ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਅੱਜ 26 ਅਪ੍ਰੈਲ ਨੂੰ ਲੁਧਿਆਣਾ ਵਿਖੇ ਵਿਸ਼ਾਲ ਪੰਥਕ ਇਕੱਤਰਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਦਾ ਅੱਜ ਇੱਥੇ ਆਯੋਜਨ ਕੀਤਾ ਗਿਆ । ਪ੍ਰੈਸ ਕਾਨਫਰੰਸ ਨੂੰ ਪਾਰਟੀ ਦੇ ਪੰਜਾਬ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਤੋਂ ਇਲਾਵਾ, ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ, ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੋਆਰਡੀਨੇਟਰ ਸੰਦੀਪ ਸਿੰਘ ਰੁਪਾਲੋਂ, ਪੰਥਕ ਇਕੱਤਰਤਾ ਦੇ ਆਯੋਜਕ ਗੁਰਪ੍ਰੀਤ ਸਿੰਘ ਸੋਨੂੰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ, ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਅਤੇ ਗੁਰਪ੍ਰੀਤ ਸਿੰਘ ਸੋਨੂੰ ਨੇ ਕਿਹਾ ਕਿ ਅਕਾਲੀ ਦਲ “ਵਾਰਿਸ ਪੰਜਾਬ ਦੇ” ਸੂਬੇ ਦੇ ਸਰਬਪੱਖੀ ਵਿਕਾਸ ਲਈ ਤੱਤਪਰ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵੱਲੋਂ ਅੱਜ 26 ਅਪ੍ਰੈਲ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਇਕਤੱਰਤਾ ਦੁਪਹਿਰ 12 ਵਜੇ ਲੁਧਿਆਣਾ ਸਥਿਤ ਆਸ਼ਾ ਰਾਣੀ ਪਾਰਕ, 33 ਫੁੱਟਾ ਰੋਡ, ਨੇੜੇ ਰਾਮ ਨਗਰ, ਮੁੰਡੀਆਂ ਕਲਾਂ ਵਿਖੇ ਇੱਕ ਵਿਸ਼ਾਲ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ। ਜਿਸ ਵਿੱਚ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਸਮੇਤ ਸੀਨੀਅਰ ਅਗਵਾਈ ਸ਼ਾਮਿਲ ਹੋਣਗੇ। ਉਹਨਾਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੀ ਸ਼ਮੂਲੀਅਤ ਦਰਜ ਕਰਵਾਉਣਗੇ। ਉੱਥੇ ਹੀ, ਪਰਮਜੀਤ ਸਿੰਘ ਜੌਹਲ ਨੇ ਲੋਕਾਂ ਨੂੰ ਵੱਧ ਚੜ੍ਹ ਕੇ ਪੰਥਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਜੌਹਲ ਨੇ ਖੁਲਾਸਾ ਕੀਤਾ ਕਿ ਵਿਸਾਖੀ ਮੌਕੇ ਪਾਰਟੀ ਵੱਲੋਂ ਸਭ ਤੋਂ ਵੱਡੀ ਕਾਨਫਰੰਸ ਕੀਤੀ ਗਈ ਸੀ। ਇਸੇ ਤਰ੍ਹਾਂ, ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਭਲਾਈ ਵਾਸਤੇ ਕੰਮ ਕੀਤਾ, ਲੇਕਿਨ ਸੂਬੇ ਤੇ ਕੇਂਦਰ ਦੀਆਂ ਸਰਕਾਰਾਂ ਨੇ ਸਾਜਿਸ਼ ਤਹਿਤ ਉਨ੍ਹਾਂ ਨੂੰ ਡਿਬਰੂਗੜ੍ਹ ਜ਼ੇਲ੍ਹ ਭੇਜ ਦਿੱਤਾ। ਜਦਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਤੇ ਲੱਗਿਆ ਐਨਐਸਏ ਖਤਮ ਹੋ ਚੁੱਕਾ ਹੈ, ਅਤੇ ਜੇਕਰ ਕੋਈ ਅਪਰਾਧ ਬਣਦਾ ਹੈ, ਤਾਂ ਪੰਜਾਬ ਦੇ ਅਪਰਾਧ ਲਈ ਇੱਥੇ ਹੀ ਕੇਸ ਚਲਾਇਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉੱਪਰ ਕੇਸ ਪੰਜਾਬ ਵਿੱਚ ਦਰਜ ਹੋਏ ਹਨ, ਤਾਂ ਉਸਦੀ ਕਾਰਵਾਈ ਅਸਾਮ ਵਿੱਚ ਕਿਉਂ ਚੱਲੇ। ਸਰਕਾਰ ਦਾ ਇਹ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਗੈਂਗਸਟਰਵਾਦ, ਨਸ਼ਿਆਂ, ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਸਣੇ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ ਅਕਾਲੀ ਦਲ “ਵਾਰਿਸ ਪੰਜਾਬ ਦੇ” ਹੀ ਸੂਬੇ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਮਾਰਗ ਤੇ ਲਿਜਾ ਸਕਦੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੀ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਚੇਹਰੇ ਹੋਣਗੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ, ਜੌਹਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੀ ਵਿਚਾਰਧਾਰਾ ਵਿੱਚ ਸਾਰੇ ਵਰਗਾਂ ਦਾ ਸਵਾਗਤ ਹੈ, ਫਿਰ ਭਾਵੇਂ ਉਹ ਹਿੰਦੂ, ਸਿੱਖ, ਮੁਸਲਮਾਨ ਆਦਿ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਸਿਰਫ਼ ਉਸਦਾ ਚਰਿੱਤਰ ਸਾਫ਼ ਹੋਣਾ ਚਾਹੀਦਾ ਹੈ। ਜਦਕਿ ਅਕਾਲੀ ਦਲ “ਪੁਨਰ ਸੁਰਜੀਤ” ਨਾਲ ਗਠਜੋੜ ਬਾਰੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਬਾਰੇ ਅਤੇ ਸਮਾਨ ਵਿਚਾਰਧਾਰਾ ਵਾਲ਼ੀਆਂ ਜੱਥੇਬੰਦੀਆਂ ਨਾਲ ਤਾਲਮੇਲ ਸਥਾਪਿਤ ਕਰਨ ਲਈ ਇੱਕ 8 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਇਸੇ ਤਰ੍ਹਾਂ, ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਅਕਾਲੀ ਦਲ “ਵਾਰਿਸ ਪੰਜਾਬ ਦੇ” ਨੂੰ ਲੋਕਾਂ ਦਾ ਮਿਲ ਰਿਹਾ ਭਾਰੀ ਸਮਰਥਨ ਦਰਸਾਉਂਦਾ ਹੈ ਕਿ ਸਾਲ 2027 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਅੰਦਰ ਪੰਥਕ ਸਰਕਾਰ ਬਣਨ ਜਾ ਰਹੀ ਹੈ, ਜਿਹੜੀ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੀਨੀਅਰ ਪਾਰਟੀ ਆਗੂ ਇੰਦਰਜੀਤ ਸਿੰਘ ਐਡਵੋਕੇਟ, ਭਾਈ ਦੀਪ ਸਿੱਧੂ ਦੇ ਪੁਰਾਣੇ ਸਾਥੀ ਰਹੇ ਗੁਰਦੀਪ ਸਿੰਘ ਪ੍ਰਿੰਸ, ਹਰਪਾਲ ਸਿੰਘ ਕੋਹਲੀ, ਮਨਜੀਤ ਸਿੰਘ ਬੱਲ, ਬਾਬਾ ਦਰਸ਼ਨ ਸਿੰਘ ਪੰਚ, ਪ੍ਰਗਟ ਸਿੰਘ, ਰਿੰਕੂ ਰਠੌਰ, ਮਧੂ ਸੂਦਨ, ਅਵਤਾਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਜੋਰਾ ਸਿੰਘ, ਮਨਮੋਹਨ ਸਿੰਘ, ਜਸਰਾਜ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਗੁਰਚਰਨ ਸਿੰਘ ਚੌਹਾਨ, ਸ਼ੁਭ ਸ਼ਰਮਾ, ਹਰਮੀਤ ਸਿੰਘ, ਦਾਨ ਸਿੰਘ ਵੀ ਮੌਜੂਦ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



