(ਸਮਾਜ ਵੀਕਲੀ)
ਹੁਣ ਮੈਂ ਵਿੱਚ ਮੈਂ ਨਾ ਰਹੀ ,
ਬਣਿਆ ਨਿਮਾਣਾ ਤੇ ਨਿਸ਼ਕਾਮ ਸੇਵਾਦਾਰ ।
ਪਛੜੀ ਤਹਿਸੀਲ ਦੇ ਪਛੜੇ ਪਿੰਡ ਵਿੱਚ ਜੰਮਿਆ ,
ਦਾਦਾ ਸਾਡਾ ਅਨਪੜ੍ਹਾਂ ਦਾ ਸਰਦਾਰ ।
ਚਾਰੇ ਪੁੱਤਾਂ ਨੂੰ ਸੌਂਪੇ ਵੱਖ ਵੱਖ ਕੰਮ ,
ਸਾਡੇ ਬਾਪੂ ਜੀ ਬਣੇ ਲਾਣੇਦਾਰ ।
ਉਨ੍ਹਾਂ ਤੋਂ ਛੋਟਾ ਬਣਿਆਂ ਵਿਉਪਾਰੀ ਹਿਸਾਬੀ ,
ਅਗਲਾ ਬਣਿਆ ਖੇਤੀ ਕਾਸ਼ਤਕਾਰ ।
ਪੁਲੀਸ ਦੀ ਭਰਤੀ ਰਾਸ ਨਾ ਆਈ ਛੋਟੇ ਨੂੰ ,
ਲੋੜ ਤੋਂ ਵੱਧ ਸੀ ਈਮਾਨਦਾਰ ।
ਪੰਜ ਧੀਆਂ ਤੇ ਛੇ ਪੁੱਤਰਾਂ ਵਾਲਾ ,
ਬਾਪੂ ਜੀ ਦਾ ਸਭ ਤੋਂ ਵੱਡਾ ਪਰਿਵਾਰ ।
ਅਮਿਤਾਭ ਬੱਚਨ ਦੀ ਫ਼ਿਲਮ ਖੱਟਾ ਮੀਠਾ ,
ਮੇਲ ਖਾਂਦਾ ਸੀ ਸਾਡੇ ਟੱਬਰ ਦਾ ਕਿਰਦਾਰ ।
ਲਾਡਲਾ ਪੁੱਤ ਸੀ ਮੈਂ ਸਭ ਤੋਂ ਛੋਟਾ ਮਾਪਿਆਂ ਦਾ
ਰੁਲ ਖੁਲ ਕੇ ਤੀਜੇ ਦਰਜੇ ‘ਚ ਦਸਵੀਂ ਕੀਤੀ ਪਾਸ।
ਮਹਿੰਦਰਾ ਕਾਲਜ ਵਿੱਚ ਵੀ ਲਾਇਆ ਸਾਲ ,
ਮਨ ਨ੍ਹੀਂ ਲੱਗਿਆ ਪੜ੍ਹਾਈ ਨਾ ਆਈ ਰਾਸ ।
ਲਾਡ ਨੇ ਵਿਗਾੜਿਆ ਕਿਤੇ ਨਾ ਲੱਗੇ ਜੀਅ,
ਹੁਕਮ ਹੋਇਆ ਘਰੋਂ ਚੰਡੀਗੜ੍ਹ ਜੀਜੇ ਕੋਲ ਜਾਹ
ਨਵੇਂ ਖੁੱਲ੍ਹੇ ਕਾਲਜ ਵਿਚ ਮਿਲਿਆ ਦਾਖਲਾ ,
ਜੀਜਾ ਜੀ ਬਣੇ ਸਰਬਰਾਹ ।
ਅੱਥਰਾ ਸੁਭਾਅ ਫਸਿਆ ਕੁੜਿੱਕੀ ‘ ਚ ,
ਸਮਝ ਨਾ ਆਵੇ ਸਮਝੌਤਾ ਕਰਾਂ ਕਿ ਟਕਰਾਅ ।
ਰਹਿਨੁਮਾਈ ਸੁਹਿਰਦ ਬੰਦੇ ਦੀ ,
ਮਿਹਨਤ ਵਾਲੇ ਰਸਤੇ ਦਿੱਤਾ ਪਾ ।
ਵਿਦਵਾਨਾਂ ਦੀ ਸੰਗਤ ਤੇ ਮਿਹਨਤ ਸਦਕਾ ,
ਕਾਲਜ ਚੋਂ ਫਸਟ ਆਉਣ ਤੇ ਚੁੱਕਿਆ ਨਾ ਜਾਵੇ ਚਾਅ ।
ਪਹਿਲਾਂ ਗੁਰ ਜੇ ਸਿੱਖਿਆ ਲੈਣੀ ਕਿਸੇ ਤੋਂ ,
ਹਲੀਮੀ, ਆਦਰ, ਸਤਿਕਾਰ ਕਰੋ ।
ਮਿਹਨਤ ਬਿਨਾਂ ਕਿਸੇ ਬਾਂਹ ਨਹੀਂ ਫੜਨੀ ,
ਭਾਵੇਂ ਰੱਬ ਦੀਆਂ ਮਿੰਨਤਾਂ ਹਜ਼ਾਰ ਕਰੋ ।
ਸਭ ਤੋਂ ਮੋਹਰੀ ਸਤਿਕਾਰ ਦੇ ਪਾਤਰ ,
ਮਾਂ, ਪਿਉ, ਗੁਰੂ ਤੇ ਬਾਕੀ ਰਾਹ ਦਸੇਰੇ ।
ਵਾਹਿਗੁਰੂ ਦੀ ਮਿਹਰ ਵੀ ਤਾਂ ਹੀ ਹੋਣੀ ,
ਜੇ ਬੰਦਿਆ ਚੰਗੇ ਸੰਸਕਾਰ ਹੋਣਗੇ ਤੇਰੇ।
ਪਹਿਲਾਂ ਤਾਂ ਜ਼ਿੰਦਗੀ ਬਣੀ ਤੂਫ਼ਾਨ ਮੇਲ ,
ਹੌਲੀ ਹੌਲੀ ਹੋਇਆ ਸਹਿਜ ਸਵਾਰ ।
ਹੁਣ ਪਰਮਾਤਮਾ ਨਾਲ ਲਿਵ ਲੱਗਣ ਲੱਗੀ ,
ਸੰਤੁਸ਼ਟੀ ਹੋਈ ਅਪਰੰਪਾਰ ।
ਹੁਣ ਮੈਂ ਵਿੱਚ ਮੈਂ ਨਾ ਰਹੀ ,
ਬਣਿਆ ਨਿਮਾਣਾ ਤੇ ਨਿਸ਼ਕਾਮ ਸੇਵਾਦਾਰ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ : 9878469639
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly