ਲਵਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) ਅੱਜ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਦਿਆਂ ਨਾਲ ਦੇ ਘਰ ਵਾਲੀ ਅੰਟੀ ਨੂੰ ਫ਼ੋਨ ਤੇ ਗੱਲ ਕਰਦੇ ਸੁਣਿਆ, ਕੋਲੋਂ ਲੰਘਦੇ ਫ਼ੋਨ ਸਪੀਕਰ ’ਤੇ ਹੋਣ ਕਰਕੇ ਆਵਾਜ਼ ਸੁਣ ਰਹੀ ਸੀ।
ਅੰਟੀ, ਜਿਸ ਨਾਲ ਗੱਲ ਕਰ ਰਹੇ ਸਨ, ਉਸ ਔਰਤ ਨੇ ਕਿਹਾ, “ਭੈਣ ਜੀ, ਜਿਸ ਨੂੰ ਸਾਰੀ ਉਮਰ ਆਪਣੀ ਸੌਂਕਣ ਵਾਂਗ ਨਫ਼ਰਤ ਕੀਤੀ, ਅੱਜ ਉਸਦੇ ਗਲ੍ਹ ਲੱਗ ਰੋ ਰਹੀ ਹਾਂ, ਹੁਣ ਤਾਂ ਬਾਹਲਾ ਮੋਹ ਆਉਂਦਾ।”
ਸੈਰ ਕਰਕੇ ਜਦ ਮੈਂ ਪਾਰਕ ਦੇ ਇਕ ਪਾਸੇ ਬੈਠਣ ਲਈ ਬਣੇ ਬੈਂਚ ਆ ਬੈਠੀ ਤਾਂ ਅੰਟੀ ਵੀ ਗੱਲ ਖ਼ਤਮ ਕਰਕੇ ਮੇਰੇ ਕੋਲ ਆਣ ਬੈਠੇ।
ਉਹ ਸੌਂਕਣ ਵਾਲੀ ਗੱਲ ਮੇਰੇ ਦਿਮਾਗ ਵਿੱਚ ਵਾਰ-ਵਾਰ ਆ ਰਹੀ ਸੀ ਤਾਂ ਮੈਂ ਅੰਟੀ ਨੂੰ ਪੁੱਛ ਹੀ ਲਿਆ।
ਅੰਟੀ ਨੇ ਦੱਸਿਆ, “ਇਹ ਉਨ੍ਹਾਂ ਦੀ ਭਾਬੀ ਹੈ। ਸਾਡਾ ਇੱਕ ਭਰਾ ਸੀ ਤੇ ਅਸੀਂ ਦੋ ਭੈਣਾਂ ਹਾਂ। ਭਰਾ ਛੋਟਾ ਸੀ ਤੇ ਉਸਨੂੰ ਟਰੈਕਟਰ ਦਾ ਬਹੁਤ ਸ਼ੌਂਕ ਸੀ। ਪਿਤਾ ਜੀ ਨੇ ਸਾਡੇ ਵਿਆਹ ਕੀਤੇ ਤਾਂ ਜ਼ਿੱਦ ਪੈ ਗਿਆ, ਹੁਣ ਟਰੈਕਟਰ ਲੈ ਕੇ ਦਿਓ। ਪਿਤਾ ਜੀ ਨੇ ਕਿਸ਼ਤਾਂ ’ਤੇ ਟਰੈਕਟਰ ਲੈ ਦਿੱਤਾ। ਵਿਆਹ ਕੀਤੇ ਕਰਕੇ ਅਜੇ ਪਿਤਾ ਜੀ ਦਾ ਹੱਥ ਤੰਗ ਹੀ ਸੀ। ਭਰਾ ਦਾ ਟਰੈਕਟਰ ਨਾਲ ਜ਼ਿਆਦਾ ਹੀ ਮੋਹ ਪੈ ਗਿਆ। ਉਹ ਟਰੈਕਟਰ ਨੂੰ ਸਾਫ਼ ਕਰਦਾ, ਉਸਨੂੰ ਪਾਰੀਆਂ ਕਰਦਾ, ਜੱਫ਼ੀਆਂ ਪਾਉਂਦਾ, ਉਸ ਨਾਲ ਗੱਲਾਂ ਕਰਦਾ ਤੇ ਰਾਤ ਆਪਣਾ ਮੰਜਾ ਵੀ ਟਰੈਕਟਰ ਕੋਲ ਹੀ ਡਾਹ ਕੇ ਸੌ ਜਾਂਦਾ। ਸ਼ਹਿਰ ਜਾਂਦਾ ਤਾਂ ਟਰੈਕਟਰ ਲਈ ਕਦੇ ਕੁੱਝ ਲੈ ਆਉਂਦਾ, ਕਦੇ ਕੁੱਝ। ਉਸਨੂੰ ਹੀ ਸ਼ਿੰਗਾਰਦਾ ਰਹਿੰਦਾ। ਫਿਰ ਸਾਡੇ ਛੋਟੇ ਦਾ ਵਿਆਹ ਹੋਇਆ ਪਰ ਇਹ ਗੱਲ ਕਿਸੇ ਨੇ ਨਹੀਂ ਸੋਚੀ ਸੀ ਕਿ ਉਹ ਭਾਬੀ ਤੋਂ ਵੱਧ ਮੋਹ ਟਰੈਕਟਰ ਨੂੰ ਹੀ ਕਰੇਗਾ। ਇੱਕ ਵਾਰ ਬੇਬੇ ਨੇ ਸਾਨੂੰ ਵੀ ਦੋਵਾਂ ਭੈਣਾਂ ਨੂੰ ਸੱਦ ਲਿਆ ਕਿ ਇਸ ਨੂੰ ਸਮਝਾਓ। ਸਾਡੇ ਕਹਿਣ ’ਤੇ ਛੋਟਾ ਭਾਬੀ ਨੂੰ ਸ਼ਹਿਰ ਲੈ ਗਿਆ। ਭਾਬੀ ਨੂੰ ਨਾਲ ਲੈ ਤਾਂ ਗਿਆ ਪਰ ਸਾਰੇ ਰਾਹ ਗੱਲਾਂ ਟਰੈਕਟਰ ਨਾਲ ਹੀ ਕਰਦਾ ਗਿਆ। ਜਦ ਘਰ ਵਾਪਸ ਆਏ ਤਾਂ ਭਾਬੀ ਖੁਸ਼ ਨਹੀਂ ਸੀ, ਪੁੱਛਿਆ ਤਾਂ ਬੇਬੇ ਦੀ ਝੋਲੀ ’ਚ ਸਿਰ ਰੱਖ ਰੋਣ ਲੱਗ ਪਈ।”
ਭਾਬੀ ਆਖਦੀ, “ਤੁਹਾਡਾ ਪੁੱਤ ਸਾਰੇ ਰਾਹ ਟਰੈਕਟਰ ਨਾਲ ਹੀ ਗੱਲਾਂ ਕਰਦਾ ਗਿਆ। ਰਸਤੇ ’ਚ ਆਖਣ ਲੱਗਾ ਕਿ ਵੇਖ ਜੱਟਾ! ਲਾਲ ਸੂਟ ਵਾਲੀ ਤੈਨੂੰ ਕਿਵੇਂ ਝਾਕਦੀ ਹੈ। ਤੇਰੀ ਟੌਹਰ ਆ ਪੂਰੀ, ਸੋਚਦੀ ਹੋਣੀ ਤੇਰੇ ਵਰਗੇ ਪਿੱਛੇ ਤੁਰ ਰਹੀ ਹੁੰਦੀ ਤਾਂ ਜੋੜੀ ਕਿੱਡੀ ਸਿਰ ਕੱਢ ਬਣਦੀ ਪਰ ਉਸਦਾ ਘਰ ਵਾਲਾ ਤਾਂ ਬੁੱਝੜ ਜਿਹਾ।”
ਇਹ ਸੁਣ ਤਾਂ ਅਸੀਂ ਵੀ ਉਹਦੇ ਮੂੰਹ ਵੱਲ ਝਾਕਦੀਆਂ ਹੀ ਰਹਿ ਗਈਆਂ।
