“ਸੱਚੇ ਰੰਗ”

(ਸਮਾਜ ਵੀਕਲੀ)

ਕਾਵਿ ਸੰਗ੍ਰਹਿ “ਸੱਚੇ ਰੰਗ” ਤਾਲਿਫ਼ ਪ੍ਕਾਸ਼ਨ ਬਰਨਾਲਾ, ਵਲੋਂ ਕਵੀ ਸਿੰਘਦਾਰ ਇਕਬਾਲ ਸਿੰਘ ਜੀ ਦਾ ਪਲੇਠਾ ਕਾਵਿ ਸੰਗ੍ਰਹਿ ਪ੍ਕਾਸ਼ਿਤ ਕੀਤਾ ਗਿਆ ਹੈ।ਆਉ ਇਸ ਕਾਵਿ ਸੰਗ੍ਰਹਿ ਤੇ ਇਕ ਨਜ਼ਰ ਮਾਰੀਏ।

ਇਸ ਕਾਵਿ ਸੰਗ੍ਰਹਿ ਦੀ ਹਰ ਕਵਿਤਾ ਸਾਡੇ ਪੰਜਾਬ ਤੇ ਪੰਜਾਬੀਆਂ ਦੇ ਕਰਮ-ਧਰਮ ਦਾ ਖੁਲਾਸਾ ਬਿਆਨ ਕਰਦੀ ਹੈ। ਕਵੀ ਆਪਣੇ ਬਜ਼ੁਰਗਾਂ ਦੀ ਜਨਮ ਭੂਮੀ ਪੰਜਾਬ ਦੀ ਧਰਤੀ ਤੋਂ ਦੂਰ ਆਪਣੀ ਕਰਮ ਭੂਮੀ ‘ਟੈਕਸਾਸ’ ਅਮਰੀਕਾ ਵਿੱਚ ਰਹਿ ਕੇ ਆਪਣਾ ਕਰਮ ਕਰ ਰਿਹਾ ਹੈ। ਅਮਰੀਕਾ ਜਿਹੇ ਮੁਲਕ ਵਿੱਚ ਰਹਿ ਕੇ ਕਵੀ ਦਿਲੋ ਪੰਜਾਬੀ ਮਾਂ ਬੋਲੀ ਨਾਲ਼ ਇਕਮਿਕ ਹੋਇਆ ਇਸਦੀ ਠੇਠ ਭਾਸ਼ਾ ਦੇ ਸ਼ਬਦਾਂ ਨੂੰ ਆਪਣੀ ਹਰ ਕਵਿਤਾ ਅੰਦਰ ਜਵਾਹਰਾਤ ਦੀ ਤਰ੍ਹਾਂ ਜੜਦਾ ਹੈ। ਉਸ ਦੀ ਰੂਹ ਪੰਜਾਬ ਦੇ ਹਰ ਦਰਦ ਨੂੰ ਮਹਿਸੂਸਦੀ ਕਵਿਤਾ ਰੂਪ ਹੋ ਨਿਬੜਦੀ ਹੈ।ਪਰਦੇਸਾਂ ਵਿਚ ਬੈਠਿਆਂ ਵੀ ਕਵੀ ਪੰਜਾਬ, ਪੰਜਾਬੀਅਤ, ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਲਈ ਆਵਾਜ਼ ਬੁਲੰਦ ਕਰਦਾ ਹੈ। ਉਸਦੀ ਕਵਿਤਾ ਯਥਾਰਥਵਾਦੀ ਹੈ, ਆਸ਼ਾਵਾਦੀ ਹੈ।ਨਸਲੀ ਭੇਦ-ਭਾਵ ਤੋਂ ਉਪਰ ਹੈ। ਕਵੀ ਸਿਰਫ਼ ਕਲਪਨਾ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਨਹੀਂ ਖਾਂਦਾ, ਹੱਕ-ਸੱਚ ਦਾ ਮੁਦੱਈ ਹੋ ਕੇ ਖੜਦਾ ਹੈ।

ਕਵੀ ਸਿੰਘਦਾਰ ਦੀ ਕਵਿਤਾ ਸਮਾਜਿਕ ਕਦਰਾਂ ਕੀਮਤਾਂ ਤੇ ਨੈਤਕਿਤਾ ਦੀ ਪੈਰਵੀ ਕਰਦੀ ਹੈ। ਅਨੈਤਿਕਤਾ ਨੂੰ ਕਵੀ ਨੇ ਆਹਡੇ ਹੱਥੀਂ ਲਿਆ ਹੈ। ਹਰ ਕਵਿਤਾ ਅੰਦਰ ਕਵੀ ਦੀ ਅੰਦਰਲੀ ਆਵਾਜ਼ ਝੰਡਾਂ-ਬਰਦਾਰ ਹੋ ਕੇ ਸ਼ਬਦ ਰੂਪ ਹੋ ਨਿਬੜਦੀ ਹੈ। ਕਵਿਤਾ ਦੀ ਰੂਪ ਰੇਖਾ ਛੰਦ ਬੱਧ ਨਹੀਂ, ਨਾ ਹੀ ਖੁੱਲੀ ਕਵਿਤਾ ਹੋ ਕੇ ਨਜ਼ਮ ਰੂਪ ਹੈ। ਪਰ ਕਾਵਿ ਤੁਕਾਂ ਤੁਕਾਂਤ ਪੱਖੋਂ ਆਪਣੇ ਵਹਾਅ ਆਪ ਤਹਿ ਕਰਦੀਆਂ ਹਨ। ਕਵੀ ਦੀ ਕਲਮ ਭਾਵੁਕਤਾ ਤੇ ਜ਼ਜ਼ਬਾਤੀ ਲਹਿਰਾਂ ਦਾ ਤੂਫ਼ਾਨੀ ਰੂਪ ਪਾਠਕ ਨੂੰ ਨਾਲ਼ ਵਹਾ ਲੈ ਜਾਂਦਾ ਹੈ।
“ਸੱਚ ਲਿਖਣ ਲਈ
ਮੇਰੀ ਕਲਮ ਬਾਗ਼ੀ ਹੋ ਜਾਂਦੀ ਹੈ
ਬਾਗ਼ੀ ਬੋਲ ਮੇਰੇ
ਮੇਰੀ ਨਜ਼ਮ ਬਾਗ਼ੀ ਹੋ ਜਾਂਦੀ ਹੈ
ਜਦ ਲੋੜ ਪਵੇ
ਮੇਰੀ ਰਸਮ ਬਾਗ਼ੀ ਹੋ ਜਾਂਦੀ ਹੈ
ਪਹਿਰਾ ਦੇਣ ਲਈ ਸੱਚ ਦਾ
ਮੇਰੀ ਕਲਮ ਬਾਗ਼ੀ ਹੋ ਜਾਂਦੀ ਹੈ।”

ਕਵੀ ਪਰਦੇਸ ਵਿੱਚ ਬੈਠਿਆਂ ਵੀ ਆਪਣੀ ਜਨਮ ਭੂਮੀ ਦੀ ਤਰਾਸਦੀ ਤੇ ਕਲਮ ਦਾ ਦਰਦ ਬਿਆਨਦਾ ਹੈ। ਖੁੱਝ ਸਤਰਾਂ ਆਪ ਜੀ ਦੀ ਨਜ਼ਰ ਕਰਦਾ ਹਾਂ:-

