(ਸਮਾਜਵੀਕਲੀ)– ਸਿਕੰਦਰ ਗਿੱਲ ਢੁੱਡੀਕੇ ਅਜਿਹਾ ਨਾਂ ਹੈ ਜੋ ਅੰਧੇਰੀਆਂ ਰਾਤਾਂ ਤੋਂ ਬਾਅਦ ਨਿਕਲਿਆ ਅਜਿਹਾ ਸੂਰਜ ਹੈ ਜੋ ਆਪਣੇ ਰਾਹੀਂ ਹੋਰਾਂ ਨੂੰ ਅੰਧੇਰੇ ‘ਚੋਂ ਕੱਢ ਰੁਸ਼ਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਿਕੰਦਰ ਗਿੱਲ ਨੇ ਅੰਮ੍ਰਿਤਪਾਲ ਸਿੰਘ (ਘੁੱਦਾ ਸਿੰਘ) ਨਾਲ ਸਾਰੇ ਪੰਜਾਬ ਦਾ ਸਾਇਕਲ ਉੱਪਰ ਗੇੜਾ ਲਗਾਇਆ ਤੇ ਨੋਜਵਾਨ ਜਵਾਨੀ ਨੂੰ ਸਿੱਧੇ ਰਸਤੇ ਪਾਉਣ ਲਈ ਖ਼ੂਬਸੂਰਤ ਤਰੀਕਾ ਅਪਣਾ ਰਿਹਾ ਹੈ। ਉਹਨਾਂ ਨੇ ੨੦੨੦ ਵਿੱਚ ਸਾਇਕਲ ਉੱਪਰ ਪਿੰਡਾ ਵਿੱਚ ਦੀ ਹੁੰਦੇ ਹੋਏ ਪੰਜਾਬ ਦੀ ਜਵਾਨੀ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਅਲੱਗ ਅਲੱਗ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਇਹ ਯਾਤਰਾ ਉਹ ਸਿੱਧੇ ਰਸਤੇ ਵੀ ਕਰ ਸਕਦੇ ਸਨ ਪਰ ਉਹਨਾਂ ਨੇ ਟੇਡਾ ਮੇਡਾ ਰਾਹ ਪਿੰਡਾਂ ਵਿੱਚ ਦੀ ਹੀ ਚੁਣਿਆਂ । ਉਹਨਾਂ ਦਾ ਮਕਸਦ ਸੀ ਪਿੰਡਾਂ ਵਿਚਲੀ ਖ਼ੂਬਸੂਰਤੀ ਨੂੰ ਮਾਨਣਾ ਤੇ ਨੋਜਵਾਨਾਂ ਨੂੰ ਆਪਣੇ ਨਾਲ ਜੋੜਨਾ।
ਸਿਕੰਦਰ ਗਿੱਲ ਦਾ ਜਨਮ ੨੯ ਸਤੰਬਰ ੧੯੯੧ ਨੂੰ ਪਿਤਾ ਸ: ਕੁਲਦੀਪ ਸਿੰਘ ਗਿੱਲ ਤੇ ਮਾਤਾ ਸਰਦਾਰਨੀ ਭਵਨਜੀਤ ਕੌਰ ਦੇ ਘਰ ਢੁੱਡੀਕੇ ਵਿੱਚ ਹੋਇਆ। ਢੁੱਡੀਕੇ ਨਾਲ ਲਾਲਾ ਲਾਜਪਤ ਰਾਏ ਸੁਤੰਤਰਤਾ ਸੈਨਾਨੀ ਜਸਵੰਤ ਸਿੰਘ ਕੰਵਲ ਉੱਘੇ ਨਾਵਲਕਾਰ ਤੇ ਅਨੇਕਾਂ ਹੀ ਖਿਡਾਰੀ ਜਿਨਾਂ ਨੇ ਸੰਸਾਰ ਪੱਧਰ ਤੇ ਨਾਮ ਚਮਕਾਇਆ ਹੈ ਆਦਿ ਦਾ ਸੰਬੰਧ ਰਿਹਾ ਹੈ। ਸਿਕੰਦਰ ਗਿੱਲ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ। ਉਸ ਨੇ ਅੱਗੋਂ ਕੰਪਿਊਟਰ ਇੰਜਨੀਅਰਿੰਗ ਦੀ ਡਿਗਰੀ ਲਾਲਾ ਲਾਜਪਤ ਰਾਏ ਕਾਲਜ ਅਜੀਤਵਾਲ ਤੋਂ ਪ੍ਰਾਪਤ ਕੀਤੀ। ਜਿਸ ਤਰਾਂ ਜਵਾਨੀ ਵਿੱਚ ਨੋਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਉਸ ਸਮੇਂ ਸਿਕਦੰਰ ਵੀ ਅਜਿਹੀ ਦਲਦਲ ਵਿੱਚ ਫਸਿਆ। ਇਕ ਸ਼ਰਾਬ ਦੇ ਪੈੱਗ ਤੋਂ ਸ਼ੁਰੂ ਹੋ ਕੇ ਚਿੱਟੇ ਦੇ ਨਸ਼ੇ ਤੱਕ ਪਹੁੰਚਿਆ। ਉਸ ਦੀ ਸੋਚ ਅਜਿਹੀ ਹੈ ,ਉਹ ਵਾਰ ਵਾਰ ਇਹੀ ਉਦਾਹਰਣ ਦਿੰਦਾ ਹੈ ਕਿ ਜਿਸ ਤਰਾਂ ਸਵੇਰੇ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਿੰਘ ਸਾਰਿਆਂ ਨੂੰ ਬਾਣੀ ਨਾਲ ਜੁੜਨ ਲਈ ਕਹਿੰਦਾ ਹੈ, ਪਰ ਕੋਈ ਵੀ ਉਹਨਾਂ ਦੇ ਕਹਿਣ ਅਨੁਸਾਰ ਬਾਣੀ ਨਾਲ ਨਹੀਂ ਜੁੜਦਾ ਇਸੇ ਤਰਾਂ ਮੈਨੂੰ ਵੀ ਕਿਸੇ ਨੇ ਨਸ਼ੇ ਉੱਪਰ ਨਹੀਂ ਲਾਇਆ ਸਗੋਂ ਸਵਾਦ ਚੱਖਦੇ ਚੱਖਦੇ ਆਪ ਹੀ ਨਸ਼ੇ ਦੀ ਦਲਦਲ ਵਿੱਚ ਫਸਦਾ ਗਿਆ। ਕਾਲਜ ਵਿੱਚ ਨੌਕਰੀ ਵੀ ਕੀਤੀ ਪਰ ਓਦੋਂ ਤੱਕ ਸਿਕੰਦਰ ਅਜਿਹੀ ਦਲਦਲ ਵਿੱਚ ਪੂਰੀ ਤਰਾਂ ਫਸ ਚੁੱਕਿਆ ਸੀ ਜਿੱਥੋਂ ਕਾਲਜ ਵਾਲਿਆਂ ਨੇ ਵੀ ਨੌਕਰੀ ਜਾਰੀ ਰੱਖਣ ਤੋਂ ਮਨਾਂ ਕਰ ਦਿੱਤਾ ਸੀ।
ਸਿਕੰਦਰ ਦੇ ਮਾਤਾ ਜੀ ਆਂਗਣਵਾੜੀ ਵਰਕਰ ਸਨ ਉਸ ਨੇ ਆਂਗਣਵਾੜੀ ਦਾ ਸਮਾਨ ਵੀ ਵੇਚਿਆ ਪਰ ਉਸ ਦੀ ਮਾਤਾ ਕਿਸੇ ਨਾਂ ਕਿਸੇ ਤਰਾਂ ਸਮਾਨ ਪੂਰਾ ਕਰਦੇ ਰਹੇ। ਇਕ ਵਾਰ ਤਾਂ ਸਿਕੰਦਰ ਨੇ ਆਪਣੀ ਭੈਣ ਤੇ ਮਾਤਾ ਦੇ ਕੱਪੜੇ ਵੀ ਮੋਗੇ ਨੀਵੇਂ ਪੁਲ ਕੋਲ ਵੇਚ ਦਿੱਤੇ। ਉਸ ਦੀ ਮਾਤਾ ਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਸੀ ਸਿਕੰਦਰ ਨੂੰ ਅਜਿਹੀ ਦਲਦਲ ਵਿੱਚ ਫਸਦੇ ਹੋਏ ਦੇਖ ਕੇ ,ਕਦੇ ਕਦੇ ਤਾਂ ਉਹ ਆਪਣੇ ਢਿੱਡ ਵਿੱਚ ਦੁੱਖੀ ਹੋ ਕੇ ਮੁੱਕੀਆਂ ਵੀ ਮਾਰਦੀ ਕਿ ਮੈਂ ਤੈਨੂੰ ਜਨਮ ਹੀ ਕਿਉਂ ਦਿੱਤਾ। ਇਕ ਮਾਂ ਦੀ ਅਜਿਹੀ ਸੋਚ ਵੀ ਜਾਇਜ਼ ਹੈ ਕੋਈ ਵੀ ਮਾਂ ਆਪਣੀ ਔਲਾਦ ਨੂੰ ਇਸ ਤਰਾਂ ਨਸ਼ੇ ਦੀ ਦਲਦਲ ਵਿੱਚ ਫਸਿਆ ਨਹੀਂ ਦੇਖ ਸਕਦੀ। ਇਕ ਅਮਲੀ ਜਦੋਂ ਨਸ਼ੇ ਦੀ ਦਲਦਲ ਵਿੱਚ ਅਜਿਹਾ ਫਸ ਜਾਂਦਾ ਹੈ ਤਾਂ ਉਸ ਦੀ ਪਰਿਵਾਰ ਸੰਬੰਧੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਸੰਬੰਧੀ ਸੋਚ ਵੀ ਬਿਲਕੁਲ ਬਦਲ ਜਾਂਦੀ ਹੈ ਉਸ ਨੂੰ ਨਸ਼ੇ ਤੋਂ ਰੋਕਣ ਵਾਲਾ ਹਰ ਇਕ ਸਖਸ਼ ਦੁਸ਼ਮਣ ਜਾਪਦਾ ਹੈ। ਸਿਕਦੰਰ ਦੀ ਵੀ ਅਜਿਹੀ ਸੋਚ ਬਣ ਗਈ ਸੀ ਉਸ ਨੇ ਆਪਣੀ ਮਾਂ ਉੱਪਰ ਵੀ ਹੱਥ ਚੁੱਕਿਆ ਆਪਣੇ ਬਾਪੂ ਦੀ ਲੱਤ ਤੋੜ ਦਿੱਤੀ । ਇਹਨਾਂ ਗੱਲਾਂ ਦਾ ਪਛਤਾਵਾ ਉਸ ਨੂੰ ਅੱਜ ਵੀ ਹੈ। ਇਕ ਵਾਰ ਉਸਦੇ ਮਨ ਵਿੱਚ ਅਜਿਹਾ ਖਿਆਲ ਆਇਆ ਜਦੋਂ ਉਸ ਨੂੰ ਉਸ ਦੇ ਮਾਂ ਬਾਪੂ ਨੇ ਨਸ਼ਾ ਛਡਵਾਉਣ ਲਈ ਨਸ਼ਾ ਛਡਾਉ ਕੇਂਦਰ ਵਿੱਚ ਦਾਖਲ ਕਰਵਾ ਦਿੱਤਾ ਸੀ ਤਾਂ ਉਸ ਨੇ ਸੋਚਿਆ ਕਿ ਮੈਂ ਕਿਸੇ ਨੂੰ ਪੈਸੇ ਦੇ ਕੇ ਆਪਣੇ ਮਾਂ ਤੇ ਬਾਪੂ ਨੂੰ ਮਰਵਾ ਦੇਵਾਂਗਾ। ਅਜਿਹੀ ਸੋਚ ਸੋਚਦੇ ਹੀ ਇਕ ਦਿਨ ਕੇਂਦਰ ਵਿੱਚ ਉਸ ਦੇ ਮਾਂ ਤੇ ਬਾਪੂ ਦੋ ਮਹੀਨਿਆਂ ਬਾਅਦ ਉਸ ਨੂੰ ਮਿਲਣ ਲਈ ਆਏ। ਸਿਕਦੰਰ ਦੇ ਬਾਪੂ ਜੀ ਨੇ ਉਸ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ ਤੇ ਉਸ ਦੀ ਮਾਂ ਵੀ ਸਿਕੰਦਰ ਨੂੰ ਆਪਣੀਆਂ ਬਾਹਵਾਂ ਵਿੱਚ ਲੈਣ ਲਈ ਖੜੀ ਦੇਖ ਸਿਕੰਦਰ ਦਾ ਦਿਲ ਪਸੀਜ ਗਿਆ। ਉਸ ਨੇ ਸੋਚਿਆ ਇਸ ਮਾਂ ਬਾਪ ਨੂੰ ਮਰਵਾਉਣ ਲਈ ਉਸਨੇ ਸੋਚਿਆ ਸੀ ,ਉਸ ਨੇ ਆਪਣੇ ਆਪ ਨੂੰ ਕਿਹਾ ਸਿਕੰਦਰਾ ਲਾਹਣਤ ਆ ਤੈਨੂੰ ,ਤੂੰ ਅਜਿਹਾ ਸੋਚ ਵੀ ਕਿਵੇਂ ਗਿਆ। ਇਹ ਦਿਨ ਹੀ ਸੀ ਜਿਸ ਨੇ ਸਿਕਦੰਰ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਹੀ ਸਿਕੰਦਰ ਦੀ ਅਸਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਸਿਕੰਦਰ ਆਪਣੇ ਵਿਗੜਣ ਦਾ ਦੋਸ਼ ਕਿਸੇ ਨੂੰ ਨਹੀਂ ਦਿੰਦਾ ਜਿਸ ਤਰਾਂ ਕੋਈ ਨਾ ਕੋਈ ਕਹਿ ਦਿੰਦਾ ਹੈ ਕਿ ਮੈਨੂੰ ਫਲ਼ਾਣੇ ਨੇ ਨਸ਼ੇ ਉੱਪਰ ਲਗਾ ਦਿੱਤਾ , ਪਰ ਸਿਕੰਦਰ ਆਪਣੇ ਗੱਲਤ ਰਸਤੇ ਜਾਣ ਨੂੰ ਆਪਣੇ ਆਪ ਨੂੰ ਹੀ ਕਸੂਰਵਾਰ ਮੰਨਦਾ ਹੈ। ਉਸ ਨੂੰ ਇਹ ਗੱਲ ਦੱਸਦੇ ਹੋਏ ਥੋੜਾ ਸਕੂਨ ਮਿਲਦਾ ਹੈ ਕਿ ਮਾਂ ਬਾਪ ਦੇ ਇਸ ਜਹਾਨ ਤੋਂ ਤੁਰ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਮਿਹਰ ਸਦਕਾ ਸੁਧਾਰ ਲਿਆ ਸੀ। ਸਿਕੰਦਰ ਦੇ ਦਾਦੀ ਨੇ ਸਿਕੰਦਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਪਿੱਛੇ ਜੇ ਸਿਕੰਦਰ ਦੀ ਦਾਦੀ ਵੀ ਇਸ ਜਹਾਨ ਤੋਂ ਚਲੇ ਗਏ। ਹੁਣ ਸਿਕੰਦਰ ਢੁੱਡੀਕੇ ਘਰ ਵਿੱਚ ਇਕੱਲਾ ਰਹਿ ਗਿਆ , ਇਸ ਨੂੰ ਵੀ ਸਿਕੰਦਰ ਰੱਬ ਦੀ ਰਜਾ ਹੀ ਸਮਝਦਾ ਹੈ। ਪਰ ਹੁਣ ਸਿਕੰਦਰ ਪਰਿਵਾਰ ਵਿੱਚ ਇਕੱਲਾ ਨਹੀਂ ਹੁਣ ਜਿਨਾਂ ਲਈ ਸਿਕੰਦਰ ਰਾਹ ਰੁਸ਼ਨਾ ਰਿਹਾ ਹੈ ਉਹ ਵੀ ਉਸਦੇ ਪਰਿਵਾਰ ਦਾ ਹਿੱਸਾ ਹੀ ਹਨ, ਕਿਉਂਕਿ ਜਦੋਂ ਉਸ ਦੀ ਮਾਂ ਹਸਪਤਾਲ ਦਾਖਲ ਸੀ ਤਾਂ ਉਸ ਪਰਿਵਾਰ ਵਿੱਚੋਂ ਹੀ ਉਸਦੇ ਆਪਣੇ ਬਣ ਨਾਲ ਖੜੇ ਸਨ।
ਅੱਜ ਸਿਕੰਦਰ ਉਹ ਸਿਕੰਦਰ ਨਹੀਂ ਰਿਹਾ ਅੱਜ ਸਿਕੰਦਰ ਹੋਰਾਂ ਨੋਜਵਾਨਾਂ ਲਈ ਰਾਹ ਦਸੇਰਾ ਬਣ ਗਿਆ ਹੈ। ਨਸ਼ਾ ਛੱਡਣ ਲਈ ਹੋਰਾਂ ਨੌਜਵਾਨਾਂ ਨੂੰ ਸਹੀ ਰਸਤੇ ਉੱਪਰ ਲਿਆਉਣ ਲਈ ਕੋਂਸਲਿੰਗ ਕਰਦੇ ਹੋਏ ਉਹਨਾਂ ਲਈ ਨਵਾਂ ਰਾਹ ਰਸ਼ਨਾਉਂਦਾ ਨਜ਼ਰ ਆਉਂਦਾ ਹੈ। ਅੱਜ ਕਲ ਸਿਕੰਦਰ ਨੇ ਦੇਵ ਕੋਚ, ਘੁੱਦਾ ਬਾਈ ਦੇ ਨਾਲ ਕਰਾਈ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਗੰਗਾਨਗਰ, ਪੁਸ਼ਕਰ, ਝੁਨਝਨੂ , ਅਜਮੇਰ, ਜੈਪੁਰ ਹੁੰਦੇ ਹੋਏ ਮਾਨਸਾ ਆ ਕੇ ਆਪਣੀ ਸਾਇਕਲ ਯਾਤਰਾ ਤਕਰੀਬਨ ੧੪੦੦ ਕਿ.ਮੀ. ਦੀ ਖਤਮ ਕੀਤੀ। ਰਸਤੇ ਵਿੱਚ ਹੋਰਾਂ ਲਈ ਵੀ ਰਾਹ ਰੁਸ਼ਨਾਉਂਦੇ ਨਜ਼ਰ ਆਏ। ਅੱਜ ਲੋੜ ਹੈ ਪੰਜਾਬ ਨੂੰ ਅਜਿਹੇ ਸਿਕੰਦਰ ਦੀ ਜਿਸ ਨੂੰ ਦੇਖ ਕੇ ਪੰਜਾਬ ਵਿੱਚ ਕਿੰਨੇ ਹੀ ਸਿਕੰਦਰ ਬਣ ਸਕਦੇ ਹਨ।
ਅੱਜ ਸਿਕੰਦਰ
ਉਸ ਰੱਬਾ ਦੀ ਰਜਾ ਵਿੱਚ ਰਹਿ
ਖੁਸ਼ੀ ਦੇ ਗੀਤ ਗਾਉਂਦਾ ਏ
ਅੱਜ ਸਿਕੰਦਰ
ਉਹ ਸਿਕੰਦਰ ਨਹੀਂ ਰਿਹਾ
ਅੱਜ ਹੋਰਾਂ ਦੀ ਜ਼ਿੰਦਗੀ ਵਿੱਚ
ਬਣ ਸੂਰਜ ਰਾਹ ਰੁਸ਼ਨਾਉਂਦਾ ਏ
ਸੇਖੋਂ ਦੁਆਵਾਂ ਮੰਗੇ ਸਿਕੰਦਰ ਲਈ
ਜੋ ਹਰ ਰਾਹ ਖੁਸ਼ੀ ਦੇ ਦੀਵੇ ਜਲ਼ਾਉਂਦਾ ਏ
ਕੁਲਜੀਤ ਸਿੰਘ ਸੇਖੋਂ
9417225472
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly