ਕੇਂਦਰੀ ਏਜੰਸੀ ਈ ਡੀ ਵੱਲੋਂ ਨਾਮਵਰ ਵਿਦਵਾਨ ਡਾ. ਨਵਸ਼ਰਨ ਕੋਲੋਂ ਬੇਵਜ੍ਹਾ ਕੀਤੀ ਪੁੱਛਗਿੱਛ ਦਾ ਤਰਕਸ਼ੀਲਾਂ ਵੱਲੋਂ ਸਖ਼ਤ ਵਿਰੋਧ

ਡਾਕਟਰ ਨਵਸ਼ਰਨ ਹਨ ਜਮਹੂਰੀ ਹੱਕਾਂ ਦੇ ਝੰਡਾ ਬਰਦਾਰ ਰਹੇ ਮਰਹੂਮ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ( ਭਾਈ ਮੰਨਾ ਸਿੰਘ) ਦੀ ਹੋਣਹਾਰ ਸਪੁੱਤਰੀ

(ਸਮਾਜ ਵੀਕਲੀ): ਤਰਕਸ਼ੀਲ਼ ਸੁਸਾਇਟੀf ਪੰਜਾਬ ਇਕਾਈ ਸੰਗਰੂਰ ਨੇ ਕੇਂਦਰੀ ਏਜੰਸੀ ਈਡੀ ਵਲੋਂ ਬਿਨਾਂ ਕਿਸੇ ਦੋਸ਼ ਦੇ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਅਤੇ ਨਾਮਵਰ ਵਿਦਵਾਨ ਡਾ. ਨਵਸ਼ਰਨ ਨੂੰ ਸੰਮਨ ਭੇਜ ਕੇ ਅੱਠ ਘੰਟੇ ਪੁੱਛ ਪੜਤਾਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਇਸਨੂੰ ਦੇਸ਼ ਦੀ ਸਮੁੱਚੀ ਲੋਕ ਪੱਖੀ ਜਮਹੂਰੀ ਲਹਿਰ ਉਤੇ ਵੱਡਾ ਹਮਲਾ ਕਰਾਰ ਦਿੰਦਿਆਂ ਸਮੂਹ ਲੋਕ ਪੱਖੀ ਅਤੇ ਜਮਹੂਰੀ ਜਨਤਕ ਜਥੇਬੰਦੀਆਂ ਨੂੰ ਬੁੱਧੀਜੀਵੀਆਂ ਦੇ ਖਿਲਾਫ ਮੋਦੀ ਹਕੂਮਤ ਦੀ ਇਸ ਤਾਨਾਸ਼ਾਹੀ ਕਾਰਵਾਈ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।

ਇਸ ਸਬੰਧੀ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ , ਸੀਤਾ ਰਾਮ ,ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਜਸਦੇਵ ਸਿੰਘ ਨੇ ਮੋਦੀ ਹਕੂਮਤ ਦੀ ਗੈਰ ਜਮਹੂਰੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਪ੍ਰੈਸ ਮਿਲਣੀ ਵਿੱਚ ਕਿਹਾ ਕਿ ਡਾ.ਨਵਸ਼ਰਨ ਹਕੂਮਤਾਂ ਦੀਆਂ ਸਾਮਰਾਜੀ ਪੱਖੀ ਆਰਥਿਕ ਨੀਤੀਆਂ, ਫਿਰਕੂ ਹਮਲਿਆਂ,ਕਾਲੇ ਕਾਨੂੰਨਾਂ, ਝੂਠੇ ਕੇਸਾਂ ਤੇ ਨਜਾਇਜ ਗ੍ਰਿਫਤਾਰੀਆਂ ਦੇ ਸਤਾਏ ਹੋਏ ਕਿਸਾਨਾਂ,ਮਜ਼ਦੂਰਾਂ, ਔਰਤਾਂ,ਆਦਿਵਾਸੀਆਂ, ਦਲਿਤਾਂ ਅਤੇ ਹੋਰਨਾਂ ਪੀੜਤ ਵਰਗਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਲਗਾਤਾਰ ਜਮਹੂਰੀ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸੇ ਲਈ ਮੋਦੀ ਹਕੂਮਤ ਉਨ੍ਹਾਂ ਨੂੰ ਹੋਰਨਾਂ ਬੁੱਧੀਜੀਵੀਆਂ ਵਾਂਗ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟਣਾ ਚਾਹੁੰਦੀ ਹੈ ਜਿਸਦਾ ਡਟਵਾਂ ਵਿਰੋਧ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਡਾ.ਨਵਸ਼ਰਨ ਨੇ ਆਪਣੇ ਪਿਤਾ ਪ੍ਰਸਿੱਧ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਵਿਰਾਸਤ ਉੱਤੇ ਪਹਿਰਾ ਦਿੰਦੇ ਹੋਏ ਹਮੇਸ਼ਾਂ ਜਮਹੂਰੀਅਤ,ਧਰਮ ਨਿਰਪੱਖਤਾ ਅਤੇ ਕਿਰਤੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਨਿਡਰਤਾ ਨਾਲ ਆਵਾਜ਼ ਬੁਲੰਦ ਕੀਤੀ ਹੈ ਅਤੇ ਹੁਣ ਪੰਜਾਬ ਸਮੇਤ ਦੇਸ਼ ਭਰ ਦੀਆਂ ਤਮਾਮ ਲੋਕ ਪੱਖੀ ਜਮਹੂਰੀ ਜਨਤਕ ਜਥੇਬੰਦੀਆਂ ਕੇਂਦਰੀ ਏਜੰਸੀਆਂ ਵਲੋਂ ਡਾ. ਨਵਸ਼ਰਨ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਉਸ ਦੀ ਪਿੱਠ ਉੱਤੇ ਖੜੀਆਂ ਹਨ। ਤਰਕਸ਼ੀਲ ਆਗੂਆਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਪੁੱਛ ਪੜਤਾਲ ਦੇ ਨਾਮ ਹੇਠ ਡਾ ਨਵਸ਼ਰਨ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਖਜਲ ਖੁਆਰ ਕਰਨਾ ਬੰਦ ਕੀਤਾ ਜਾਵੇ।

ਤਰਕਸ਼ੀਲ ਸੁਸਾਇਟੀ ਨੇ ਡਾ.ਨਵਸ਼ਰਨ ਦੀ ਡਟਵੀਂ ਹਮਾਇਤ ਕਰਦਿਆਂ ਸਮੂਹ ਲੋਕ ਪੱਖੀ ਅਤੇ ਇਨਸਾਫ ਪਸੰਦ ਜਮਹੂਰੀ ਜਥੇਬੰਦੀਆਂ ਨੂੰ ਮੋਦੀ ਹਕੂਮਤ ਵਲੋਂ ਕੇਂਦਰੀ ਏਜੰਸੀਆਂ ਰਾਹੀਂ ਬੁੱਧੀਜੀਵੀ ਵਰਗ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਵਰਤੇ ਜਾ ਰਹੇ ਗੈਰ ਕਾਨੂੰਨੀ ਹੱਥਕੰਡਿਆਂ ਅਤੇ ਫਾਸ਼ੀਵਾਦੀ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।

ਮਾਸਟਰ ਪਰਮਵੇਦ
ਜੋਨ ਮੁਖੀ
9417422349
ਸੀਤਾ ਰਾਮ
ਜੋਨ ਮੀਡੀਆ ਮੁਖੀ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਕ ਸਾਹਬੂ ਵਿਖੇ ਗੁਰੂਦੁਆਰਾ ਨਾਨਕਸਰ ਬੂੰਗਾ ਤੇ ਗੁਰੂਦੁਆਰਾ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਦੇ ਸੰਬੰਧ ਵਿੱਚ ਸਮਾਗਮ ਆਯੋਜਿਤ
Next articleਸ਼੍ਰੀ ਸ਼ਨੀ ਦੇਵ ਜਯੰਤੀ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੱਲੋਂ ਸ਼ਿਰਕਤ