ਅੱਖਾਂ ਹੀ ਨਹੀਂ ਅੱਜ ਮਨ ਰੋਇਆ ਹੈ
ਮੇਰੇ ਵਤਨ ਪੰਜਾਬ ਕਿਵੇਂ ਦੱਸਾਂ, ਤੇਰਾ ਕੀ ਹਾਲ ਹੋਇਆ ਹੈ
ਪਹਿਲਾਂ ਵੰਡੀ ਤੇਰੀ ਧਰਤੀ ਫਿਰ ਨੀਰ ਵੀ ਵੰਡ ਦਿੱਤਾ
ਫਿਰ ਵੰਡਿਆ ਧਰਮਾਂ ਵਿੱਚ,ਸਾਡਾ ਗੁਰੂ–ਪੀਰ ਵੀ ਵੰਡ ਦਿੱਤਾ
ਅਣਖ ਵੀ ਵੰਡ ਦਿੱਤੀ ਸਾਡੀ, ਸਾਡਾ ਸਰੀਰ ਵੀ ਵੰਡ ਦਿੱਤਾ
ਹਰ ਪਾਸੇ ਤੋਂ ਹਰ ਦਿਸ਼ਾ ਤੋਂ, ਤੈਨੂੰ ਬਹੁਤ ਕੋਹਿਆ ਹੈ
ਮੇਰੇ ਵਤਨ ਪੰਜਾਬ ਕਿਵੇਂ ਦੱਸਾਂ—- ———

ਸਾਡੇ ਪੰਜਾਬ ਤੇ ਪੰਜਾਬੀਅਤ ਦੇ ਸੱਭਿਆਚਾਰ ਦਾ ਜੋ ਘਾਣ ਹੋਇਆ , ਸਰਕਾਰਾਂ ਦੀਆਂ ਤੰਗਦਿਲ ਨੀਤੀਆਂ ਨੇ ਕੀਤਾ ਹੈ, ਇਸ ਤਰਾਸਦੀ ਨੂੰ ਕਲਮ ਦੀ ਨੋਕ ਤੇ ਲੈ ਆਉਂਦਾ ਹੈ :-
“ਖਾ ਲਿਆ ਸਿਉਂਕ ਲਾ ਦਿੱਤੀ
ਗੱਭਰੂ ਸਾਡਿਆਂ ਨੂੰ
ਜੋ ਮਹਿਕ ਸੀ ਕਦੇ ਖਿਲਾਰਦਾ
ਲੁਹਾ ਦਿੱਤੀਆਂ ਚੁੰਨੀਆਂ ਸਿਰਾਂ ਤੋਂ
ਕੰਮ ਖਤਮ ਕਰੀ ਜਾਂਦੇ ਸਾਡੇ ਸਮਾਜੀ ਸਤਿਕਾਰ ਦਾ
ਅਜਿਹਾ ਸਾਨੂੰ ਬੇ-ਅਣਖ ਕੀਤਾ
ਉਨ੍ਹਾਂ ਭੋਗ ਪਾ ਦਿੱਤਾ ਅਣਮੁੱਲੇ ਸੁੱਚੇ ਕਿਰਦਾਰ ਦਾ”

ਸਾਡੇ ਸਮਾਜਿਕ ਰਿਸ਼ਤਿਆਂ ਤੇ ਭਾਈਚਾਰੇ ਚੋਂ ਨੈਤਿਕਤਾ ਖਤਮ ਹੋ ਜਾਣ ਦੀ ਚਿੰਤਾ ਦੇਖੋ:-
“ਲੰਮੇ ਪੈਂਡੇ ਨੇੜੇ ਹੋ ਗਏ
ਪਰ ਬੰਦਾ ਬੰਦੇ ਤੋਂ ਦੂਰ ਹੋ ਗਿਆ
ਮਤਲਬੀ ਬਣ ਗਏ ਰਿਸ਼ਤੇ
ਪਤਾ ਨਹੀਂ ਕਿਉੰ ਇੰਨਾਂ ਮਜਬੂਰ ਹੋ ਗਿਆ
ਇਨਸਾਨੀਅਤ ਮਰ ਚੁੱਕੀ ਹੈ
ਕਿਰਦਾਰ ਸਾਡਾ ਚੂਰ ਹੋ ਗਿਆ”