ਬੇਬੇ ਸੁਣ ਕੇ ਆਖਦੀ, “ਹਾਏ ਰੱਬਾ! ਧੀਏ….ਹਾਏ! ਆਹ ਕੁੱਝ ਸੁਣਨ ਨੂੰ ਰਹਿ ਗਿਆ ਸੀ। ਧੀਏ, ਚੁੱਪ ਕਰ। ਮੈਨੂੰ ਦੱਸ, ਉਹ ਲਾਲ ਸੂਟ ਵਾਲੀ ਕੌਣ ਸੀ? ਕਿਥੋਂ ਦੀ ਸੀ? ਕੁੱਝ ਪਤਾ? ਆਹ ਦੋ ਮੀਲ ’ਤੇ ਤਾਂ ਸ਼ਹਿਰ ਹੈ, ਕਿਸੇ ਨੇੜਲੇ ਪਿੰਡ ਤੋਂ ਹੀ ਹੋਊ। ਧੀਏ ਕੁੱਝ ਤਾਂ ਦੱਸ, ਕੋਈ ਮੂੰਹ ਮੁਹਾਂਦਰਾ ਹੀ ਦੱਸ ਦੇ। ਮੈਂ ਉਹਦੇ ਘਰ ਜਾ ਪਤਾ ਕਰ ਆਵਾਂ।”
ਭਾਬੀ ਨੇ ਦੱਸਿਆ, “ਬੇਬੇ ਲਾਲ ਰੰਗ ਦੀ ਟਰਾਲੀ ਬਾਰੇ ਗੱਲ ਕਰਦੇ ਸੀ ਤੇ ਉਸਦਾ ਘਰਵਾਲਾ ਉਹਦੇ ਅੱਗੇ ਲੱਗੇ ਟਰੈਕਟਰ ਨੂੰ ਆਖਦੇ ਸਨ, ਜੱਟ ਆਪਣੇ ਟਰੈਕਟਰ ਨੂੰ।”
ਇਹ ਸੁਣ ਬੇਬੇ ਮੱਥੇ ਤੇ ਹੱਥ ਮਾਰ ਆਖਦੀ, “ਕਮਲਾ! ਕਿਸੇ ਥਾਂ ਦਾ।”
ਬੇਬੇ ਆਖਦੀ, “ਮੈਂ ਸੋਚਦੀ ਸੀ ਇਹ ਵਿਆਹ ਤੋਂ ਬਾਅਦ ਟਰੈਕਟਰ ਦਾ ਮੋਹ ਘੱਟ ਕਰਨ ਲੱਗ ਜਾਊ। ਚੱਲ ਕੋਈ ਨਾ ਧੀਏ, ਆਪੇ ਜਵਾਕਾਂ ’ਚ ਪੈ ਜਾਊ ਤਾਂ ਫਰਕ ਪੈ ਜਾਊ।”
ਭਾਬੀ ਨੂੰ ਸਾਡੇ ਭਰਾ ਦਾ ਟਰੈਕਟਰ ਸੌਂਕਣ ਵਾਂਗ ਹੀ ਲੱਗਣ ਲੱਗ ਪਿਆ। ਰੱਬ ਨੇ ਵੀ ਕੋਈ ਮਿਹਰ ਨਾ ਕੀਤੀ, ਦੋ ਸਾਲ ਵਿਆਹ ਨੂੰ ਹੋ ਗਏ ਸਨ, ਕੋਈ ਬੱਚਾ ਨਾ ਹੋਇਆ। ਉਸਨੇ ਫਿਰ ਆਪਣੇ ਪੇਕਿਆਂ ਨੂੰ ਸੱਦ ਲਿਆ।
ਸਾਰੇ ਭਾਬੀ ਨੂੰ ਸਮਝਾ ਤੁਰ ਗਏ ਕਿ ਕੋਈ ਵੈਲ ਤਾਂ ਹੈ ਨਹੀਂ ਮੁੰਡੇ ’ਚ ਹੁਣ ਕੀ ਆਖੀਏ ਮੁੰਡੇ ਨੂੰ। ਭਾਬੀ ਦਾ ਦੁੱਖ ਵੀ ਜਾਇਜ਼ ਸੀ।
ਭਰਾ ਨੂੰ ਸਮਝਾਉਂਦੇ ਤਾਂ ਆਖਦਾ, “ਮੈਂ ਜੋ ਮੰਗਦੀ ਲਿਆ ਕੇ ਦਿੰਦਾ ਹਾਂ ਪਰ ਇਹ ਮੇਰੇ ਟਰੈਕਟਰ ਤੋਂ ਖਿੱਝਦੀ ਰਹਿੰਦੀ।”
ਉਸਨੇ ਫਿਰ ਕਿਹਾ, “ਇਹ ਟਰੈਕਟਰ ਮੇਰੀ ਮੁਹੱਬਤ ਹੈ, ਮੇਰਾ ਭਰਾ, ਯਾਰ, ਪੁੱਤ ਸਭ ਕੁੱਝ ਹੈ। ਇਸਨੇ ਪੇਕੇ ਵੀ ਸੱਦੇ, ਤੁਹਾਨੂੰ ਵੀ ਸੱਦਿਆ, ਹੁਣ ਮੈਨੂੰ ਕੁੱਝ ਨਾ ਕਹੇ। ਜੋ ਕਰਨਾ ਸੀ, ਇਹਨੇ ਕਰ ਲਿਆ।”
ਛੋਟਾ ਭਾਬੀ ਦੇ ਪੇਕੇ ਸੱਦਣ ਅਤੇ ਸਾਡੇ ਸਮਝਾਉਣ ਆਉਣ ਤੋਂ ਦੁੱਖੀ ਹੋ ਗਿਆ। ਫਿਰ ਤਾਂ ਸਾਡੇ ਘਰ ਨੂੰ ਜਿਵੇ ਕਿਸੇ ਦੀ ਨਜ਼ਰ ਹੀ ਲੱਗ ਗਈ ਹੋਵੇ। ਬੱਚਾ ਨਾ ਹੋਣ ਦਾ ਦੋਸ਼ ਵੀ ਛੋਟੇ ਸਿਰ ਮੜ੍ਹ ਭਾਬੀ ਦੇ ਰੋਜ਼ ਦੇ ਕਲੇਸ਼ ’ਚ ਹੀ ਬੇਬੇ, ਬਾਪੂ ਜਹਾਨੋਂ ਤੁਰ ਗਏ। ਛੋਟਾ ਜ਼ਿਆਦਾਤਰ ਖੇਤ ਹੀ ਰਹਿਣ ਲੱਗਿਆ ਪਰ ਖੇਤ ਵਿਚ ਵੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਤੇ ਝੋਨਾ ਡੋਬੇ ਦੀ ਭੇਟ ਚੜ੍ਹ ਗਿਆ। ਟਰੈਕਟਰ ਦੀਆਂ ਕਿਸ਼ਤਾਂ ਵੀ ਟੁੱਟਦੀਆਂ ਗਈਆਂ। ਬੈਂਕ ਵਾਲੇ ਟਰੈਕਟਰ ਲਿਜਾਣ ਦੀਆਂ ਧਮਕੀ ਦੇਣ ਲੱਗੇ। ਛੋਟਾ ਉਦਾਸ ਰਹਿਣ ਲੱਗਿਆ। ਜ਼ਮੀਨ ਤੇ ਸਾਡੇ ਵਿਆਹ ਵੇਲੇ ਕੁੱਝ ਕਰਜ਼ਾ ਬਾਪੂ ਨੇ ਲਿਆ ਹੋਇਆ ਸੀ। ਉਸ ਦਿਨ ਵੀ ਬੈਂਕ ਵਾਲੇ ਟਰੈਕਟਰ ਲੈਣ ਆਏ ਤਾਂ ਛੋਟੇ ਤੋਂ ਬਰਦਾਸ਼ਤ ਨਾ ਹੋਇਆ।
ਇਕ ਦਿਨ ਦੀ ਮੋਹਲਤ ਲਈ, ਛੋਟੇ ਨੇ ਭਾਬੀ ਨੂੰ ਆਪਣੇ ਗਹਿਣੇ ਦੇਣ ਲਈ ਕਿਹਾ, ਭਾਬੀ ਨੇ ਕੋਰੀ ਨਾਂਹ ਕਰ ਦਿੱਤੀ, ਇਹ ਆਖ਼ਰੀ ਉਮੀਦ ਵੀ ਛੋਟੇ ਦੀ ਖ਼ਤਮ ਹੋ ਗਈ, ਉਸ ਦਿਨ ਸਾਡੇ ਭਰਾ ਨੇ ਬਹੁਤ ਸ਼ਰਾਬ ਪੀਤੀ ਤੇ ਅਗਲੀ ਸਵੇਰ ਬੈਂਕ ਵਾਲੇ ਟਰੈਕਟਰ ਲੈ ਗਏ।
ਛੋਟਾ ਟਰੈਕਟਰ ਨੂੰ ਜੱਫ਼ੀ ਪਾ ਬੜਾ ਰੋਇਆ। ਟਰੈਕਟਰ ਦੇ ਜਾਣ ਤੋਂ ਬਾਅਦ ਛੋਟੇ ਨੂੰ ਅਚਾਨਕ ਅਟੈਕ ਆਇਆ ਤੇ ਨਾਲ ਹੀ ਖ਼ਤਮ ਹੋ ਗਿਆ। ਛੋਟੇ ਦੇ ਜਾਣ ਤੋਂ ਬਾਅਦ ਮੇਰੀ ਛੋਟੀ ਭੈਣ ਨੇ ਆਪਣਾ ਪੁੱਤ ਭਾਬੀ ਨੂੰ ਦੇ, ਮਾਪਿਆਂ ਦਾ ਬੂਹਾ ਖੁੱਲ੍ਹਾ ਰੱਖਣ ਲਈ ਕਿਹਾ, ਭਾਬੀ ਮੰਨ ਗਈ।
ਭਾਬੀ ਆਪਣਾ ਸੋਨਾ ਵੇਚ ਕੇ ਉਹ ਟਰੈਕਟਰ ਵਾਪਸ ਲੈ ਕੇ ਆਈ, ਜਿਸ ਟਰੈਕਟਰ ਨੂੰ ਕਦੇ ਉਹ ਬਦੁਆਵਾਂ ਦਿੰਦੀ ਸੀ। ਅੱਜ ਉਸਨੇ ਫ਼ੋਨ ਕੀਤਾ ਕਿ ਕਿਤੇ ਇਹ ਟਰੈਕਟਰ ਅੱਖੀ ਵੇਖਣਾ ਨਹੀਂ ਜਰ ਹੁੰਦਾ ਸੀ, ਉਸਦਾ ਪੁੱਤ ਵਾਂਗ ਮੋਹ ਕਰਨ ਲੱਗ ਗਈ ਹੈ। ਭਾਬੀ ਇਸ ਟਰੈਕਟਰ ਨੂੰ ਛੋਟੇ ਵਾਂਗ ਹੀ ਸ਼ਿੰਗਾਰ ਕੇ ਰੱਖਦੀ ਹੈ, ਉਸਦੀ ਰੂਹ ਦੇ ਸਕੂਨ ਲਈ।
ਭਾਬੀ ਪਛਤਾਵਾ ਕਰ ਰਹੀ ਹੈ ਕਿ ਜੇ ਕਿਤੇ ਪਹਿਲਾਂ ਸਮਝ ਜਾਂਦੀ ਤਾਂ ਉਸਨੂੰ ਟਰੈਕਟਰ ਦੇ ਮੋਹ ਤੋਂ ਨਾ ਰੋਕਦੀ, ਉਸਦੇ ਮੋਹ ਨੂੰ ਸਮਝਦੀ ਕਿ ਟਰੈਕਟਰ ਤਾਂ ਜੱਟ ਦਾ ਪੁੱਤ ਹੁੰਦਾ ਹੈ। ਸ਼ਾਇਦ ਇਸ ਰਿਸ਼ਤੇ ’ਚ ਵੀ ਇੰਨੀ ਕੜਵਾਹਟ ਨਾ ਭਰਦੀ ਤੇ ਅਸੀਂ ਖੌਰੇ ਸੁਖੀ ਵੱਸਦੇ-ਰੱਸਦੇ।
ਅੰਟੀ ਆਖਦੀ, “ਬਸ ਧੀਏ, ਅੱਜ ਫਿਰ ਅਤੀਤ ਦੀਆਂ ਗੱਲਾਂ ਕਰਕੇ ਮਨ ਦੁੱਖੀ ਕਰ ਲਿਆ।”
ਮੈਂ ਅੰਟੀ ਨੂੰ ਹੌਸਲਾ ਦਿੱਤਾ। ਮੈਂ ਅੰਟੀ ਦੀ ਗੱਲ ਸੁਣ ਹੈਰਾਨ ਹੋ ਗਈ ਕਿ ਕਿਸਾਨ ਸੱਚਮੁੱਚ ਆਪਣੇ ਟਰੈਕਟਰ ਨੂੰ ਇੰਨਾ ਪਿਆਰ ਕਰਦੇ ਹਨ। ਪੁੱਤਾਂ ਤੋਂ ਵੱਧ ਜਾਂ ਪੁੱਤਾਂ ਵਰਗੇ ਹਨ ਟਰੈਕਟਰ। ਮੈਨੂੰ ਰਾਜ ਬਰਾੜ ਦਾ ਗੀਤ ਯਾਦ ਆ ਗਿਆ, ਜੋ ਬਹੁਤ ਪਹਿਲਾਂ ਸੁਣਿਆ ਸੀ।
“ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ-ਰੋ ਕੇ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj