ਸਰਕਾਰ ਨੇ ਕੁੰਵਰ ਵਿਜੈ ਪ੍ਰਤਾਪ ਖ਼ਿਲਾਫ਼ ਪਟੀਸ਼ਨ ਦੀ ਰਿਪੋਰਟ ਦੇਣ ਤੋਂ ਵੱਟਿਆ ਟਾਲਾ

ਫ਼ਰੀਦਕੋਟ (ਸਮਾਜ ਵੀਕਲੀ) : ਬਹਿਬਲ ਗੋਲੀ ਕਾਂਡ ਦੇ ਸੱਤ ਚਸ਼ਮਦੀਦ ਗਵਾਹਾਂ ਵੱਲੋਂ ਸਾਬਕਾ ਜਾਂਚ ਅਧਿਕਾਰੀ ਤਤਕਾਲੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ’ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੇ ਅੱਜ ਕੋਈ ਵੀ ਰਿਪੋਰਟ ਅਦਾਲਤ ਵਿੱਚ ਪੇਸ਼ ਨਹੀਂ ਕੀਤੀ। ਇਲਾਕਾ ਮੈਜਿਸਟਰੇਟ ਮਿਸ ਚੰਦਨ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ 21 ਜੁਲਾਈ ਨੂੰ ਇਸ ਮਾਮਲੇ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਬੀਤੀ 19 ਜੂਨ ਨੂੰ ਗੋਲੀ ਕਾਂਡ ਦੇ ਗਵਾਹ ਪ੍ਰਭਦੀਪ ਸਿੰਘ, ਸਰਬਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ, ਸੁਖਰਾਜ ਸਿੰਘ ਤੇ ਮਹਿੰਦਰ ਸਿੰਘ ਨੇ ਅਦਾਲਤ ’ਚ ਲਿਖਤੀ ਅਰਜ਼ੀ ਦੇ ਕੇ ਦੋਸ਼ ਲਾਏ ਸਨ ਕਿ ਸਾਬਕਾ ਜਾਂਚ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਨ੍ਹਾਂ ਦੇ ਬਿਆਨਾਂ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਹੈ ਤੇ ਨਿੱਜੀ ਰੰਜਿਸ਼ ਕੱਢਣ ਲਈ ਦੋ ਗਵਾਹਾਂ ਨੂੰ ਮੁਲਜ਼ਮ ਵਜੋਂ ਹੀ ਨਾਮਜ਼ਦ ਕਰ ਦਿੱਤਾ ਅਤੇ ਕੁਝ ਅਜਿਹੇ ਵਿਅਤੀਆਂ ਨੂੰ ਚਸ਼ਮਦੀਦ ਗਵਾਹ ਦਿਖਾਇਆ ਗਿਆ ਹੈ ਜੋ ਘਟਨਾ ਸਮੇਂ ਮੌਕੇ ’ਤੇ ਹਾਜ਼ਰ ਹੀ ਨਹੀਂ ਸਨ। ਇਲਾਕਾ ਮੈਜਿਸਟਰੇਟ ਨੇ ਇਸ ਮਾਮਲੇ ਵਿੱਚ ਅੱਜ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ, ਪਰ ਪੰਜਾਬ ਸਰਕਾਰ ਨੇ ਅੱਜ ਅਦਾਲਤ ਵਿੱਚ ਰਿਪੋਰਟ ਪੇਸ਼ ਨਹੀਂ ਕੀਤੀ ਅਤੇ ਇਸ ਮਾਮਲੇ ਦੀ ਘੋਖ ਲਈ ਸਮੇਂ ਦੀ ਮੰਗ ਕੀਤੀ ਹੈ, ਜਿਸ ਮਗਰੋਂ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 21 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਦੂਜੇ ਪਾਸੇ ਕੁੰਵਰ ਵਿਜੈ ਪ੍ਰਤਾਪ ਸਿੰਘ ਉਕਤ ਗਵਾਹਾਂ ਵੱਲੋਂ ਅਦਾਲਤ ਵਿੱਚ ਦਿੱਤੀ ਅਰਜ਼ੀ ਨੂੰ ਸਾਜਿਸ਼ ਕਰਾਰ ਦੇ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਵੱਡੇ ਮੁਲਜ਼ਮਾਂ ਨੂੰ ਬਚਾਉਣ ਲਈ ਇਹ ਸਾਜਿਸ਼ ਰਚੀ ਗਈ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਲੀਸ ਭਰਤੀ: ਨਿਯੁਕਤੀ ਪੱਤਰ ਲਈ ਟਾਵਰ ’ਤੇ ਚਡ਼੍ਹੀਆਂ ਦੋ ਕੁਡ਼ੀਆਂ
Next articleਨਵੀਂ ਦਿੱਲੀ: ਭਾਰਤ ਨੇ ਆਪਣੇ ਸਫ਼ੀਰਾਂ ਨੂੰ ਖ਼ਾਲਿਸਤਾਨੀ ਸਮਰਥਕਾਂ ਦੀ ਧਮਕੀ ਮਗਰੋਂ ਕੈਨੇਡਾ ਦਾ ਹਾੲੀ ਕਮਿਸ਼ਨਰ ਤਲਬ ਕੀਤਾ