ਕਵੀ ਦੀ ਕਲਮ ਆਸ਼ਾਵਾਦੀ ਹੈ। ਉਹ ਹੌਂਸਲੇ ਨਾਲ ਮਿਹਨਤ-ਮੁਸ਼ੱਕਤ ਕਰਨ ਦਾ ਹਾਮੀ ਹੈ।
“ਹਿੰਮਤ ਨਾਲ ਸਰ ਕਰਨਾ ਪੈਂਦੈ
ਭਾਂਵੇ ਕਿੰਨਾ ਵੀ ਪੈਂਡਾ ਬਿਖੜਾ ਹੋਵੇ ਰਾਹਾਂ ਦਾ
ਹੱਥ ਤੇ ਹੱਥ ਧਰ ਨਹੀਂ ਬਹੀਂਦਾ
ਚਾਹੇ ਭਰੋਸਾ ਨਹੀਂ ਕੋਈ, ਆਉਣ ਵਾਲੇ ਸਾਹਾਂ ਦਾ
ਸਰਦਾ ਨਹੀਂ ਹੁੰਦਾ
ਜ਼ੋਰ ਲਾਉਣਾ ਪੈਂਦੈ, ਜਿੱਤਣ ਲਈ ਬਾਹਾਂ ਦਾ
ਨਾ ਕਰੇ ਮੁਸ਼ੱਕਤ ਪਾਉਣ ਲਈ
ਕੋਈ ਫਾਇਦਾ ਨਹੀਂ, ਉਹਨਾਂ ਮਰੀਆਂ ਹੋਈਆਂ ਚਾਹਾਂ ਦਾ”

ਕਵੀ ਸਿੰਘਦਾਰ ਇਕ ਹੀ ਮਨੁੱਖਤਾ ਦੀ ਆਵਾਜ਼ ਬੁਲੰਦ ਕਰਦਾ ਹੈ ।ਧਾਰਮਿਕ ਕੱਟੜਵਾਦੀ ਸੋਚ ਤੇ ਆਪਣੀ ਕਲਮ ਦੀ ਸਿਆਹੀ ਵਿੱਚ ਮਨੁੱਖੀ ਮਹੁੱਬਤ ਦਾ ਰੰਗ ਘੋਲਦਾ ਇਹ ਸ਼ੂਫ਼ੀਆਨਾ ਰੰਗ ਭਰਦਾ ਸੰਦੇਸ਼ ਦਿੰਦਾ ਹੈ। ਸਮਾਜ ਅੰਦਰ ਸਦਭਾਵਨਾ ਤੇ ਪਿਆਰ ਦੀ ਸੋਚ ਦੀ ਮਸਾਲ ਲੈ ਕੇ ਚਾਨਣ ਹੀ ਚਾਨਣ ਬਿਖੇਰਦਾ ਹੈ।
“ਆਜੋ ਧਰਮਾਂ ਦੇ ਚੱਕਰ ਲਾਈਏ
ਸਾਰਿਆਂ ਨੂੰ ਇਸ ਸਮਝਾਈਏ
ਮੇਰਾ ਮੰਦਰ, ਤੇਰੀ ਮਸਜਿਦ,
ਸਾਰੇ ਪਰਵਾਨ ਨੇ
ਤੇਰਾ ਗਿਰਜਾ, ਮੇਰਾ ਗੁਰਦੁਆਰਾ,
ਇਕ ਸਮਾਨ ਨੇ।

ਪੰਜਾਬ ਦੀ ਧਰਤੀ ਤੇ ਪੰਜਾਬੀਅਤ ਦਾ ਇਕ ਅਜਿਹਾ ਦਰਦ ਜੋ ਸਿੱਖ ਨਸਲਕੁਸ਼ੀ ਨਾਲ ਸਬੰਧਤ ਹੈ। ਜੋ ਸ਼ਾਇਦ ਹੀ ਕਿਸੇ ਕਵੀ ਨੇ ਮਹਿਸੂਸ ਕੀਤਾ ਤੇ ਕਲਮਬੱਧ ਕੀਤਾ ਹੋਵੇ:–
ਟੁੱਟ ਗਏ ਆ ਵਿਚਕਾਰ ਸੱਜਣ ਜੀ
ਰਹਿ ਗਏ ਹਾਂ ਦੋ ਚਾਰ ਸੱਜਣ ਜੀ
ਸਾਨੂੰ ਮਾਰ ਦਿੱਤਾ ਸਾਡੇ ਲੀਡਰਾਂ ਨੇ
ਨਸ਼ੇ ਨੇ ਕਰ ਦਿੱਤਾ
ਮੇਰਾ ਪੰਜਾਬ ਖਤਮ ਜੀ
ਕਰ ਦਿੱਤਾ ਹੈ ਬੁਰਾ ਹਾਲ ਸੱਜਣ ਜੀ
ਰਹਿ ਗਏ ਹਾਂ ਵਿਚਕਾਰ ਸੱਜਣ ਜੀ।

ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੇ ਸਿੱਖ ਫਿਲਾਸਫੀ ਦਾ ਕਵੀ ਦੇ ਮਨ ਤੇ ਬਹੁਤ ਗੂੜਾ ਰੰਗ ਚੜਿਆ ਹੈ। ਕਵੀ ਸਿੰਘਦਾਰ ਇਕਬਾਲ ਸਿੰਘ ਦੀ ਕਵਿਤਾ ਜੋ ਲੁੱਟੇਰੀ ਜਮਾਤ ਤੇ ਕਿਰਤੀਆਂ ਦੇ ਵਿੱਚ ਇਕ ਸਿੱਧੀ ਤੇ ਸਪੱਸ਼ਟ ਰੇਖਾ ਖਿੱਚਦੀ ਹੈ।
“ਅਸੀਂ ਬਾਬੇ ਕੇ, ਤੁਸੀਂ ਬਾਬਰ ਕੇ
ਸਾਡਾ-ਤੇਰਾ ਕੋਈ ਭਲ ਨਹੀਂ ।

ਸਾਰੇ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਸ਼ਬਦਾਵਲੀ ਸਾਫ਼ ਤੇ ਸਪੱਸ਼ਟ ਭਾਸ਼ਾ ਹੈ। ਕਵੀ ਨੇ ਕਾਵਿ ਸਿੰਬਲਾਂ , ਤੇ ਅਲੰਕਾਰਾਂ ਰਹਿਤ ਕਾਵਿ ਰਚਨਾ ਕਰਕੇ ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਆਮਦ ਕਰੀ ਹੈ।ਉਮੀਦ ਕਰਦਾ ਹਾਂ ਕਿ ਕਵੀ ਆਪਣੀ ਮਾਂ ਬੋਲੀ ਦੀ ਮਹਿਕ ਵਿਦੇਸ਼ਾਂ ਦੀ ਧਰਤੀ ਤੇ ਹਮੇਸ਼ਾਂ ਹਮੇਸ਼ਾਂ ਬਿਖੇਰਦਾ ਰਹੇਗਾ। ਇਸ ਕਾਵਿ ਸੰਗ੍ਰਹਿ ਦੀ ਆਮਦ ਨੂੰ ਪੰਜਾਬੀ ਸਾਹਿਤ ਦੇ ਹਰ ਪਾਠਕ ਵਲੋਂ ਜੀ ਆਇਆਂ ਆਖਿਆ ਜਾਂਦਾ ਹੈ।

ਬਲਜਿੰਦਰ ਸਿੰਘ “ਬਾਲੀ ਰੇਤਗੜੵ “

00919465129168
0091 7087629168
[email protected]

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਚੀਮਾ ਵਲੋਂ ਮੰਡੀ ਬੋਰਡ, ਖ਼ਰੀਦ ਏਜੰਸੀਆਂ ,ਅਧਿਕਾਰੀਆਂ ,ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨਾਲ ਝੋਨੇ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਲੰਬੀ ਮੀਟਿੰਗ
Next articleਏਅਰ ਇੰਡੀਆ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਮੁੱਖ ਉਡਾਣਾਂ ਦੀ ਬੁਕਿੰਗ ਕੀਤੀ ਰੱਦ