(ਸਮਾਜ ਵੀਕਲੀ)
ਜ਼ਿੰਦਗੀ ਖ਼ੂਬਸੂਰਤ ਖਜ਼ਾਨਾ ਹੈ। ਜਿੰਦਗੀ ਸਾਨੂੰ ਬਹੁਤ ਕੁੱਝ ਸਿਖਾਉਂਦੀ ਹੈ। ਸੁੱਖ ਦੁੱਖ ਜ਼ਿੰਦਗੀ ਦੇ ਪਰਛਾਵੇਂ ਹਨ। ਜਿੰਦਗੀ ਦਾ ਸਫ਼ਰ ਚੁਣੌਤੀਆਂ ਭਰਪੂਰ ਰਹਿੰਦਾ ਹੈ। ਹਮੇਸ਼ਾ ਇੱਕੋ ਜਿਹੇ ਦਿਨ ਸਦਾ ਨਹੀਂ ਰਹਿੰਦੇ। ਜਿੰਦਗੀ ਨੂੰ ਵਧੀਆ ਅਤੇ ਘਟੀਆ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੈ।ਸੁੰਦਰ ਚਿਹਰਾ ਬਹੁਤ ਹੀ ਜਲਦੀ ਸਾਰਿਆਂ ਨੂੰ ਆਪਣੇ ਵੱਲ ਖਿੱਚਦਾ ਹੈ। ਅਸੀਂ ਸਮਾਜ ਵਿਚ ਵਿਚਰਦੇ ਹਾਂ। ਅਸੀਂ ਉਸ ਵਿਅਕਤੀ ਦੇ ਮੋਹ ਜਾਲ ਵਿੱਚ ਬੰਨ ਜਾਂਦੇ ਹਾਂ। ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਜ਼ਿਆਦਾ ਸੋਹਣੀ ਹੋਣੀ ਚਾਹੀਦੀ ਹੈ। ਬਾਹਰੀ ਸੁੰਦਰਤਾ ਉਮਰ ਦੇ ਨਾਲ ਢੱਲਦੀ ਜਾਂਦੀ ਹੈ। ਇਹ ਸਦਾ ਸਦੀਵੀ ਨਹੀਂ ਰਹਿੰਦੀ।ਨਿਮਰਤਾ, ਪ੍ਰੀਤ, ਪਿਆਰ, ਸਹਿਣਸ਼ੀਲਤਾ ਤੇ ਸਤਿਕਾਰ ਅਜਿਹੇ ਗਹਿਣੇ ਇੱਕ ਚੰਗੇ ਇਨਸਾਨ ਦੀ ਸੁੰਦਰਤਾ ਦੀਆਂ ਨਿਸ਼ਾਨੀਆਂ ਹਨ।
ਅਕਸਰ ਕਿਹਾ ਜਾਂਦਾ ਹੈ ਕਿ ਜੋ ਲੋਕ ਬਾਹਰੋਂ ਸੋਹਣੇ ਹੁੰਦੇ ਹਨ, ਉਹਨਾਂ ਦੇ ਦਿਲ ਇੰਨੇ ਸੋਹਣੇ ਨਹੀਂ ਹੁੰਦੇ । ਅਜਿਹੇ ਇਨਸਾਨਾਂ ਦੇ ਅੰਦਰ ਦੂਜਿਆਂ ਦਾ ਸਤਿਕਾਰ ਕਰਨ ਦੀ ਭਾਵਨਾ ਨਾ ਬਰਾਬਰ ਹੁੰਦੀ ਹੈ। ਮਾੜੇ ਬੰਦੇ ਨਾਲ ਗੱਲ ਕਰਨ ਨੂੰ ਆਪਣੀ ਬੇਇੱਜ਼ਤੀ ਸਮਝਦੇ ਹਨ।ਬੋਲ ਬਾਣੀ ਵਿੱਚ ਬਿਲਕੁਲ ਵੀ ਮਿਠਾਸ ਨਹੀਂ ਹੁੰਦੀ। ਮੂਹੋਂ ਕੱਢੇ ਸ਼ਬਦ ਤਲਵਾਰ ਦੀ ਤਰ੍ਹਾਂ ਜ਼ਖ਼ਮ ਦਿੰਦੇ ਹਨ। ਅਜਿਹੇ ਇਨਸਾਨਾਂ ਨੂੰ ਆਪਣੀ ਸੁੰਦਰਤਾ ਦਾ ਘੁਮੰਡ ਬਹੁਤ ਜ਼ਿਆਦਾ ਹੁੰਦਾ ਹੈ। ਸੁੰਦਰਤਾ ਕਾਰਨ ਉਹ ਹਉਮੈ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਚੋਂ ਕਦੇ ਵੀ ਮੈਂ ਖਤਮ ਨਹੀਂ ਹੁੰਦੀ।ਇਨਸਾਨ ਦੀ ਸੋਚ ਬਹੁਤ ਵਧੀਆ ਹੋਣੀ ਚਾਹੀਦੀ ਹੈ।
ਇਹ ਸੁੰਦਰ ਚਿਹਰੇ ਤੇ ਨਿਰਭਰ ਨਹੀਂ ਕਰਦਾ, ਕਿ ਉਹ ਬਾਹਰੋਂ ਕਿੰਨਾ ਸੋਹਣਾ ਹੈ। ਕਈ ਬੰਦੇ ਬਾਹਰੋਂ ਇੰਨੇ ਸੋਹਣੇ ਨਹੀਂ ਹੁੰਦੇ ,ਪਰ ਅਜਿਹੇ ਇਨਸਾਨਾਂ ਦਾ ਗੱਲ ਕਰਨ ਦਾ ਤਰੀਕਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ। ਦਿਲਾਂ ਤੇ ਛਾਪ ਛੱਡ ਜਾਂਦੇ ਹਨ।ਅਜਿਹੇ ਇਨਸਾਨਾਂ ਅੰਦਰ ਗੁਰੂਮਤ ਵਾਲੇ ਗੁੱਣ ਹੁੰਦੇ ਹਨ।ਜੇ ਸਾਡੇ ਅੰਦਰ ਚੰਗੇ ਗੁਣ ਨਹੀਂ ਹਨ ਤਾਂ ਅਜਿਹੀ ਸੁੰਦਰਤਾ ਦਾ ਕੀ ਫਾਇਦਾ? ਬੋਲਚਾਲ ਤੋਂ ਹੀ ਇਨਸਾਨ ਦੀ ਸੁੰਦਰਤਾ ਦਾ ਪਤਾ ਚੱਲ ਜਾਂਦਾ ਹੈ। ਜੇਕਰ ਸੁੰਦਰਤਾ ਦੇ ਨਾਲ-ਨਾਲ ਚੰਗੇ ਗੁਣ ਵੀ ਇਨਸਾਨ ਵਿੱਚ ਹੋਣਗੇ ਤਾਂ ਉਹ ਨਿਰਾਂ ਸੁਰਗ ਹੈ। ਚੰਗੇ ਗੁਣਾਂ ਨਾਲ ਇਨਸਾਨ ਦੀ ਸ਼ਖਸ਼ੀਅਤ ਹੋਰ ਨਿਖਰ ਜਾਂਦੀ ਹੈ।
ਉਮਰ ਦੇ ਨਾਲ-ਨਾਲ ਬਾਹਰੀ ਸੁੰਦਰਤਾ ਵੀ ਘਟਦੀ ਚਲੀ ਜਾਂਦੀ ਹੈ। ਔਗੁਣਾਂ ਭਰਪੂਰ ਅਜਿਹੀ ਸੁੰਦਰਤਾ ਕਿਸ ਕੰਮ ਦੀ, ਜੋ ਕਿਸੇ ਦੀ ਇੱਜ਼ਤ ਨਾ ਕਰ ਸਕੇ। ਪਰ ਜੋ ਹਿਰਦੇ ਦੀ ਸੁੰਦਰਤਾ ਹੈ ,ਉਹ ਹਮੇਸ਼ਾ ਹੀ ਅਮਰ ਰਹਿੰਦੀ ਹੈ। ਬਾਹਰੀ ਸੁੰਦਰਤਾ ਸਦਾ ਨਹੀਂ ਰਹਿੰਦੀ ਹੈ। ਹਮੇਸ਼ਾ ਹੀ ਸਾਡੇ ਅੰਦਰ ਦਇਆ , ਪ੍ਰੇਮ, ਪਰੋਪਕਾਰ,ਮਦਦ ਦੀ ਭਾਵਨਾ ਹੋਣੀ ਚਾਹੀਦੀ ਹੈ। ਹਮੇਸ਼ਾਂ ਸਾਨੂੰ ਉਸ ਦਾਤਾਰ ਦਾ ਸ਼ੁਕਰ ਕਰਨਾ ਚਾਹੀਦਾ ਹੈ। ਹਲੀਮੀ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।ਸਾਨੂੰ ਹਮੇਸ਼ਾ ਚੰਗੇ ਗੁਣਾਂ ਨਾਲ ਭਰਪੂਰ ਇਨਸਾਨ ਦੀ ਸੁੰਦਰਤਾ ਨੂੰ ਹੀ ਅਹਿਮੀਅਤ ਦੇਣੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ
ਮੋਹਾਲੀ 7888966168