ਪਟਾਕਾਬਾਜ਼ੀ ‘ਤੇ ਰੋਕ ਨਹੀਂ ਲਾ ਸਕੀ ਦਿੱਲੀ ਸਰਕਾਰ, ਟੀਚੇ ਤੋਂ ਕਿਓੰ ਖੁੰਝੇ ਹੁਕਮਰਾਨ!

(ਸਮਾਜ ਵੀਕਲੀ)

ਸਾਡੇ ਮੁਲਕ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ, ਏਸ ਵਾਰ, ਜ਼ਹਿਰੀ ਹਵਾ ਕਾਰਨ ਚਰਚਾ ਵਿਚ ਹੈ। ਮੌਕਾ-ਮੇਲ ਦੇਖੋ ਕਿ ਇਨ੍ਹਾਂ ਸਤਰਾਂ ਦਾ ਲਿਖਾਰੀ ਹੁਣੇ ਹੁਣੇ “ਸਵਰਾਜ” ਨਾਂ ਦਾ ਓਹ ਕਿਤਾਬਚਾ ਦੂਜੀ ਵਾਰ, ਪੜ੍ਹ ਕੇ ਹਟਿਆ ਹੈ, ਜਿਹਦੇ ਵਿਚ ਭਾਰਤੀਆਂ ਨੂੰ “ਸਵੈ ਰਾਜ” ਕਰਵਾਉਣ ਦੇ ਖ਼ਾਬ ਦਿਖਾਏ ਗਏ ਸਨ। ਓਹ ਅੰਦੋਲਣ ਯਾਦ ਏ? ਬਹੁ ਚਰਚਤ ਸਮਾਜ ਸੁਧਾਰਕ ਅੰਨਾ ਹਜਾਰੇ ਦਾ ਫ਼ਿਲਮੀ ਕਿਸਮ ਦਾ ਅੰਦੋਲਣ ਵੀ ਹੁਣ ਕਿਸੇ ਵਿਰਲੇ ਟਾਵੇਂ ਜੀਅ ਦੇ ਚੇਤੇ ਹੋਵੇਗਾ।

(2)
“ਸਵਰਾਜ” ਕਿਤਾਬਚਾ, ਦੂਜੀ ਦਫ਼ਾ, ਏਸ ਲਈ ਪੜ੍ਹਿਆ ਸੀ, ਤਾਂ ਜੁ ਦਿੱਲੀ ਵਿਚ ਚੱਲ ਰਹੀ “ਆਮ ਲੋਕਾਈ ਦੀ ਹਕੂਮਤ” ਬਾਰੇ ਗੱਲ ਕਰ ਸਕੀਏ! ਦਿੱਲੀ ਵਿਚ ਓਸ ਪਾਰਟੀ ਦੀ ਸਰਕਾਰ ਹੈ, ਜਿਹੜੀ ‘ਕੱਟੜ ਈਮਾਨਦਾਰ” ਹੈ। ਏਸ ਪਾਰਟੀ ਨੇ ਤਾਂ ਮੁਲਕ ਵਿਚ ਵੋਟ ਅਧਾਰਤ ਇਨਕਲਾਬ ਲਿਆਉਣਾ ਸੀ, “ਲੋਕਪਾਲ” ਦਾ ਅਹੁਦਾ ਕਾਇਮ ਕਰਨਾ ਸੀ, ਸਰਕਾਰੀ ਹਸਪਤਾਲਾਂ ਦੇ ਕੰਮਚੋਰ ਇਲਾਜ ਮਾਹਿਰਾਂ ਨੂੰ ਸੁਧਾਰਨਾ ਸੀ ਪਰ ਇਹ ਸਭ ਵਾਅਦੇ “ਹਵਾ ਹਵਾਈ” ਹੋਏ ਜਾਪ ਰਹੇ ਹਨ। ਦਿੱਲੀ ਵਿਚ ਰੁਮਕਦੀ “ਜ਼ਹਿਰੀ ਹਵਾ” ਦੇ ਜ਼ੁਲਮ ਦੀ ਮਾਂ ਉਹ “ਪਟਾਕਾ ਮਾਫ਼ੀਆ” ਹੈ, ਜਿਹੜਾ ਕਿ “ਆਸਥਾ”, “ਪਰੰਪਰਾ” ਤੇ “ਮਹਾਨ ਸੰਸਕ੍ਰਿਤੀ” ਦੀਆਂ “ਆਪੂ-ਮੱਤਾਂ” ਦੇ ਕੇ ਦੀਵੇ ਰੌਸ਼ਨ ਕਰਨ ਦੇ ਤਿਓਹਾਰ “ਦੀ+ਵਾਲ਼ੀ” ਨੂੰ “ਧੂੰਆਂ-ਰਾਲੀ” ਬਣਾਉਣ ਲਈ ਉਕਸਾਹਟ ਪੈਦਾ ਕਰਦਾ ਹੈ। ਨਹੀਂ ਤਾਂ, ਦੀਵਾਲੀ ਸਿਰਲੇਖ ਤੋਂ ਸੁੱਤੇ-ਸਿੱਧ ਪਤਾ ਲੱਗ ਜਾਂਦਾ ਹੈ ਕਿ ਇਹ ਦਿਨ, ਮਨਹੂਸ ਪਟਾਕੇ ਚਲਾਉਣ ਤੇ ਮਾਂ-ਕੁਦਰਤ ਨੂੰ ਗੰਦਲੀ ਕਰਨ ਦਾ ਦਿਨ ਨਹੀਂ ਹੈ, ਦੀਵੇ ਜਗਾਉਣ ਵਾਲਾ ਲੋਕ-ਪੁਰਬ ਹੈ!!
****
ਤੁਰ ਪਏ ਨੇਪਾਲ ਵਾਲੇ ਰਾਹ ਉੱਤੇ! ਕਿ ਨਈ!

ਦਿੱਲੀ ਵਿਚ ਅੰਨਾ ਹਜ਼ਾਰੇ ਦੇ “ਲੋਕਪਾਲ ਲਿਆਓ ਅੰਦੋਲਣ” ਮਗਰੋਂ “ਸਵਰਾਜ ਕਿਤਾਬਚਾ” ਤੇ ਓਹਦੇ ਵਾਅਦੇ ਹਵਾ ਹਵਾਈ ਹੋ ਗਏ! ਹੁਣ ਦਿੱਲੀ ਦੇ “ਸੰਸਕਾਰੀ ਭੈਣਾਂ ਭਾਈਆਂ” ਨੇ ਜਿੰਨੀ “ਆਸਥਾ ਤੇ ਉਮੰਗ” ਨਾਲ ਦੀਵਾਲੀ ਮਨਾਅ ਕੇ, ਪਟਾਕਾ ਮਾਫ਼ੀਆ ਦੀਆਂ ਕਾਰੋਬਾਰੀ ਖਾਹਸ਼ਾਂ ਪੂਰੀਆਂ ਕੀਤੀਆਂ ਨੇ, ਏਸ ਵਰਤਾਰੇ ਨੇ ਸਾਬਤ ਕਰ ਦਿੱਤੈ ਕਿ ਭਾਰਤ ਵਿਚ ਕੋਈ ਹਕੀਕੀ ਕ੍ਰਾਂਤੀ ਨਹੀਂ ਲਿਆਂਦੀ ਜਾ ਸਕਦੀ! ਕੁਝ ਅਰਸਾ ਪਹਿਲਾ, ਗੁਆਂਢੀ ਮੁਲਕ ਨੇਪਾਲ ਵਿਚ ਲੋਕਾਂ ਨੇ ਪਰਕਾਸ਼ ਦਹਿਲ ਉਰਫ਼ ਪ੍ਰਚੰਡ ਨੂੰ ਮੋਹਰੀ ਬਣਾ ਕੇ, “ਜਨ ਕ੍ਰਾਂਤੀ” ਕਰ ਦਿੱਤੀ ਸੀ, ਮੁੜ ਕੇ ਓਸੇ ਪ੍ਰਚੰਡ ਨੇ “ਉਲਟ ਇਨਕਲਾਬੀ ਗੇੜ” ਘੁਮਾ ਦਿੱਤਾ ਕਿ “ਕ੍ਰਾਂਤੀ” ਬੇ-ਨੂਰ ਹੋ ਗਈ। ਪ੍ਰਚੰਡ, ਓਹਦਾ ਸਿਪਾਹ ਸਾਲਾਰ ਬਾਬੂ ਰਾਮ ਭੱਟਾਰਾਈ ਸਾਰੇ ਜਣੇ ਨੇਪਾਲ ਦੀ ਮਹਾਨ ਸੰਸਕ੍ਰਿਤੀ ਦੇ ਸਾਊ-ਪੁੱਤ ਬਣ ਕੇ, ਕ੍ਰਾਂਤੀ ਦਾ ਵਿਸਰਜਨ ਕਰਨ ਤਕ ਗਏ।
ਨਤੀਜਾ ਇਹ ਨਿਕਲਿਆ ਕਿ ਪਿਛਾਂਹਖਿੱਚੂ ਕਿਸਮ ਦੇ ਰਵਾਇਤੀ ਸਿਆਸਤਦਾਨਾਂ ਦੀ ਚੜ੍ਹ ਮੱਚ ਗਈ ਤੇ ਕੇ. ਪੀ. ਓਲੀ, ਰਾਮਬਰਨ ਯਾਦਵ ਤੇ ਕੋਇਰਾਲਾ ਗਿਰੋਹ ਦੀ ਪਹਿਲਾਂ ਨਾਲੋਂ ਵੱਧ ਚੜਾਈ ਹੋ ਗਈ! ਜਿਹੜੇ ਨੁੱਕਰੇ ਲੱਗੇ ਲੀਡਰਾਂ ਨੂੰ ਕੋਈ ਬੇਰਾਂ ਵੱਟੇ ਨਹੀਂ ਪੁੱਛਦਾ ਸੀ, ਉਹ ਅਖਾਉਤੀ ਇਨਕਲਾਬੀ ਸਰਕਾਰ ਵਿਚ ਰਾਜ ਭਾਗ ਦੀ ਮਲਾਈ ਛੱਕ ਗਏ!
ਸਾਡਾ “ਕੌਮੀ ਕਿਰਦਾਰ” ਹੈ ਕਿ ਅਸੀਂ ਆਪਣੀ ਬਦ-ਕਿਰਦਾਰੀ ਨਾਲ ਇਨਕਲਾਬ ਦੀ ਕਿਰਦਾਰ-ਕੁਸ਼ੀ ਵੀ ਕਰ ਦਿੰਦੇ ਹਾਂ।
****
ਸਿਨੇਮਾ ਕਲਾਕਾਰ ਅਨਿਲ ਕਪੂਰ ਦੀ ਡਰਾਮਾ ਐਕਸ਼ਨ ਮੂਵੀ ਦਾ ਖ਼ੁਮਾਰ ਤਾਂ ਨਹੀਂ

ਜਦੋਂ ਤੋਂ ਦਿੱਲੀ ਵਿਚ ਆਮ ਆਦਮੀ ਹੁਕਮਰਾਮ ਬਣੇ ਹਨ ਓਦੋਂ ਤੋਂ “ਕ੍ਰਾਂਤੀ ਬੀਰ” ਜਨਾਬ ਏ ਇਨਕਲਾਬ, ਅੰਨਾ ਜੀ ਹਜ਼ਾਰੇ ਦਾ ਕੋਈ ਥਹੁ-ਪਤਾ ਨਹੀਂ। ਮਰਕਜ਼ੀ (ਕੇਂਦਰੀ)- UPA-2 ਸਰਕਾਰ ਦਾ ਭੋਗ ਪੈ ਗਿਆ। ਦਿੱਲੀ ਵਿਚ “ਆਪ” ਦੀ ਹਕੂਮਤ ਉੱਸਰ ਗਈ। ਇਹ ਸਾਰਾ ਮਾਮਲਾ ਇਹੋ ਜਿਹੀ “ਮਹਿਸੂਸੀਅਤ” ਕਰਾਅ ਦਿੰਦਾ ਹੈ, ਜਿਵੇਂ ਸਿਨੇਮਾ ਕਲਾਕਾਰ ਅਨਿਲ ਕਪੂਰ ਦੀ ਫ਼ਿਲਮ “ਨਾਇਕ” ਵੇਖ ਕੇ, ਹਟੇ ਹੋਈਏ!
Too much… Filmi Naa!
ਓਹੀ ਇਨਕਲਾਬੀ ਰੋਮਾਨੀਅਤ, ਓਹੀ ਮਹਾਨਤਾ-ਪ੍ਰੇਮ, ਓਹੀ ਸਿਨੇਮਾਈ ਡਰਾਮਾ। ਸਾਰਾ ਕੁਝ… ਦਿਨਾਂ ਮਹੀਨਿਆਂ ਵਿਚ… ਹੋਇਆ ਹੈ! ਅਰੇ, ਰੇ, ਰੇ !!
ਰੱਬ ਨਾ ਕਰੇ ਇਹ ਕਿਸੇ ਬਾਲੀਵੁੱਡ ਫ਼ਿਲਮ ਦਾ ਸਮਾਜੀ-ਦੁਹਰਾਅ ਹੋਵੇ!

***
ਪਰਾਲੀ ਫੂਕਣ ਨੂੰ ਰੋਣ ਆਲਿਓ! ਪਟਾਕਾ ਮਾਫ਼ੀਆ, ਪੇਟ੍ਰੋਲ ਮਾਫ਼ੀਆ ਤੇ ਡੀਜ਼ਲ ਮਾਫ਼ੀਆ ਨਾਲ ਕਿਵੇਂ ਸਿੱਝਨੈ?
ਦਿੱਲੀ ਤੇ ਐੱਨ ਸੀ ਆਰ ਵਿਚ ਹਵਾ ਜ਼ਹਿਰੀ ਹੋਣ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਹਰਿਆਣਾ ਤੇ ਪੰਜਾਬ ਦੇ ਵਾਹੀਵਾਨ ਖੇਤਾਂ ਵਿਚ ਝੋਨੇ ਦੀ ਵਾਢੀ ਮਗਰੋਂ ਪਰਾਲੀ ਫੂਕਦੇ ਨੇ, ਤੇ ਧੂੰਏਂ ਦੇ ਕਣ ਉੱਡ ਕੇ ਦਿੱਲੀ ਦੀ ਇਨਕਲਾਬੀ ਸਰਜ਼ਮੀਨ ਉੱਤੇ ਲੱਥ ਕੇ, ਹਵਾ, ਜ਼ਹਿਰੀ ਕਰ ਦਿੰਦੇ ਨੇ।
ਕੀ ਇਹ ਹਕੂਮਤੀ ਪ੍ਰਾਪੇਗੰਡਾ ਨਹੀਂ ਮਹਿਸੂਸ ਹੁੰਦਾ? I mean feeling?
ਅਸੀਂ, ਆਸਥਾ, ਪਰੰਪਰਾ ਤੇ “ਸ਼ਗੁਨ” ਦੇ ਔਖੇ-ਭਾਰੇ ਲਫ਼ਜ਼ਾਂ ਦੀ ਲਫਾਜ਼ੀ ਕਰਦੇ ਹਾਂ, ਏਸ ਸਭ ਕਾਸੇ ਦਾ ਕੀ ਬਣੇਗਾ?
ਦੀਵਾਲੀ ਵਾਲ਼ੀ ਰਾਤ ਸਿਰਫ ਕੁਝ ਘੰਟਿਆਂ ਤਾਈਂ ਪਟਾਕਾਬਾਜ਼ੀ ਕਰਨ ਦੀ ਖੁੱਲ੍ਹ ਸੀ! ਪਰ ਅਸੀਂ ਕੀ ਕੀਤਾ? ਸਾਡੇ ਦਿੱਲੀ ਵੱਸਦੇ ਸੰਸਕਾਰੀ ਵੀਰਾਂ ਭੈਣਾਂ ਨੇ ਕਰੋੜਾਂ ਰੁਪਏ ਦੇ ਪਟਾਕੇ ਫੂਕੇ! ਚੌਗਿਰਦਾ ਬਰਬਾਦ ਕੀਤਾ, ਓਜ਼ੋਨ ਝਿੱਲੀ ਨੂੰ ਹੋਰ ਮੋਕਲਾ ਕੀਤਾ!
ਅਸੀਂ ਤਾਂ “ਸਵਰਾਜ” ਮਾਣਿਆ ਏ। ਅਸੀਂ ਤਾਂ ਸਿਨੇਮਾ ਕਲਾਕਾਰਾਂ ਦੀਆਂ ਫ਼ਿਲਮਾਂ ਦੇਖ ਕੇ, “ਸਿਆਸੀ ਸਮਝਦਾਰੀ” ਲੈਂਦੇ ਰਹੇ ਹਾਂ! ਸਾਡੀ ਰੀਸ ਕੌਣ ਕਰ ਲਏਗਾ? ਸਾਨੂੰ ਰੱਬ ਨੇ ਬਣਾਇਆ ਸੰਸਕਾਰੀ!

ਤਿੰਨ ਜ਼ਿਲ੍ਹਿਆਂ ਜਿੰਨੀ ਦਿੱਲੀ ਦਾ ਚੌਗਿਰਦਾ ਸੰਭਾਲ ਵਜ਼ੀਰ ਗੁਪਾਲ ਰਾਏ ਆਖਦੇ ਨੇ ਕਿ Delhi NCR ਵਿਚ ਖ਼ਰਾਬ ਹਵਾ ਲਈ ਪੰਜਾਬ-ਹਰਿਆਣਾ ਵਿਚ ਫੂਕੀ ਜਾਂਦੀ ਪਰਾਲੀ ਦਾ ਧੂੰਆਂ ਜ਼ਿਮੇਵਾਰ ਐ, ਆਸਥਾ/ਪਰੰਪਰਾ ਦੇ ਨਾਂ ਉੱਤੇ ਅਸੀਂ, ਪਟਾਕਾ ਵਪਾਰੀ ਲਾਣੇ ਹੱਥੋਂ ਗੁਮਰਾਹ ਹੋ ਕੇ, ਅੰਨ੍ਹੇਵਾਹ ਪਟਾਕਾਬਾਜ਼ੀ ਕੀਤੀ, ਏਸ ਹਰਕ਼ਤ ਦਾ ਜ਼ਿਕਰ ਵੀ ਓਹ ਨਹੀਂ ਕਰ ਰਹੇ! ਖ਼ੈਰ! ਕੌਣ ਇੰਝ ਕਹਿਣੋਂ ਰੋਕੇਗਾ? ਇਹੀ ਤਾਂ ਫ਼ਿਲਮੀ ਨਾਇਕਪੁਣਾ ਹੈ। ਕਿਸੇ ਵੇਲੇ ਸੰਨੀ ਦੇਵਲ ਵੀ ਮਨ ਪਰਚਾਵੇ ਲਈ ਇਹੋ ਜਿਹੀਆਂ ਫ਼ਿਲਮਾਂ ਵਿਚ ਕਲਾਕਾਰੀ ਕਰਦੇ ਸਨ। ਕਈ ਫ਼ਿਲਮੀ ਬੰਦੇ ਹਾਲੇ ਤਕ ਬਲਬੰਤ ਰਾਏ ਤੇ ਕੇਤੀਆ ਨੂੰ ਵਿਸਰੇ ਨਹੀਂ ਹੋਣਗੇ! ਸਿਨੇਮਾ ਕਲਾਕਾਰਾਂ ਦੀ ਜੁਗਤ ਇਹੋ ਹੁੰਦੀ ਹੈ ਕਿ ਓਹ ਬੰਦੇ ਨੂੰ ਏਨਾ ਕੁ ਝੱਲਾ ਕਰ ਦਿੰਦੇ ਨੇ ਕਿ ਫ਼ਿਲਮ ਤੱਕਣ ਪਿੱਛੋਂ ਬੰਦਾ ਮੱਸ਼ਰ ਮੱਸ਼ਰ ਕੇ, ਸਾਰੇ ਕ਼ਦਮ ਚੁੱਕਣ ਲੱਗਦਾ ਹੈ। ਦਿੱਲੀ ਦੀ ਲੋਕਾਈ ਵੀ… ਫ਼ਿਲਮੀ ਸ਼ੁਦਾਈਪੁਣੇ ਦਾ ਸ਼ਿਕਾਰ ਹੋਈ…. ਜਾਪਦੀ ਹੈ…!
****
ਇਲੈਕਟ੍ਰਿਕ ਵਾਹਨ ਅਪਣਾਏ ਬਿਨਾਂ ਦਿੱਲੀ ਨੂੰ ਸਾਹ ਨਹੀਂ ਆਉਣੇ!
ਦਿੱਲੀ ਦੀ ਲੋਕਾਈ ਦੇ ਦਿਲ-ਗੁਰਦੇ ਸਹੀ ਰੱਖਣੇ ਨੇ ਤਾਂ ਹਾਕਮ, ਇਲੈਕਟ੍ਰਿਕ ਸਕੂਟਰ/ਕਾਰਾਂ ਚਲਾਉਣ ਵੱਲ ਕੇਂਦਰਤ ਹੋਣ। ਦਿੱਲੀ ਵਿਚ ਮਰਹੂਮ ਸ਼ੀਲਾ ਦੀਕਸ਼ਤ ਦੇ ਵੇਲੇ ਤੋਂ ਸੀ ਐੱਨ ਜੀ ਵਹੀਕਲ ਚੱਲਦੇ ਆਏ ਹਨ, ਹੁਣ ਨਾਲ-ਦੀ-ਨਾਲ, ਬਿਜਲਈ ਵਾਹਨਾਂ ਵੱਲ ਵੀ ਗ਼ੌਰ ਕਰਨ, ਏਸੇ ਵਿਚ ਦਿੱਲੀ ਦੀ ਨਜਾਤ ਏ।
ਬਿਨਾਂ ਸ਼ੱਕ਼, ਪੈਟ੍ਰੋਲ ਮਾਫ਼ੀਆ ਤੇ ਡੀਜ਼ਲ ਮਾਫ਼ੀਆ ਏਸ ਮਹਾ-ਕਾਰਜ ਦੇ ਰਾਹ ਵਿਚ ਅੜਿੱਕੇ ਪਾਏਗਾ ਪਰ ਤਮਾਮ ਕਿਸਮ ਦੇ ਮਾਫ਼ੀਆ ਦੀ ਮੁੰਡੀ ਫੇਹ ਕੇ ਹੀ ਦਿੱਲੀ ਦਾ ਦਿਲ ਧੜਕਦਾ ਰੱਖਿਆ ਜਾ ਸਕਦੈ! ਸਿਨੇਮਾ ਕਲਾਕਾਰਾਂ ਅਨਿਲ, ਸੰਨੀ ਜਾਂ ਹੋਰਨਾਂ ਦੀਆਂ ਫ਼ਿਲਮਾਂ, ਮਨ ਪਰਚਾਵੇ ਲਈ, ਸਹੀ ਹਨ, ਇਨ੍ਹਾਂ ਸਿਨੇਮਾ ਕਲਾਕਾਰਾਂ ਨੂੰ “ਸਿਆਸੀ ਰਾਹ ਦਿਖਾਵੇ” ਨਹੀਂ ਮੰਨਿਆ ਜਾ ਸਕਦੈ! ਹੈ ਕਿ ਨਈ!!??

ਯਾਦਵਿੰਦਰ

+916284336773

ਸੰਪਰਕ :; ਸਰੂਪਨਗਰ। ਰਾਓਵਾਲੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਿਆਂ ਤੋਂ ਬਚਣਾ ਚੰਗੀ ਜ਼ਿੰਦਗੀ ਦਾ ਅਧਾਰ…
Next articleਫੋਕੇ ਰਿਸ਼ਤੇ