ ਉਨ੍ਹਾਂ ਕੋਲ ਜਾਂਦੇ ਹਨ ਤੇ ਅੱਗੋਂ ਉਹ ਸਲਾਹ ਵੀ ਚੰਗੀ ਦੇ ਦਿੰਦੇ ਹਨ ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਕੀ ਉਹ ਮਾਂ ਦੇ ਪੇਟ ਵਿੱਚੋਂ ਹੀ ਸਭ ਕੁਝ ਸਿੱਖ ਕੇ ਆਏ ਸਨ? ਜੀ ਨਹੀਂ। ਜਨਮ ਵੇਲੇ ਉਨ੍ਹਾਂ ਦਾ ਦਿਮਾਗ ਵੀ ਸਿਫ਼ਰ ਸੀ। ਉਨ੍ਹਾਂ ਸਮਾਜ ਵਿੱਚੋਂ ਹੀ ਸਭ ਕੁੱਝ ਸਿੱਖਿਆ। ਜਾਂ ਇਹ ਆਖ ਸਕਦੇ ਹਾਂ ਕਿ ਉਨ੍ਹਾਂ ਦੀ ‘ ਜਗਿਆਸਾ ‘ ਹੀ ਇੰਨੀਂ ਜ਼ਿਆਦਾ ਪ੍ਰਬਲ ਸੀ ਕਿ ਉਨ੍ਹਾਂ ਹਰ ਸਮੱਸਿਆ ਦਾ ਕਾਰਨ ਤੇ ਹੱਲ਼ ਜਾਣਿਆ। ਉਨ੍ਹਾਂ ਦੇ ਮਿੱਤਰਾਂ ਦਾ ਦਾਇਰਾ ਵੀ ਵਿਸ਼ਾਲ ਬਣਿਆ ਤੇ ਹਰ ਇੱਕ ਤੋਂ ਕੁਝ ਨਾ ਕੁਝ ਸਿੱਖਿਆ।
ਮਤਲਬ ਕਿ ਉਨ੍ਹਾਂ ਦੇ ਸਮਾਜ ਵਿੱਚ ਸ੍ਰੋਤ ਹੀ ਇੰਨੇ ਜ਼ਿਆਦਾ ਬਣ ਗਏ ਕਿ ਉਨ੍ਹਾਂ ਦੀ ਸਿੱਖਣ-ਰੁੱਚੀ ਦਾ ਕੱਦ ਵੀ ਵਧਦਾ ਗਿਆ ਤੇ ਉਸ ਦੀ ਤ੍ਰਿਪਤੀ ਵੀ ਹੁੰਦੀ ਰਹੀ।
                   ਵੱਖ-ਵੱਖ ਰੁੱਚੀਆਂ/ ਕੰਮਾਂ/ ਸੁਭਾਵਾਂ ਵਾਲੇ ਲੋਕ ਹੀ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ ਤੇ ਇਸੇ ਕਰਕੇ ਤੁਹਾਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣੀ ਮਿੱਤਰਤਾ ਦਾ ਦਾਇਰਾ ਵਿਸ਼ਾਲ ਰੱਖੋ ਤੇ ਉਨ੍ਹਾਂ ਨਾਲ ਜੁੜ੍ਹ ਕੇ ਰਹੋ। ਯਕੀਨਨ ਤੁਹਾਡੀਆਂ ਨਿੱਜੀ ਸਮੱਸਿਆਵਾਂ ਬਹੁਤ ਘੱਟ ਹੋਣਗੀਆਂ ਤੇ ਤੁਹਾਡੀ ਰਾਇ-ਸਲਾਹ ਦੀ ਕੀਮਤ ਹੋਵੇਗੀ। ਮਿੱਤਰ ਭਾਵੇਂ ਅਨਪੜ੍ਹ ਹੋਣ ਤੇ ਭਾਵੇਂ ਪੜ੍ਹੇ-ਲਿਖੇ। ਅਮੀਰ ਹੋਣ ਭਾਵੇਂ ਗ਼ਰੀਬ -ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਬੱਸ, ਮਿੱਤਰ ਚਾਹੀਦੇ ਹਨ। ਇੱਕ ਚੰਗਾ ਮਿੱਲ੍ਹ ਮਾਲਕ ਮਿੱਲ੍ਹ ਵਿਚਲੇ ਕੰਮ ਕਰਨ ਵਾਲੇ ਲੋਕਾਂ ਨਾਲ਼ ਇਸੇ ਕਰਕੇ ਵਧੀਆ ਸਬੰਧ ਬਣਾ ਕੇ ਰੱਖਦਾ ਹੈ ਕਿਉਂਕਿ ਜੇ ਮਾਲਕ ਆਪਣੇ ਲੋਕਾਂ ਦਾ ਖਿਆਲ ਰੱਖੇਗਾ ਤਾਂ ਯਕੀਨਨ ਕਾਮੇ ਲੋਕ ਵੀ ਮਾਲਕ ਦਾ ਖਿਆਲ ਰੱਖਣਗੇ। ਉਹ ਉਸ ਦੀ ਕਾਮਯਾਬੀ ਲਈ ਡਟ ਕੇ ਕੰਮ ਕਰਨ ਗੇ। ਜੇ ਮਾਲਕ ਕਾਮੇ-ਲੋਕਾਂ ਦੇ ਕੰਮ ਕਰਨ ਦੇ ਢੰਗ-ਤਰੀਕੇ ਤੋਂ ਪ੍ਰਸੰਨ ਹੋਵੇਗਾ ਤਾਂ ਉਹ ਮਿੱਲ੍ਹ ਕਦੇ ਘਾਟਾ ਨਹੀਂ ਖਾਵੇਗੀ। ਵਪਾਰੀ ਲੋਕ ਇਹ ਗੱਲ ਹਮੇਸ਼ਾ ਮੰਨਕੇ ਚੱਲਦੇ ਹਨ ਕਿ ਹਰ ਕੰਮ ‘ਚ ਕਾਮਯਾਬੀ ਲੋਕਾਂ ਦੇ ਹੱਥ ਹੈ ਜਿਹੜੇ ਕਿ ਉਨ੍ਹਾਂ ਦੇ ਕੰਮ ਨਾਲ ਜੁੜੇ ਹੋਏ ਹਨ। ਲੇਬਰ ਨਾਲ ਅੱਖੜ ਵਤੀਰਾ ਰੱਖਣ ਵਾਲਾ ਉਚਾਈਆਂ ਹਾਸਲ ਨਹੀਂ ਕਰ ਸਕਦਾ ਤੇ ਲੇਬਰ ਬਦਲਣ ਵਿਚ ਹੀ ਸਮਾਂ ਨਸ਼ਟ ਕਰਦਾ ਰਹੇਗਾ।
       ਸੋ ਸਮਾਜ ਵਿੱਚ ਵਿਚਰਦਿਆਂ ਇਹ ਬਹੁਤ ਜ਼ਰੂਰੀ ਹੈ ਕਿ ਹਰ ਖੇਤਰ ਨਾਲ ਸਬੰਧਤ ਲੋਕ ਤੁਹਾਡੀ ਮਿੱਤਰਤਾ ਦੇ ਦਾਇਰੇ ਵਿੱਚ ਹੋਣ। ਇਹ ਤੁਹਾਡੇ ਹੀ ਹਿੱਤ ਵਿੱਚ ਹੈ ਤੇ ਤੁਹਾਨੂੰ ਇਸ ਦਾ ਬੇਹੱਦ ਲਾਭ ਹੁੰਦਾ ਰਹੇਗਾ।  ਤੁਸੀਂ ਖੁਦ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਉਂਗੇ ਕਿ ਕਈ ਖੇਤਰਾਂ ਦੇ ਵਿਅਕਤੀਆਂ ਨਾਲ ਸਬੰਧ ਬਣਾ ਕੇ ਰੱਖਣ ਵਾਲਾ ਵਿਅਕਤੀ ਚਿੜਚਿੜਾ ਅਤੇ ਆਕੜਬਾਜ਼ ਬਣਨੋਂ ਬਚਿਆ ਰਹੇਗਾ ਤੇ ਮਾਨਸਿਕ ਰੂਪ ‘ਚ ਹਮੇਸ਼ਾ ਨੌ-ਬਰ-ਨੌ ਰਹੇਗਾ। ਸੋ ਆਪਣੀ ਮਿੱਤਰਤਾ ਦਾ ਦਾਇਰਾ ਵਿਸ਼ਾਲ ਕਰਕੇ ਵੇਖੋ, ਫਿਰ ਹੀ ਤੁਹਾਨੂੰ ਉਸ ਦੀ ਅਹਿਮੀਅਤ ਦਾ ਪਤਾ ਲੱਗੇਗਾ।
–ਰਣਜੀਤ ਸਿੰਘ ਨੂਰਪੁਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਗਾਇਕੀ ਦੀ ਨਸ਼ੇ, ਹਥਿਆਰ, ਫੁਕਰੇਪਣ ਵਾਲੀ ਅਸੱਭਿਅਕ ਸ਼ਬਦਾਵਲੀ ਚਿੰਤਾਜਨਕ 
Next articleਯਾਦ ਰੱਖਦਾ ਵਿਸਾਖੀ