ਟਰਾਂਸਪੋਰਟ ਕਾਮਿਆਂ ਵੱਲੋਂ ਪਵਾਰ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ

ਮੁੰਬਈ, (ਸਮਾਜ ਵੀਕਲੀ):  ਮਹਾਰਾਸ਼ਟਰ ਰਾਜ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਮਐੱਸਆਰਟੀਸੀ) ਦੇ ਸੌ ਤੋਂ ਵੱਧ ਹੜਤਾਲੀ ਕਾਮਿਆਂ ਨੇ ਅੱਜ ਐੱਨਸੀਪੀ ਆਗੂ ਸ਼ਰਦ ਪਵਾਰ ਦੀ ਦੱਖਣੀ ਮੁੰਬਈ ਸਥਿਤ ਸਿਲਵਰ ਓਕ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਮੁੰਬਈ ਪੁਲੀਸ ਨੇ ਮਗਰੋਂ 107 ਵਿਅਕਤੀਆਂ ਖਿਲਾਫ਼ ਦੰਗਿਆਂ ਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਦਿੱਤਾ। ਦੱਖਣੀ ਮੁੰਬਈ ਦੇ ਗਾਮਦੇਵੀ ਪੁਲੀਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਵਿੱਚ 23 ਔਰਤਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਮੁਲਜ਼ਮਾਂ ਵਿੱਚ ਰਾਜ ਟਰਾਂਸਪੋਰਟ ਇੰਪਲਾਈਜ਼ ਦੇ ਆਗੂ, ਵਰਕਰ ਤੇ ਹੋਰ ਲੋਕ ਸ਼ਾਮਲ ਹਨ। ਪੁਲੀਸ ਨੂੰ ਸ਼ੱਕ ਹੈ ਐੱਨਸੀਪੀ ਆਗੂ ਦੀ ਰਿਹਾਇਸ਼ ਬਾਹਰ ਕੀਤੇ ਪ੍ਰਦਰਸ਼ਨਾਂ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਜਿਸ ਕਰਕੇ ਅੰਦੋਲਨ ਵਿੱਚ ਸ਼ਾਮਲ ਹਰ ਵਿਅਕਤੀ ਦੀ ਭੂਮਿਕਾ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।ਇਸ ਦੌਰਾਨ ਰਾਜ ਦੇ ਸੈਰ-ਸਪਾਟਾ ਮੰਤਰੀ ਆਦਿੱਤਿਆ ਠਾਕਰੇ ਨੂੰ ਪਵਾਰ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕੀਤੇ ਜਾਣ ਦਾ ਪਤਾ ਲੱਗਾ ਤਾਂ ਉਹ ਫੌਰੀ ਉਥੇ ਪੁੱਜ ਗਏ। ਐੱਨਸੀਪੀ ਦੇ ਬੁਲਾਰੇ ਨੇ ਕਿਹਾ ਕਿ ਆਦਿੱਤਿਆ ਠਾਕਰੇ, ਪਵਾਰ ਦੀ ਰਿਹਾਇਸ਼ ’ਤੇ ਇਕ ਘੰਟੇ ਦੇ ਕਰੀਬ ਰੁਕੇ ਤੇ ਮਗਰੋਂ ਉਥੋਂ ਚਲੇ ਗਏ।

ਸੂਤਰਾਂ ਮੁਤਾਬਕ ਮੁੱਖ ਮੰਤਰੀ ਊਧਵ ਠਾਕਰੇ ਨੇ ਪਵਾਰ ਨਾਲ ਫੋਨ ’ਤੇ ਗੱਲਬਾਤ ਕੀਤੀ, ਹਾਲਾਂਕਿ ਸ਼ਿਵ ਸੈਨਾ ਤੇ ਐੱਨਸੀਪੀ ’ਚੋਂ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉਧਰ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਤੇ ਰਾਜ ਦੇ ਮਾਲੀਆ ਮੰਤਰੀ ਬਾਲਾਸਾਹਿਬ ਥੋਰਾਟ ਨੇ ਘਟਨਾ ਦੀ ਨਿਖੇਧੀ ਕੀਤੀ ਹੈ। ਭਾਜਪਾ ਆਗੂ ਨੇ ਕਿਹਾ, ‘‘ਪਵਾਰ ਦੀ ਰਿਹਾਇਸ਼ ਦੇ ਬਾਹਰ ਜੋ ਕੁਝ ਹੋਇਆ ਉਹ ਗ਼ਲਤ ਸੀ। ਅਸੀਂ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਈਏ, ਪਰ ਅਜਿਹੇ ਵਿਰੋਧ ਪ੍ਰਦਰਸ਼ਨਾਂ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਮੈਂ ਸਖ਼ਤ ਸ਼ਬਦਾਂ ’ਚ ਇਸ ਦੀ ਨਿਖੇਧੀ ਕਰਦਾ ਹਾਂ।’’ ਫੜਨਵੀਸ ਨੇ ਕਿਹਾ ਕਿ ਐੱਮਐੱਸਆਰਟੀਸੀ ਕਾਮੇ ਪਿਛਲੇ ਪੰਜ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਅਤੇ ਦੁੱਖ ਤਕਲੀਫਾਂ ਉਚਿਤ ਮੰਚ ’ਤੇ ਸੁਣੀਆਂ ਜਾਣੀਆਂ ਚਾਹੀਦੀਆਂ ਹਨ। ਕਾਂਗਰਸ ਆਗੂ ਥੋਰਾਟ ਨੇ ਐੱਮਐੱਸਆਰਟੀਸੀ ਕਾਮਿਆਂ ਨੂੰ ਚੁੱਕਣਾ ਦੇਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਲੰਕਾ: ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਚਿਤਾਵਨੀ
Next articleਐੱਫਸੀਆਈ ਵੱਲੋਂ ਅਨਾਜ ਮੰਡੀਆਂ ’ਚੋਂ ਸਿੱਧੀ ਰੇਲ ਰਾਹੀਂ ਕਣਕ ਭੇਜਣ ਦਾ ਫੈਸਲਾ