10 ਮਾਰਚ ਬਰਸੀ ‘ਤੇ ਭੁਲਾ ਦਿੱਤੀ ਗਈ ਨਾਇਕਾ ਸਾਵਿੱਤਰੀ ਬਾਈ ਫੂਲੇ • ਸੁਖਵੀਰ

ਸਮਾਜ ਸੇਵਿਕਾ, ਕਵੀ ਅਤੇ ਦਲਿਤਾਂ ਲਈ ਅਵਾਜ ਉਠਾਉਣ ਵਾਲ਼ੀ ਸਾਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਅਜੇ ਵੀ ਦੇਸ਼ ਦੇ ਬਹੁਤੇ ਲੋਕ ਨਹੀਂ ਜਾਣਦੇ। ਇੱਥੋਂ ਤੱਕ ਕਿ ਬਹੁਤ ਸਾਰੀਆਂ ਔਰਤਾਂ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਅੱਜ ਜੇ ਉਹ ਸਿੱਖਿਅਤ ਹਨ, ਰੁਜ਼ਗਾਰ ਦੇ ਕਾਬਿਲ ਹਨ ਤਾਂ ਇਸ ਵਿੱਚ ਸਾਵਿੱਤਰੀ ਬਾਈ ਫੂਲੇ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਬਹੁਤ ਯੋਗਦਾਨ ਹੈ।

ਸਾਵਿੱਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਮਹਾਂਰਾਸ਼ਟਰ ਵਿੱਚ ਪੂਨੇ ਤੋਂ 50 ਕਿਲੋਮੀਟਰ ਦੂਰ ਨਈਗਾਓਂ ਵਿੱਚ ਹੋਇਆ। 1840 ਵਿੱਚ 10 ਸਾਲ ਦੀ ਉਮਰ ਵਿੱਚ ਉਨਾਂ ਦਾ ਵਿਆਹ ਜੋਤੀਰਾਓ ਫੂਲੇ ਨਾਲ਼ ਹੋਇਆ ਜੋ ਕਿ ਉਸ ਵੇਲ਼ੇ 13 ਸਾਲ ਦੇ ਸਨ। ਜੋਤੀਰਾਓ ਖੁਦ ਇੱਕ ਸਮਾਜ ਸੁਧਾਰਕ ਸਨ। ਉਹਨਾਂ ਨੇ ਆਪਣੀ ਪਤਨੀ ਨੂੰ ਘਰ ਵਿੱਚ ਹੀ ਪੜਾਇਆ ਅਤੇ ਅਧਿਆਪਕਾ ਬਣਨ ਲਈ ਪ੍ਰੇਰਿਤ ਕੀਤਾ। ਸਾਵਿੱਤਰੀ ਬਾਈ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਤੇ ਔਰਤ ਮੁਕਤੀ ਲਹਿਰ ਦੀ ਪਹਿਲੀ ਆਗੂ ਸੀ। ਸਾਵਿੱਤਰੀ ਬਾਈ ਦੇ ਘਰ ਦੀ ਡਿਉਢੀ ਲੰਘ ਕੇ ਬਾਹਰ ਪੜਾਉਣ ਜਾਣ ਤੋਂ ਹੀ ਆਧੁਨਿਕ ਭਾਰਤੀ ਔਰਤ ਦੇ ਚੁਣੌਤੀਪੂਰਨ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਸਾਵਿੱਤਰੀ ਬਾਈ ਫੂਲੇ ਨੇ ਔਰਤਾਂ ਦੀ ਸਿੱਖਿਆ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। 1848 ਵਿੱਚ ਉਹਨਾਂ ਪਹਿਲੇ ਮਹਿਲਾ ਸਕੂਲ ਦੀ ਸਥਾਪਨਾ ਕੀਤੀ। ਇਸਤੋਂ ਬਾਅਦ ਉਹ ਅਜਿਹੇ ਹੋਰ 5 ਸਕੂਲ ਖੋਲ਼ਣ ਵਿੱਚ ਵੀ ਸਫਲ ਹੋਈ। ਉਸ ਸਮੇਂ ਦੀ ਅੰਗਰੇਜ਼ਾਂ ਦੀ ਸਿੱਖਿਆ ਦਾ ਉਦੇਸ਼ ਰੰਗ-ਰੂਪ ਪੱਖੋਂ ਭਾਰਤੀ ਪਰ ਮਨ ਤੋਂ ਅੰਗੇਰਜ਼ ਕਲਰਕ ਪੈਦਾ ਕਰਨਾ ਸੀ। ਇਸ ਲਈ ਉਹ ਸਿੱਖਿਆ ਵਿੱਚ ਤਰਕ ਭਰਪੂਰ ਜਾਂ ਵਿਗਿਆਨਕ ਸਿੱਖਿਆ ਸ਼ਾਮਲ ਨਹੀਂ ਸੀ ਕਰਦੇ। ਸਾਵਿੱਤਰੀ ਬਾਈ ਨੇ ਪ੍ਰਾਇਮਰੀ ਪੱਧਰ ‘ਤੇ ਵਿਗਿਆਨਕ ਸਿੱਖਿਆ ਸ਼ਾਮਲ ਕਰਨ ‘ਤੇ ਜੋਰ ਦਿੱਤਾ। ਜਦੋਂ ਸਾਵਿੱਤਰੀ ਬਾਈ ਕੁੜੀਆਂ ਨੂੰ ਪੜਾਉਣ ਜਾਂਦੀ ਸੀ ਤਾਂ ਲੋਕ ਉਸ ਉੱਪਰ ਚਿੱਕੜ, ਗੰਦਗੀ ਤੇ ਗੋਹਾ ਆਦਿ ਸੁੱਟਦੇ ਸਨ, ਪਰ ਉਹ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਮਕਸਦ ਲਈ ਸਮਰਪਿਤ ਹੋ ਕੇ ਜਿਉਂਦੀ ਰਹੀ। ਉਸ ਨੇ ਲੜਕੀਆਂ ਦੇ ਸਕੂਲ ਤੇ ਬਾਲਗ ਸਾਖਰਤਾ ਸਕੂਲ ਜਿਹੇ ਸਿੱਖਿਆ ਦੇ ਆਪਣੇ ਪ੍ਰਾਜੈਕਟ ਲੋਕਾਂ ਦੀ ਤਾਕਤ ਨਾਲ਼ ਹੀ ਖੜੇ ਕੀਤੇ ਅਤੇ ਅੱਗੇ ਵਧਾਏ। 1890 ‘ਚ ਜੋਤੀ ਰਾਓ ਫੂਲੇ ਦੀ ਮੌਤ ਤੋਂ ਬਾਅਦ ਸਾਵਿੱਤਰੀ ਬਾਈ ਨੇ ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਸੰਕਲਪ ਲਿਆ।

ਸਾਵਿੱਤਰੀ ਬਾਈ ਇੱਕ ਅਜਿਹੀ ਔਰਤ ਸੀ ਜਿਸਨੇ ਬਾਲ ਵਿਆਹ, ਛੂਆ-ਛੂਤ, ਜਾਤ-ਪਾਤ ਅਤੇ ਵਿਧਵਾ ਵਿਆਹ ‘ਤੇ ਰੋਕ ਜਿਹੀਆਂ ਕੁਰੀਤੀਆਂ ਖਿਲਾਫ ਸੰਘਰਸ਼ ਕੀਤਾ। ਉਹਨਾਂ ਸਮਾਜਿਕ ਕੁਰੀਤੀਆਂ ‘ਤੇ ਸੱਟ ਮਾਰਨ ਤੇ ਔਰਤਾਂ ਨੂੰ ਸਿੱਖਿਅਤ ਕਰਨ ਦਾ ਕੰਮ ਉਹਨਾਂ ਸਮਿਆਂ ਵਿੱਚ ਕੀਤਾ ਜਦੋਂ ਇੱਕ ਪਾਸੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਦੂਜੇ ਪਾਸੇ ਸਮਾਜ ਵਿੱਚ ਜਗੀਰੂ ਕਦਰਾਂ-ਕੀਮਤਾਂ ਦਾ ਬੋਲਬਾਲਾ ਸੀ ਜਿੱਥੇ ਔਰਤਾਂ ਦਾ ਪੜਨਾ-ਲਿਖਣਾ ਤੇ ਕਿਸੇ ਸਮਾਜਿਕ ਲਹਿਰ ਦਾ ਹਿੱਸਾ ਬਣਨਾ ਤਾਂ ਦੂਰ ਸਗੋਂ ਉਹਨਾਂ ਦਾ ਘਰੋਂ ਬਾਹਰ ਨਿੱਕਲ਼ਣਾ ਵੀ ਮੁਸ਼ਕਿਲ ਸੀ।

1897 ਵਿੱਚ ਮਹਾਂਰਾਸ਼ਟਰ ਵਿੱਚ ਪਲੇਗ ਦੀ ਭਿਆਨਕ ਮਹਾਂਮਾਰੀ ਫੈਲ ਗਈ। ਪੂਨੇ ਦੇ ਖੇਤਰ ਵਿੱਚ ਸੈਂਕੜੇ ਲੋਕ ਪਲੇਗ ਨਾਲ ਮਰ ਰਹੇ ਸਨ। ਸਾਵਿੱਤਰੀ ਬਾਈ ਅਤੇ ਉਹਨਾਂ ਦੇ ਬੇਟੇ ਯਸ਼ਵੰਤ ਨੇ ਮਿਲ਼ ਕੇ ਸ਼ਹਿਰ ਦੇ ਬਾਹਰ ਬਿਮਾਰਾਂ ਦੀ ਮਦਦ ਲਈ ਹਸਪਤਾਲ ਖੋਲ਼ਿਆ। ਉਹ ਮਰੀਜਾਂ ਕੋਲ਼ ਜਾਂਦੀ ਅਤੇ ਆਪ ਉਹਨਾਂ ਨੂੰ ਹਸਪਤਾਲ ਲੈ ਕੇ ਆਉਂਦੀ, ਭਾਵੇਂ ਕਿ ਉਹ ਜਾਣਦੀ ਸੀ ਕਿ ਪਲੇਗ ਇੱਕ ਛੂਤ ਦੀ ਬਿਮਾਰੀ ਹੈ। 10 ਮਾਰਚ 1897 ਨੂੰ ਪਲੇਗ ਕਾਰਨ ਸਾਵਿੱਤਰੀ ਬਾਈ ਦੀ ਮੌਤ ਹੋ ਗਈ। ਉਨਾਂ ਦਾ ਸਾਰਾ ਜੀਵਨ ਦਲਿਤਾਂ ਅਤੇ ਔਰਤਾਂ ਦੇ ਸੰਘਰਸ਼ ਲਈ ਬੀਤਿਆ। ਉਹਨਾਂ ਇਹ ਵੀ ਜਾਣ ਲਿਆ ਸੀ ਕਿ ਅੰਗਰੇਜ਼ਾਂ ਦੀ ਵੀ ਦਲਿਤਾਂ ਤੇ ਦੱਬੇ-ਕੁਚਲੇ ਲੋਕਾਂ ਨਾਲ਼ ਕੋਈ ਹਮਦਰਦੀ ਨਹੀਂ ਹੈ। ਉਹਨਾਂ ਨੇ ‘ਕਿਸਾਨ ਦਾ ਕੋੜਾ’ ਵਿੱਚ ਲਿਖਿਆ ਹੈ ਕਿ ਅੰਗਰੇਜ਼ ਅਫਸਰਸ਼ਾਹੀ ਜਾਂ ਬ੍ਰਾਹਮਣਵਾਦੀ ਜਗੀਰਦਾਰ ਦੋਵਾਂ ਦੀ ਚਮੜੀ ਉਧੇੜੀ ਜਾਵੇ ਤਾਂ ਅੰਦਰੋ ਇੱਕ ਹੀ ਖੂਨ ਮਿਲ਼ੇਗਾ, ਭਾਵ ਦੋਹਾਂ ਵਿੱਚ ਕੋਈ ਅੰਤਰ ਨਹੀਂ ਹੈ।

ਅਜ਼ਾਦੀ ਤੋਂ ਬਾਅਦ ਕਾਬਜ ਹੋਏ ਸਰਮਾਏਦਾਰਾ ਹਾਕਮਾਂ ਨੇ ਸਾਵਿੱਤਰੀ ਬਾਈ ਨੂੰ ਭੁਲਾ ਦਿੱਤਾ, ਕਿਉਂਕਿ ਉਸ ਦੀਆਂ ਸਿੱਖਿਆਵਾਂ ਉਹਨਾਂ ਲਈ ਖਤਰਨਾਕ ਹਨ। ਮੌਜੂਦਾ ਹਾਕਮ ਨਾ ਤਾਂ ਦਲਿਤਾਂ ਤੇ ਔਰਤਾਂ ਨੂੰ ਬਰਾਬਰ ਦੇ ਹੱਕ ਦੇ ਸਕਦੇ ਹਨ, ਨਾ ਇੱਕ ਔਰਤ ਦਾ ਆਗੂ ਹੋਣਾ ਉਹਨਾਂ ਨੂੰ ਪਚ ਸਕਦਾ ਹੈ ਤੇ ਨਾ ਹੀ ਉਹ ਸਭ ਨੂੰ ਸਿੱਖਿਆ ਦੇ ਸਕਦੇ ਹਨ, ਫੇਰ ਭਲਾਂ ਉਹਨਾਂ ਨੂੰ ਸਾਵਿੱਤਰੀ ਬਾਈ ਫੂਲੇ ਕਿਵੇਂ ਰਾਸ ਆ ਸਕਦੀ ਹੈ? ਸੱਤਾ ‘ਤੇ ਕਾਬਜ ਹੋਣ ਮਗਰੋਂ ਲੋਕਾਂ ਨੂੰ ਸਿੱਖਿਆ ਦੇਣ ਦੇ ਮਾਮਲੇ ਤੋਂ ਸਰਮਾਏਦਾਰਾ ਹਕੂਮਤਾਂ ਪਿੱਛੇ ਹਟਦੀਆਂ ਰਹੀਆਂ ਹਨ। 1991 ਤੋਂ ਬਾਅਦ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨਾਲ਼ ਸਿੱਖਿਆ ਨੂੰ ਪੂਰੀ ਤਰਾਂ ਮੰਡੀ ਦੇ ਹਵਾਲੇ ਕਰ ਦਿੱਤਾ ਗਿਆ। ਅੱਜ ਸਿੱਖਿਆ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਰਹੀ। ਗਰੀਬ ਆਪਣੇ ਬੱਚਿਆਂ ਨੂੰ ਉੱਚ-ਵਿੱਦਿਆ ਦਿਵਾਉਣ ਬਾਰੇ ਸੋਚ ਵੀ ਨਹੀਂ ਸਕਦਾ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਭਾਰਤ ਵਿੱਚ ਅਧਿਆਪਕ ਦਿਵਸ ਸਾਵਿੱਤਰੀ ਬਾਈ ਫੂਲੇ ਦੇ ਨਾਮ ‘ਤੇ ਨਹੀਂ ਸਗੋਂ ਸਰਵਪੱਲੀ ਰਾਧਾਕ੍ਰਿਸ਼ਨਨ ਜਿਹੇ ਵਿਅਕਤੀ ਦੇ ਨਾਮ ‘ਤੇ ਮਨਾਇਆ ਜਾਂਦਾ ਹੈ ਜਿਸਨੇ ਆਪਣੇ ਵਿਦਿਆਰਥੀ ਦੇ ਖੋਜ-ਕਾਰਜ ਨੂੰ ਚੋਰੀ ਕਰਕੇ ਆਪਣੇ ਨਾਮ ਛਪਵਾ ਲਿਆ ਤੇ ਜੋ ਜਾਤ-ਪਾਤੀ ਢਾਂਚੇ ਦਾ ਹਮਾਇਤੀ ਸੀ।

ਭਾਰਤ ਦੇ ਲੁਟੇਰੇ ਹਾਕਮਾਂ ਨੇ ਸਾਵਿੱਤਰੀ ਬਾਈ ਫੂਲੇ ਨੂੰ ਭੁਲਾ ਦਿੱਤਾ ਹੈ ਪਰ ਕਿਰਤੀ ਲੋਕਾਂ ਦੀ ਬਿਹਤਰੀ ਲਈ ਜੂਝਣ ਵਾਲੇ ਨੌਜਵਾਨਾਂ ਨੂੰ ਆਪਣੀ ਮਹਾਨ ਵਿਰਾਸਤ ਦੇ ਤੌਰ ‘ਤੇ ਸਾਵਿੱਤਰੀ ਬਾਈ ਫੂਲੇ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਸਦੇ ਜੀਵਨ ਤੇ ਕੰਮਾਂ ਨੂੰ ਲੋਕਾਂ ਵਿੱਚ ਲਿਜਾਣਾ ਚਾਹੀਦਾ ਹੈ। ਸਾਵਿੱਤਰੀ ਬਾਈ ਫੂਲੇ ਨੇ ਸਭ ਲਈ ਸਿੱਖਿਆ, ਔਰਤਾਂ ਤੇ ਦਲਿਤਾਂ ਦੀ ਬਿਹਤਰੀ ਲਈ ਜੋ ਸੁਪਨਾ ਦੇਖਿਆ ਸੀ ਉਹਨਾਂ ਨੂੰ ਪੂਰਾ ਕਰਨ ਲਈ ਅੱਜ ਦੇ ਸਮਾਜ ਦੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਿਤ

Previous articleਕ੍ਰਾਂਤੀਜੋਤੀ ਸਵਿਤਰੀ ਬਾਈ ਫੂਲੇ ਦੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਸਰਧਾਂਜਲੀ ਭੇਟ ਕੀਤੀ ਗਈ
Next articleLord Ahmad pledges £800,000 for women’s peacebuilding