(ਸਮਾਜ ਵੀਕਲੀ) ਮਨੁੱਖ ਦੇ ਕੋਲ ਜਿੰਨੇ ਵੀ ਰਿਸ਼ਤੇ ਹਨ ਸਭ ਉਸ ਰੱਬ ਵਲੋਂ ਬਖਸ਼ੀ ਹੋਈ ਅਣਮੁੱਲੀ ਦਾਤ ਹਨ , ਸਿਰਫ਼ ਇਕ ਮਿੱਤਰਤਾ ਹੀ ਇਹੋ ਜਿਹਾ ਰਿਸ਼ਤਾ ਹੈ ਜੋ ਮਨੁੱਖ ਨੂੰ ਆਪਣੀ ਜਿੰਦਗੀ ‘ਚ ਆਪ ਲਭਣਾ ਪੈਂਦਾ ਹੈ । ਜਿੰਦਗੀ ‘ਚ ਕਈ ਅਜਿਹੇ ਮੋੜ ਆਉਂਦੇ ਹਨ ਜਿੱਥੇ ਸਾਨੂੰ ਨਵੇਂ – ਨਵੇਂ ਮਿੱਤਰ ਮਿਲਦੇ ਰਹਿੰਦੇ ਹਨ, ਜਿਵੇਂ ਜਦੋਂ ਅਸੀਂ ਸਕੂਲ ਪੜ੍ਹਦੇ ਹੋਈਏ ਤਾਂ ਉੱਥੇ ਸਾਡੇ ਮਿੱਤਰ ਬਣਦੇ ਹਨ, ਜਦੋਂ ਅਸੀਂ ਕਾਲਜ ਜਾਈਏ ਤਾਂ ਓਥੇ ਹੋਰ ਮਿੱਤਰ ਬਣਦੇ ਹਨ, ਫੇਰ ਜਦੋਂ ਅਸੀਂ ਕੋਈ ਕੰਮ ਜੌਬ ਤੇ ਲੱਗ ਜਾਂਦੇ ਹਾਂ ਤਾਂ ਹੋਰ ਵੀ ਨਵੇਂ ਮਿੱਤਰ ਹੁੰਦੇ ਹਨ। ਜਿਵੇਂ – ਜਿਵੇਂ ਜਿੰਦਗੀ ਵਿਚ ਸਾਡਾ ਕੰਮਕਾਰ ,ਰਹਿਣ- ਸਹਿਣ ਬਦਲਦਾ ਹੈ ਉਵੇਂ ਹੀ ਸਾਡੇ ਮਿੱਤਰ ਵੀ ਬਦਲਦੇ ਰਹਿੰਦੇ ਹਨ ।
ਸੱਚੇ ਮਿੱਤਰ ਇੱਕ ਖਜਾਨੇ ਵਰਗੇ ਹੁੰਦੇ ਹਨ ਜਿਹਨਾਂ ਦੇ ਮਿਲਣ ਤੋਂ ਬਾਅਦ ਕੋਈ ਘਾਟ ਨਹੀਂ ਰਹਿੰਦੀ। ਜਿਹਨਾਂ ਨਾਲ ਬਹਿਕੇ ਸਾਡੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਸਾਡੇ ਚੇਹਰੇ ਖਿੜ ਜਾਂਦੇ ਹਨ। ਦਰਅਸਲ ਸੱਚਾ ਮਿੱਤਰ ਓਹ ਹੁੰਦਾ ਹੈ, ਜਿਹਦੇ ਨਾਲ ਬਹਿਕੇ ਕਦੇ ਵੀ ਤੁਹਾਨੂੰ ਨੀਵਾਂ ਮਹਿਸੂਸ ਨਹੀਂ ਹੁੰਦਾ। ਜਿੰਦਗੀ ਵਿੱਚ ਇਹੋ ਜਿਹੇ ਮਿੱਤਰਾਂ ਦਾ ਹੋਣਾ ਵੀ ਬੁਹਤ ਜਰੂਰੀ ਹੁੰਦਾ , ਜਿਹੜੇ ਸਾਡੇ ਨਾਲ ਹਰ ਦੁੱਖ – ਸੁਖ ਵਿੱਚ ਖੜਦੇ ਹਨ । ਅਸਲ ਮਿੱਤਰ ਓਹੀ ਹੁੰਦਾ ਹੈ ਜੋ ਸਾਨੂੰ ਜਿੱਤਦਿਆਂ ਵੇਖ ਆਪ ਹਾਰ ਜਾਏ, ਓਹ ਨਹੀਂ ਜੋ ਸਾਨੂੰ ਜਿੱਤਦਿਆਂ ਵੇਖ ਖੁਸ਼ ਵੀ ਨਾ ਹੋ ਸਕੇ । ਅਜਿਹੇ ਮਿੱਤਰ ਕਰਮਾ ਵਾਲਿਆ ਨੂੰ ਮਿਲਦੇ ਨੇ , ਸੱਚੇ ਦੋਸਤ ਓਹੀ ਹੁੰਦੇ ਨੇ ਜਿਹਨਾਂ ਨਾਲ ਅਸੀਂ ਲੜਦੇ ਵੀ ਰਹੀਏ ਪਰ ਰਹਿੰਦੇ ਇੱਕਠੇ ਹਾਂ ਜਿਹਨਾਂ ਬਿਨਾਂ ਸਾਡਾ ਸਮਾਂ ਨੀ ਬੀਤ ਪਾਉਂਦਾ। ਸਭ ਤੋਂ ਪਹਿਲੇ ਮਿੱਤਰ ਜਿਹਨਾਂ ਨਾਲ ਅਸੀਂ ਸਕੂਲ ਪੜ੍ਹੇ ਹੁੰਦੇ ਹਾਂ ਓਹ ਕਦੇ ਨਹੀਂ ਭੁੱਲਦੇ। ਅਸੀਂ ਹਰ ਰੋਜ਼ ਆਪਣੇ ਮਿੱਤਰਾਂ ਨਾਲ ਸਲਾਹ ਕਰਕੇ ਹੀ ਸਕੂਲ ਜਾਂਦੇ ਹਾਂ ਓਹਨਾ ਨਾਲ ਬਹਿ ਕੇ ਗੱਲਾਂ ਕਰਦੇ ਆ ਪੜ੍ਹਦੇ ਹਾਂ, ਜਿਸ ਦਿਨ ਕਿਸੇ ਵੀ ਕਾਰਨ ਸਾਡਾ ਦੋਸਤ ਸਕੂਲ ਤੋਂ ਛੁੱਟੀ ਕਰਦਾ ਹੈ ਤਾਂ ਸਾਡਾ ਵੀ ਓਹ ਦਿਨ ਜਲਦੀ ਨੀ ਬੀਤਦਾ ਸਾਨੂੰ ਇਸ ਤਰ੍ਹਾਂ ਲਗਦਾ ਕਿ ਅੱਜ ਮੈਨੂੰ ਵੀ ਛੁੱਟੀ ਕਰਨੀ ਚਾਹੀਦੀ ਸੀ।
ਫੇਰ ਜਦੋਂ ਅਸੀਂ ਇਹਨਾਂ ਦੋਸਤਾਂ ਤੋਂ ਵਖ ਹੋ ਜਾਂਦੇ ਹਾਂ ਤਾਂ ਮਿਲਣਾ ਵਰਤਣਾ ਬਹੁਤ ਘਟ ਜਾਂਦਾ ਹੈ, ਪਰ ਦਿਲ ਹਮੇਸ਼ਾਂ ਓਹ ਸਮੇਂ ਨੂੰ ਹੀ ਯਾਦ ਕਰਦਾ ਹੈ ਜਦੋਂ ਅਸੀਂ ਆਪਣੇ ਦੋਸਤਾਂ ਨਾਲ ਹਸਦੇ -ਖੇਡਦੇ ਹੁੰਦੇ ਸੀ । ਜਿਹਨਾਂ ਨੂੰ ਇਹ ਕਹਿ ਕੇ ਹੁਣ ਅਸੀਂ ਇਕ ਦੂਜੇ ਨੂੰ ਨਹੀਂ ਬਲਾਉਣਾ, ਫੇਰ ਦੂਸਰੇ ਦਿਨ ਬਹਿਣਾ, ਖਾਣਾ ਪੀਣਾ ਉਸਦੇ ਨਾਲ ਹੀ ਹੁੰਦਾ ਸੀ। ਉਸਦੇ ਬਿਨਾਂ ਰਹਿ ਵੀ ਨਹੀਂ ਸੀ ਹੁੰਦਾ।
ਪਰ ਇਹੋ ਜਿਹੇ ਦੋਸਤ ਅੱਜ ਕਲ ਬਹੁਤ ਘਟ ਹੁੰਦੇ ਹਨ , ਅੱਜਕਲ੍ਹ ਦੋਸਤੀ ਵਿਚ ਜਦੋਂ ਆਕੜ ਆ ਜਾਂਦੀ ਹੈ ਤਾਂ ਓਹ ਉਸ ਦੋਸਤੀ ਨੂੰ ਖਤਮ ਕਰ ਦਿੰਦੀ ਹੈ, ਅਸੀਂ ਇਹ ਸੋਚਦੇ ਹਾਂ ਕੇ ਓਹ ਸਾਨੂੰ ਪਹਿਲਾ ਬੁਲਾਵੇ ਅਤੇ ਦੂਸਰਾ ਇਹ ਸੋਚਦਾ ਹੈ ਕਿ ਓਹ ਪਹਿਲਾ ਬੁਲਾਵੇ ਬਸ ਏਦਾ ਹੀ ਸਮਾਂ ਨਿਕਲ ਜਾਂਦਾ ਹੈ ਅਤੇ ਦੋਸਤੀ ਖ਼ਤਮ ਹੋ ਜਾਂਦੀ ਹੈ । ਦੋਸਤੀ ਦਾ ਇਹੋ ਦਸਤੂਰ ਹੈ ਕਿ ਦੋਵੇਂ ਧਿਰਾਂ ਇਸ ਨੂੰ ਨਿਭਾਉਣ ਦੀ ਨਿਰੰਤਰ ਕੋਸ਼ਿਸ਼ ਕਰਦੀਆਂ ਰਹਿਣ। ਜਿਵੇਂ ਤਾੜੀ ਇਕ ਹੱਥ ਨਾਲ ਨਹੀਂ ਵੱਜ ਸਕਦੀ, ਉਸੇ ਤਰ੍ਹਾਂ ਇਕ ਪਾਸੇ ਦੀ ਦੋਸਤੀ ਨਹੀਂ ਹੋ ਸਕਦੀ। ਸੱਚੀ ਦੋਸਤੀ ਉਦੋਂ ਹੀ ਨਿਭ ਸਕਦੀ ਹੈ ਜਦ ਦੋਸਤ ਦਾ ਹਰ ਮੁਸ਼ਕਿਲ ਵਿਚ ਪੂਰਾ ਸਾਥ ਦਿੱਤਾ ਜਾਵੇ ਅਤੇ ਉਸ ਦਾ ਸਹੀ ਮਾਰਗਦਰਸ਼ਨ ਕੀਤਾ ਜਾਵੇ।
ਇਸ ਜ਼ਮਾਨੇ ਵਿਚ ਰੱਬ ਨੇ ਜਿਹਨਾਂ ਨੂੰ ਸੁੱਖ ਨਾਲ ਚੰਗੇ ਮਿਲਣਸਾਰ ਦੋਸਤ ਬਖ਼ਸ਼ੇ ਹਨ, ਓਹ ਕਰਮਾ ਵਾਲੇ ਹੀ ਹੁੰਦੇ ਹਨ ਕਿਉਂਕਿ ਦੋਸਤ ਵੀ ਕਿਸੇ ਅਣਮੋਲ ਹੀਰੇ ਨਾਲੋ ਘਟ ਨਹੀ ਹੁੰਦੇ, ਬਸ ਲੋੜ ਹੈ ਇੱਸ ਵਿੱਚ ਭਰੋਸੇ ਦੀ, ਜਿੱਸ ਨਾਲ ਇਸ ਦੀ ਚਮਕ ਹਮੇਸ਼ਾਂ ਬਰਕਰਾਰ ਰਹਿੰਦੀ ਹੈ।
ਪਲਕਪ੍ਰੀਤ ਕੌਰ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly