(ਸਮਾਜ ਵੀਕਲੀ)
ਪੰਜਾਬ ਸਰਕਾਰ ਵੱਲੋਂ ਆਟਾ -ਦਾਲ ਸਕੀਮ ਤਹਿਤ ਲੋੜੀਂਦੇ ਖਪਤਕਾਰਾਂ ਨੂੰ ਪਹਿਲਾਂ ਡਿੱਪੂ ਹੋਲਡਰ ਦੋ ਰੁਪਏ ਰੁਪਏ ਕਿੱਲੋ ਵਾਲੀ ਕਣਕ ਵੰਡਦੇ ਸਨ। ਉਸ ਕਣਕ ਵਿੱਚ ਪਤਾ ਨਹੀਂ ਕੀ ਮਿਲਾਇਆ ਜਾਂਦਾ ਸੀ ਕਿ ਕਈ ਵਾਰ ਤਾਂ ਉਹ ਪਸ਼ੂਆਂ ਨੂੰ ਪਾਉਣੀ ਪੈਂਦੀ ਸੀ। ਲੋਕ, ਕਦੇ ਸਰਕਾਰ ਨੂੰ ਭੰਡਦੇ ਸਨ, ਕਦੇ ਡਿੱਪੂ ਹੋਲਡਰਾਂ ਨੂੰ ਤੇ ਕਦੇ ਗੁਦਾਮਾਂ ਵਾਲਿਆਂ ਨੂੰ ਕਿਉਂਕਿ ਕੋਈ ਨਾ ਕੋਈ ਤਾਂ ‘ ਹੇਰ-ਫੇਰ ‘ ਅਕਸਰ ਕਰਦਾ ਹੀ ਸੀ। ਜਦੋਂ ਡਿੱਪੂ ਹੋਲਡਰ ਕਣਕ ਵੰਡਣ ਲਈ ਲਿਜਾਂਦੇ ਸਨ ਤਾਂ ਉਹ ਅਕਸਰ ਸਿੱਲ੍ਹੀ ਹੁੰਦੀ ਸੀ। ਮਤਲਬ ਸਾਫ਼ ਕਿ ਉਸ ਵਿੱਚ ਪਾਣੀ ਪਾਇਆ ਜਾਂਦਾ ਸੀ।
ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਸੀ ਕਿ ਗੁਦਾਮਾਂ ਵਿਚ ਬੋਰੀਆਂ ਵਿੱਚੋਂ ਕਣਕ ਕੱਢ ਲਈ ਜਾਂਦੀ ਸੀ ਤੇ ਬੋਰੀਆਂ ਦਾ ਵਜ਼ਨ ਪੂਰਾ ਰੱਖਣ ਲਈ ਉਨ੍ਹਾਂ ‘ਤੇ ਪਾਣੀ ਛਿੜਕ ਦਿੱਤਾ ਜਾਂਦਾ ਸੀ। ਅਗਲੇ ਦਿਨ ਉਹੀ ਸਿੱਲ੍ਹੀ ਕਣਕ ਖਪਤਕਾਰਾਂ ਵਿੱਚ ਵੰਡ ਦਿੱਤੀ ਜਾਂਦੀ ਸੀ। ਹੁਣ ਨਾ ਤਾਂ ਇਹ ਸਿੱਲ੍ਹੀ ਕਣਕ ਪਿਸੀ ਹੁੰਦੀ ਸੀ ਤੇ ਨਾ ਹੀ ਬੋਰੀਆਂ ਵਿੱਚ ਬੰਦ ਰੱਖੀ ਜਾ ਸਕਦੀ ਸੀ ਸਗੋਂ ਲੋਕਾਂ ਨੂੰ ਇਹ ਪਹਿਲਾਂ ਸੁਕਾਉਣੀ ਪੈਂਦੀ ਸੀ।
ਪਿਛਲੇ ਸਮੇਂ ਅਜਿਹੇ ਬੜੇ ਮਾਮਲੇ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਕਿ ਡਰੰਮਾਂ ਵਿੱਚ ਪੂਰੀ ਸੰਭਾਲ ਨਾਲ ਰੱਖੀ ਕਣਕ ਖ਼ਰਾਬ ਹੋ ਜਾਂਦੀ ਸੀ,ਖਰਾਬ ਵੀ ਇੰਨੀ ਜ਼ਿਆਦਾ ਕਿ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਰਹਿੰਦੀ ਸੀ। ਕਾਰਨ ਬਾਅਦ ਵਿੱਚ ਇਹ ਨਿੱਕਲਿਆ ਕਿ ਜਿਹੜੇ ਖਪਤਕਾਰ ਡਿੱਪੂ ‘ਚੋਂ ਮਿਲੀ ਕਣਕ ਦੇ ਗੱਟੂ ਆਪਣੇ ਢੋਲਾਂ ਵਿੱਚਲੀ ਕਣਕ ਵਿੱਚ ਉਲੱਦਦੇ ਰਹੇ, ਉਨ੍ਹਾਂ ਦੀ ਚੰਗੀ -ਭਲੀ ਕਣਕ ਦਾ ਵੀ ਭੱਠਾ ਬਹਿੰਦਾ ਰਿਹਾ ਕਿਉਂਕਿ ਬੋਰੀਆਂ ਵਿਚਲੀ ਸਿੱਲ੍ਹੀ ਕਣਕ ਚੰਗੀ-ਭਲੀ ਘਰੇਲੂ ਕਣਕ ਦਾ ਭੱਠਾ ਵੀ ਬਹਾਉਂਦੀ ਰਹੀ। ਇਹ ਮਾਮਲਾ ਅਖ਼ਬਾਰਾਂ ਵਿੱਚ ਵੀ ਉਜਾਗਰ ਹੁੰਦਾ ਰਿਹਾ ਤੇ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਵੀ ਜਾਂਦਾ ਰਿਹਾ ਸੀ ਪਰ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ। ਇਹ ਹੇਰ-ਫੇਰ ਗੁਦਾਮਾਂ ਵਿੱਚ ਮਿਲ-ਮਿਲਾ ਕੇ ਵੱਡੀ ਪੱਧਰ ‘ਤੇ ਹੁੰਦਾ ਰਿਹਾ ਤੇ ਇਨਸਾਨੀਅਤ ਨਾਲ ਸ਼ਰੇਆਮ ਖਿਲਵਾੜ ਹੁੰਦਾ ਰਿਹਾ। ਮਿਲਾਵਟਾਂ ਕਰਨ ਵਾਲਿਆਂ ਨੇ ਬੀਤੇ ਸਮਿਆਂ ਵਿੱਚ ਬਹੁਤ ਸਰਮਾਇਆ ਅਜਿਹੀਆਂ ਘਿਨਾਉਣੀਆਂ ਹਰਕਤਾਂ ਨਾਲ ਇਕੱਠਾ ਕੀਤਾ ਹੈ।
ਹੁਣ ਪੰਜਾਬ ਦੀ ਮਾਨ-ਸਰਕਾਰ ਨੇ ਇਨ੍ਹਾਂ ਸਾਰੇ ਘਾਲੇ-ਮਾਲਿਆਂ ਦੀ ਸੰਘੀ ਘੁੱਟਣ ਲਈ ਕਣਕ ਵੰਡਣ ਦਾ ਜੋ ਪ੍ਰੋਗਰਾਮ ਚਲਾਇਆ ਹੈ, ਉਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਸਾਫ਼ -ਸੁਥਰੀ ਕਣਕ/ ਆਟੇ ਦੇ ਪੰਜ -ਪੰਜ ਕਿੱਲੇ ਪਲਾਸਟਿਕ ਦੇ ਬੈਗ ਬਣਾ ਦਿੱਤੇ ਹਨ। ਇਹ ਬਾਹਰੋਂ ਜਿਵੇਂ ਮਰਜ਼ੀ ਗਿੱਲੇ ਹੋਈ ਜਾਣ ਪਰ ਕਣਕ/ਆਟਾ ਸੁਰੱਖਿਅਤ ਰਹੇਗਾ। ਅਹਿਮ ਗੱਲ ਇੱਥੇ ਇਹ ਕਿ ਇਹ ਕਣਕ ਟੀਮਾਂ ਵੱਲੋਂ ਘਰ-ਘਰ ਜਾ ਕੇ ਵੰਡੀ ਜਾ ਰਹੀ ਹੈ। ਮਰਜ਼ੀ ਖਪਤਕਾਰਾਂ ਦੀ ਹੈ ਕਿ ਉਹ ਚਾਹੇ ਕਣਕ ਲੈ ਸਕਦੇ ਹਨ ਤੇ ਚਾਹੇ ਆਟਾ। ਵੰਡਣ ਵਾਲੇ ਘਰ ਦਾ ਹੁੱਲੀਆ ਤੇ ਘਰ ‘ਚ ਖੜ੍ਹੇ ਵਾਹਨ ਵੀ ਵੇਖ ਦੇ ਹਨ। ਨਿਰਸੰਦੇਹ ਇਸ ਤਰ੍ਹਾਂ ਉਹ ਚਲਾਕ ਲੋਕ ਇਸ ਸਕੀਮ ‘ਚੋਂ ਦੁਵੱਲੇ ਜਾ ਸਕਣਗੇ ਜਿਹੜੇ ਸ਼ਰਤਾ ਉਲੰਘਕੇ ਗਰੀਬਾਂ ਦਾ ਅਨਾਜ ਹੜੱਪੀ ਜਾ ਰਹੇ ਹਨ। ਇਹ ਫੈਸਲਾ ਹੈ ਤਾਂ ਬਹੁਤ ਵਧੀਆ ਪਰ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਕਣਕ ਵੰਡਣ ਲਈ ਸਮੇਂ ਦੀ ਵੱਡੀ ਲੋੜ ਪਵੇਗੀ। ਤਰੀਕਾ ਸਲਾਹੁਣਯੋਗ ਹੈ ਤੇ ਇਸ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ।
-ਰਣਜੀਤ ਸਿੰਘ ਨੂਰਪੁਰਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly