(ਸਮਾਜ ਵੀਕਲੀ)
ਚੋਣ ਸੁਧਾਰਾਂ ਲਈ ਕੰਮ ਕਰਨ ਵਾਲ਼ੀ ਸੰਸਥਾ ਏ.ਡੀ.ਆਰ. ਦੀ ਰਿਪੋਰਟ ਮੁਤਾਬਿਕ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਮੰਡਲ ਅੰਦਰ ਕਤਲ, ਡਕੈਤੀ ਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀਆਂ ਦਾ ਬਹੁਮਤ ਹੋ ਗਿਆ ਹੈ। ਲੰਘੀ 7 ਜੁਲਾਈ ਨੂੰ 15 ਕੈਬਨਿਟ ਮੰਤਰੀਆਂ ਅਤੇ 28 ਰਾਜ ਮੰਤਰੀਆਂ ਨੇ ਆਪਣੇ ਅਹੁਦੇ ਦੀ ਸੌਂਹ ਚੁੱਕੀ ਹੈ। ਜਿਸ ਤੋਂ ਬਾਅਦ ਮੰਤਰੀ ਮੰਡਲ ਦੇ ਮੈਂਬਰਾਂ ਦੀ ਕੁੱਲ ਗਿਣਤੀ 78 ਹੋ ਗਈ ਹੈ।
ਇਨ੍ਹਾਂ 78 ਮੰਤਰੀਆਂ ਵਿੱਚੋਂ 42 ਫੀਸਦੀ (33 ਮੰਤਰੀਆਂ) ਨੇ ਆਪਣੇ ਹਲਫਨਾਮਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹੋਣ ਦਾ ਜ਼ਿਕਰ ਕੀਤਾ ਹੈ। ਇਹਨਾਂ ਵਿੱਚੋਂ 24 ਮੰਤਰੀਆਂ ਨੇ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਸਮੇਤ ਹੋਰ ਅਨੇਕਾਂ ਗੰਭੀਰ ਮਾਮਲਿਆਂ ਦੇ ਦੋਸ਼ਾਂ ਨੂੰ ਲਿਖਤੀ ਤੌਰ ’ਤੇ ਮੰਨਿਆ ਹੈ। ਅਮਿਤ ਸ਼ਾਹ ਅਤੇ ਗਿਰੀਰਾਜ ਸਿੰਘ ਸਮੇਤ ਪੰਜ ਮੰਤਰੀਆਂ ਨੇ ਇਹ ਮੰਨਿਆ ਕਿ ਉਹਨਾਂ ਉੱਪਰ ਧਰਮ, ਨਸਲ, ਭਾਸ਼ਾ, ਰਿਹਾਇਸ਼ੀ ਸਥਾਨ ਆਦਿ ਦੇ ਅਧਾਰ ’ਤੇ ਕੁੱਝ ਸਮੂਹਾਂ ਵਿਚਕਾਰ ਤਣਾਅ ਦਾ ਮਹੌਲ ਬਣਾਉਣ ਦੇ ਮਾਮਲੇ ਦਰਜ ਹਨ।
ਇਹ ਸਭ ਦੇਖ ਕੇ ਇਹ ਸਵਾਲ ਤਾਂ ਜ਼ਰੂਰ ਉੱਠਦਾ ਹੈ ਕਿ ਇੱਕ ਅਜਿਹੀ ਪਾਰਟੀ ਜਿਸ ਅੰਦਰ ਕਾਤਲਾਂ, ਡਾਕੂਆਂ, ਗੁੰਡਿਆਂ, ਭਿ੍ਰਸ਼ਟਾਚਾਰੀਆਂ ਦੀ ਏਨੀ ਭਰਮਾਰ ਹੈ ਉਹ ਭਲਾਂ ਗਰੀਬਾਂ, ਕਿਰਤੀਆਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਗੱਲ ਕਿਸ ਤਰ੍ਹਾਂ ਕਰ ਸਕਦੀ ਹੈ? ਲੋਕਾਂ ਨੂੰ ਮੂਰਖ ਬਣਾਉਣ ਲਈ ਵੋਟ ਮਦਾਰੀ ਲੀਡਰ ਆਪਣੇ ਭਾਸ਼ਣਾਂ ’ਚ ਗਰੀਬੀ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਗੁੰਡਾਗਰਦੀ ਆਦਿ ਖਤਮ ਕਰਨ ਦੀਆਂ ਫੜ੍ਹਾਂ ਮਾਰਦੇ ਹਨ। ਪਰ ਹਕੀਕਤ ਇਹ ਹੈ ਕਿ ਇਹਨਾਂ ਸਭ ਸਮੱਸਿਆਵਾਂ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਧਰਮਾਂ, ਜਾਤਾਂ, ਕੌਮਾਂ ਆਦਿ ਦੇ ਨਾਂ ’ਤੇ ਕਤਲ ਕਰਵਾਏ ਜਾਂਦੇ ਹਨ।
ਔਰਤਾਂ ਨਾਲ਼ ਬਲਾਤਕਾਰ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਸਭ ਘਟਨਾਵਾਂ ਬਾਰੇ ਭਾਜਪਾ ਮੰਤਰੀਆਂ ਦੇ ਜੋ ਘਟੀਆ ਬਿਆਨ ਆਉਂਦੇ ਹਨ ਸਭ ਜੱਗ ਜਾਹਿਰ ਹੈ। ਨਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਅੰਦਰ ਘਪਲਿਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਜੇਕਰ ਅਜਿਹੇ ਭਿ੍ਰਸ਼ਟਾਚਾਰੀਆਂ, ਗੁੰਡਿਆਂ, ਡਾਕੂਆਂ, ਕਾਤਲਾਂ ਦੇ ਹੱਥ ’ਚ ਦੇਸ਼ ਦੀ ਵਾਗਡੋਰ ਹੋਵੇ ਤਾਂ ਕਿਵੇਂ ਕੋਈ ਚੰਗੇ ਦਿਨਾਂ ਦਾ ਸੁਪਨਾ ਲੈ ਸਕਦਾ ਹੈ? ਕਿਵੇਂ ਇਹ ਉਮੀਦ ਕਰੀ ਜਾ ਸਕਦੀ ਹੈ ਕਿ ਦੇਸ਼ ਗੁੰਡਾਗਰਦੀ, ਭਿ੍ਰਸ਼ਟਾਚਾਰ ਤੇ ਹੋਰ ਅਪਰਾਧਾਂ ਤੋਂ ਮੁਕਤ ਹੋਵੇਗਾ? ਕਿਵੇਂ ਇਹ ਯਕੀਨ ਕੀਤਾ ਜਾਵੇ ਕਿ ਔਰਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਲੋਕ ਸੁਰੱਖਿਅਤ ਹੋਣਗੇ?
ਉਂਝ ਤਾਂ ਸਭ ਵੋਟ ਬਟੋਰੁ ਪਾਰਟੀਆਂ ਹੀ ਸਰਮਾਏਦਾਰਾਂ ਦੀਆਂ ਸਕੀਆਂ ਹਨ, ਪਰ ਜੇਕਰ ਗਰੀਬਾਂ ਦੀ “ਮਸੀਹਾ” ਭਾਜਪਾ ਪਾਰਟੀ ਦੀ ਗੱਲ ਕਰੀਏ ਤਾਂ ਏ.ਡੀ.ਆਰ. ਦੀ ਰਿਪੋਰਟ ਅਨੁਸਾਰ ਇਸਦੇ 90 ਫੀਸਦੀ ਮੰਤਰੀ ਕਰੋੜਪਤੀ ਹਨ। ਜਿਹਨਾਂ ਦੀ ਪ੍ਰਤੀ ਵਿਅਕਤੀ ਔਸਤ ਚੱਲ-ਅਚੱਲ ਜਾਇਦਾਦ 16.24 ਕਰੋੜ ਰੁਪਏ ਹੈ। ਚਾਰ ਮੰਤਰੀਆਂ ਨੇ ਆਪਣੀ ਜਾਇਦਾਦ 50 ਕਰੋੜ ਤੋਂ ਉੱਪਰ ਦੱਸੀ ਹੈ। ਭਾਵੇਂ ਇਸਦੀ ਪੂਰੀ ਸੰਭਾਵਨਾ ਹੈ ਕਿ ਇਹ ਅੰਕੜੇ ਸੱਚਾਈ ਤੋਂ ਬਹੁਤ ਘੱਟ ਹਨ ਕਿਉਂਕਿ ਜਾਇਦਾਦ ਲੁਕਾਉਣ ਦੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਦੀ ਵਰਤੋਂ ਧਨਾਢ ਲੋਟੂਆਂ ਦੁਆਰਾ ਕੀਤੀ ਜਾਂਦੀ ਹੈ। ਪਰ ਜੇਕਰ ਇਹਨਾਂ ਲੀਡਰਾਂ ਵੱਲੋਂ ਐਲਾਨੀ ਜਾਇਦਾਦ ਦੀ ਹੀ ਗੱਲ ਕਰੀਏ ਤਾਂ ਵੀ ਇਹ ਗੱਲ ਸਪੱਸ਼ਟ ਹੈ ਕਿ ਕਰੋੜਾਂ ਦੀ ਇਹ ਜਾਇਦਾਦ ਮਜ਼ਦੂਰਾਂ-ਕਿਰਤੀਆਂ ਦੀ ਲੁੱਟ ਕੀਤੇ ਬਿਨਾਂ ਇਕੱਠੀ ਕਰਨੀ ਅਸੰਭਵ ਹੈ।
ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੋ ਸਿਆਸੀ ਲੀਡਰ ਖੁਦ ਲੋਕਾਂ ਦੀ ਲੁੱਟ ਕਰਨ ਵਿੱਚ ਮਗਨ ਹਨ, ਉਹ ਮਜ਼ਦੂਰਾਂ-ਕਿਰਤੀਆਂ ਦੇ ਹੱਕਾਂ ਦੀ ਗੱਲ ਕਿਸ ਤਰ੍ਹਾਂ ਕਰ ਸਕਦੇ ਹਨ? ਉਹ ਤਾਂ ਆਪਣੀ ਸਰਮਾਏਦਾਰ ਜਮਾਤ ਦੀ ਹੀ ਸੇਵਾ ਕਰਨਗੇ। ਇਹੀ ਕਾਰਨ ਹੈ ਕਿ ਸੱਤ੍ਹਾ ਵਿੱਚ ਬੈਠੇ ਇਹਨਾਂ ਸਿਆਸੀ ਲੀਡਰਾਂ ਵੱਲੋਂ ਸਰਮਾਏਦਾਰ ਜਮਾਤ ਦੇ ਪੱਖ ਵਿੱਚ ਕਿਰਤੀ ਲੋਕਾਂ ਦੇ ਕਨੂੰਨੀ ਹੱਕਾਂ ਤੱਕ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ। ਇੱਕ ਪਾਸੇ ਲੋਕ ਭੁੱਖੇ ਮਰ ਰਹੇ ਹਨ ਤੇ ਦੂਸਰੇ ਪਾਸੇ ਸਰਕਾਰਾਂ ਵੱਲੋਂ ਇਹਨਾਂ ਵਿਹਲੜ ਸਿਆਸੀ ਲੀਡਰਾਂ ਅਤੇ ਸਰਮਾਏਦਾਰਾਂ ਦੀ ਅੱਯਾਸ਼ੀ, ਉਹਨਾਂ ਨੂੰ ਸੁੱਖ-ਸਹੂਲਤਾਂ ਦੇਣ, ਉਹਨਾਂ ਨੂੰ ਵੱਧ ਤੋਂ ਵੱਧ ਫਾਇਦੇ ਪਹੁੰਚਾਉਣ ਉੱਤੇ ਸਰਕਾਰੀ ਖਜਾਨੇ ਵਿੱਚ ਪਿਆ ਲੋਕਾਂ ਦਾ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ।
ਮੌਜੂਦਾ ਸਮੇਂ ਦੀ ਸਖਤ ਜਰੂਰਤ ਹੈ ਕਿ ਲੋਕ ਇਹਨਾਂ ਕਾਤਲ, ਬਲਾਤਕਾਰੀ, ਭਿ੍ਰਸ਼ਟਾਰੀ, ਗੁੰਡੇ, ਸਰਮਾਏਦਾਰਾਂ ਦੇ ਦੱਲੇ ਸਿਆਸੀ ਆਗੂਆਂ, ਪਾਰਟੀਆਂ, ਸਰਕਾਰਾਂ ਦੀ ਅਸਲੀਅਤ ਪ੍ਰਤੀ ਜਾਗਰੂਕ ਹੋ ਕੇ ਇਹਨਾਂ ਖਿਲਾਫ ਇੱਕਮੁੱਠ ਸੰਘਰਸ਼ ਦਾ ਝੰਡਾ ਚੁੱਕਣ। ਲੋਕ ਤਾਕਤ ਹੀ ਇਹਨਾਂ ਲੋਟੂ ਹਾਕਮਾਂ ਤੋਂ ਲੋਕਾਂ ਦਾ ਛੁਟਕਾਰਾ ਕਰਵਾ ਸਕਦੀ ਹੈ। ਇਸੇ ਨਾਲ਼ ਹੀ ਲੋਕਾਂ ਦੀਆਂ ਸਭ ਸਮੱਸਿਆਵਾਂ ਦਾ ਹੱਲ ਹੋਵੇਗਾ।
ਜਗਦੀਸ਼ ਲਲਕਾਰ
ਪੇਸ਼ਕਸ਼ : ਪੰਜਾਬੀ ਲਹਿਰ ਫੀਚਰ ਸਰਵਿਸ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly