(ਸਮਾਜ ਵੀਕਲੀ) ਸਹਿਣਸ਼ੀਲਤਾ ਕਿਸੇ ਵੀ ਸਮਾਜਿਕ ਪ੍ਰਾਣੀ ਦੀ ਸਫ਼ਲਤਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ |ਸੰਜਮ ਤੇ ਸਹਿਣ ਦਾ ਗੁਣ ਮਨੁੱਖ ਅੰਦਰ ਈਰਖ਼ਾ,ਨਫ਼ਰਤ ਤੇ ਨਾਂਹ ਪੱਖੀ ਵਿਚਾਰ ਪੈਦਾ ਹੀ ਨਹੀਂ ਹੋਣ ਦਿੰਦਾ |ਸਿਆਣਿਆਂ ਦਾ ਕਥਨ ਹੈ,”ਜਿਸਨੇ ਸਹਿਣਾ ਸਿੱਖ ਲਿਆ,ਉਸਨੇ ਰਹਿਣਾ ਸਿੱਖ ਲਿਆ |”ਪਰ ਅੱਜਕਲ੍ਹ ਸਮਾਜ ਵਿੱਚ ਵਧਦੀਆਂ ਆਰਥਿਕ ਲੋੜਾਂ ਦੀ ਲਾਲਸਾ ਹੀ ਮਨੁੱਖ ਵਿੱਚੋਂ ਸਹਿਣ ਸ਼ੀਲਤਾ ਨੂੰ ਘਟਾਉਂਦੀ ਜਾ ਰਹੀ ਹੈ |ਅੱਜਕਲ੍ਹ ਬੱਚੇ ਮਾਪਿਆਂ ਦੀ ਗੱਲ ਨਹੀਂ ਸਹਿੰਦੇ,”ਮਾਪੇ ਪੜ੍ਹਨ ਲਈ ਕਹਿੰਦੇ ਜਾਂ ਮੰਗ ਨਹੀਂ ਪੂਰੀ ਕਰਦੇ,ਜ਼ਰਾ ਕੁ ਡਾਂਟ ਨੀਂ ਲਗਾਈ…ਪਤਾ ਲੱਗਿਆ..ਪੁੱਤ /ਧੀ ਨੇ ਖੁਦਕੁਸ਼ੀ ਕਰ ਲੀ” ਇਹ ਸਹਿਣ ਸ਼ੀਲਤਾ ਦੀ ਘਾਟ ਦਾ ਨਤੀਜਾ ਹੀ ਹੈ |ਅਧਿਆਪਕਾਂ ਦੀ ਡਾਂਟ ਸਹਿਣੀ ਬੇਇਜ਼ਤੀ ਸਮਝੀ ਜਾਣ ਕਰਕੇ ਵਿਦਿਆਰਥੀ ਵਰਗ ਦਿਸ਼ਾ ਹੀਣ ਹੋ ਕੇ ਆਪੇ ਤੋਂ ਬਾਹਰ ਹੋਇਆ ਫਿਰਦਾ ਤੇ ਨਿੱਤ ਕਈ ਅਨੈਤਿਕ ਕੰਮਾਂ ਵਿੱਚ ਗਲਤਾਨ ਹੋ ਸਮਾਜ ਨੂੰ ਸ਼ਰਮਸਾਰ ਵੀ ਕਰ ਰਿਹਾ | ਅੱਜਕਲ੍ਹ ਸਹਿਣ ਸ਼ੀਲਤਾ ਦੀ ਘਾਟ ਸਦਕਾ ਹੀ ਸੜਕਾਂ ਤੇ ਵਾਹਨ ਚਲਾਉਂਦੇ ਸਮੇਂ ਹਰ ਕੋਈ ਦੂਜੇ ਨਾਲੋਂ ਪਹਿਲਾਂ ਮਿਥੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ…ਇੱਕ ਮਿੰਟ ਦੀ ਉਡੀਕ ਵੀ ਨਹੀਂ ਕਰਨੀ ਚਾਹੁੰਦੇ ..ਫਲਸਰੂਪ ਕਈ ਲੜ੍ਹਾਈ-ਝਗੜੇ,ਕਤਲ ਤੇ ਦੁਰਘਟਨਾਵਾਂ ਵਿੱਚ ਜ਼ਖਮੀ ਹੋ ਮੌਤ ਤੱਕ ਸਹੇੜ ਬੈਠਦੇ ਹਨ | ਪਤੀ ਪਤਨੀ ਦੇ ਵਧਦੇ ਤਲਾਕ ਦਾ ਮੁੱਖ ਕਾਰਨ ਵੀ ਤਾਂ ਪਤੀ -ਪਤਨੀ ਦੋਵਾਂ ਵਿੱਚ ਵਧਦੀ ਹੋਈ ਸਹਿਣਸ਼ੀਲਤਾ ਦੀ ਘਾਟ ਹੀ ਹੈ |ਪੁਰਾਣੇ ਸਮਿਆਂ ਵਿੱਚ ਨਾਰੀ ਦੀ ਸਹਿਣ ਸ਼ੀਲਤਾ ਕਰਕੇ ਘਰ ਬੰਨੇ ਰਹਿੰਦੇ ਸਨ ਤੇ ਮਰਦ ਵੀ ਆਰਥਿਕਤਾ ਦੇ ਬੋਝ ਨੂੰ ਖਿੜੇ ਮੱਥੇ ਸਹਿਣ ਕਰ ਲੈਂਦੇ ਸੀ ਤੇ ਉਮਰਾਂ ਤੱਕ ਦੀ ਸਾਂਝ ਨਿਭਦੀ ਸੀ ਪਰ ਅੱਜਕਲ੍ਹ,”ਮੈਨੂੰ ਇਹ ਗੱਲ ਕਿਵੇਂ ਕਹਿਤੀ…ਮੈਂ ਕਿਉਂ ਸਹਾਰਾਂ”ਦੀ ਭਾਵਨਾ ਸਹਿਣ ਸ਼ੀਲਤਾ ਦੀ ਘਾਟ ਦੀ ਹਾਮੀ ਭਰਦੀ ਹੈ | ਸਹਿਣ ਸ਼ੀਲਤਾ ਦੀ ਘਾਟ ਡਿਪ੍ਰੈਸ਼ਨ ਦਾ ਕਾਰਨ ਬਣਦੀ ਹੈ |ਸਹਿਣ ਸ਼ੀਲਤਾ ਦਾ ਗੁਣ ਹਾਸਲ ਕਰਨ ਲਈ ਯੋਗਾ ਅਤੇ ਪਰਮਾਤਮਾ ਦੇ ਨਾਮ ਸਿਮਰਨ ਦਾ ਸਹਾਰਾ ਲੈ ਆਪਣੀ ਮਾਨਸਿਕਤਾ ਨੂੰ ਬਲਵਾਨ ਬਣਾਉਣ ਦੀ ਵੱਡੀ ਲੋੜ ਹੈ |
ਬੀਨਾ ਬਾਵਾ,ਲੁਧਿਆਣਾ
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj