ਗਣਤੰਤਰ ਦਿਵਸ ਪਰੇਡ ਮੌਕੇ ਅੱਜ 75 ਜਹਾਜ਼ ਦਿਖਾਉਣਗੇ ਕਲਾਬਾਜ਼ੀਆਂ

ਨਵੀਂ ਦਿੱਲੀ (ਸਮਾਜ ਵੀਕਲੀ):  ਗਣਤੰਤਰ ਦਿਵਸ ਪਰੇਡ ਦੌਰਾਨ ਬੁੱਧਵਾਰ ਨੂੰ ਹਵਾਈ ਸੈਨਾ ਦੇ 75 ਜਹਾਜ਼ ਹਵਾਈ ਕਲਾਬਾਜ਼ੀਆਂ ਦਾ ਮੁਜ਼ਾਹਰਾ ਕਰਨਗੇ ਅਤੇ ਮੁਕਾਬਲਾ ਪ੍ਰਕਿਰਿਆ ਰਾਹੀਂ ਚੁਣੇ ਗਏ 480 ਡਾਂਸਰ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਦੇਣਗੇ। ਸਮਾਗਮਾਂ ਦੌਰਾਨ ਰਾਜਪੱਥ ’ਤੇ 75-75 ਮੀਟਰ ਲੰਮੇ 10 ਸਕਰੌਲ ਅਤੇ ਦਰਸ਼ਕਾਂ ਲਈ 10 ਐੱਲਈਡੀ ਸਕਰੀਨਾਂ ਲਾਈਆਂ ਗਈਆਂ ਹਨ। ਰੱੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮਾਂ ਮੌਕੇ ਇਹ ਸਭ ਕੁਝ ਪਹਿਲੀ ਵਾਰ ਹੋ ਰਿਹਾ ਹੈ।  ਰੱਖਿਆ ਮੰਤਰਾਲੇ ਨੇ ਅੱਜ ਇੱਕ ਬਿਆਨ ਰਾਹੀਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੌਰਾਨ ਗਣਤੰਤਰ ਦਿਵਸ ਸਮਾਗਮ ਦੇਸ਼ ਭਰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਮਨਾਇਆ ਜਾ ਰਿਹਾ ਹੈ।

ਬਿਆਨ ਮੁਤਾਬਕ, ‘‘ਪਰੇਡ ਦੌਰਾਨ ਸਭ ਤੋਂ ਵੱਧ ਖਿੱਚ ਭਰਪੂਰ ਈਵੈਂਟ ਹੋਵੇਗਾ, ਜਿੱਥੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਹਿੱਸੇ ਵਜੋਂ ਹਵਾਈ ਸੈਨਾ ਦੇ 75 ਜਹਾਜ਼ ਪਹਿਲੀ ਵਾਰ ਹਵਾਈ ਕਰਤਬ ਦਿਖਾਉਣਗੇ।’ ਇਹ ਵੀ ਦੱਸਿਆ ਗਿਆ ਕਿ ਹਵਾਈ ਸੈਨਾ ਵੱਲੋਂ ਹਵਾਈ ਸ਼ੋਅ ਦੌਰਾਨ ਦੂਰਦਰਸ਼ਨ ਦੇ ਤਾਲਮੇਲ ਨਾਲ ਪਹਿਲੀ ਵਾਰ ਕਾਕਪਿਟ ਵੀਡੀਓਜ਼ ਦਿਖਾਈਆਂ ਜਾਣਗੀਆਂ। ਰੱਖਿਆ ਮੰਤਰਾਲੇ ਮੁਤਾਬਕ ਹਵਾਈ ਮਾਰਚ ਦੌਰਾਨ ਵਿਰਾਸਤੀ ਜਹਾਜ਼ਾਂ ਤੋਂ ਇਲਾਵਾ ਨਵੇਂ ਰਾਫਾਲ, ਸੁਖੋਈ, ਜੈਗੂਆਰ, ਐੱਮਆਈ-17, ਸਾਰੰਗ, ਅਪਾਚੇ ਅਤੇ ਡਕੋਤਾ ਜਹਾਜ਼ਾਂ ਵੱਲੋਂ ਰਾਹਤ, ਮੇਘਨਾ, ਏਕਲੱਵਿਆ, ਤ੍ਰਿਸ਼ੂਲ, ਤਿਰੰਗਾ, ਵਿਜੈ ਅਤੇ ਅੰਮ੍ਰਿਤ ਆਦਿ ਫਾਰਮੈਟ ਬਣਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

ਦੱਸਿਆ ਗਿਆ ਕਿ ਪਰੇਡ ਦੌਰਾਨ ਰਾਜਪੱਥ ਦੇ ਨਾਲ ਪਹਿਲੀ ਵਾਰ 75 ਮੀਟਰ ਲੰਮੇ ਅਤੇ 15 ਫੁੱਟ ਉੱਚੇ 10 ਸਕਰੌਲ ਲਗਾਏ ਗਏ ਹਨ। ਇਹ ਸਕਰੌਲ ਰੱਖਿਆ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਸਾਂਝੇ ਤੌਰ ’ਤੇ ਕਰਵਾਏ ‘ਕਲਾ ਕੁੰਭ’ ਈਵੈਂਟ ਦੌਰਾਨ ਤਿਆਰ ਕੀਤੇ ਗਏ ਸਨ, ਜਿਨ੍ਹਾਂ ’ਤੇ ਦੋ ਪੜਾਵਾਂ ਦੌਰਾਨ ਭੁਵਨੇਸ਼ਵਰ ਅਤੇ ਚੰਡੀਗੜ੍ਹ ਵਿੱਚ ਦੇਸ਼ ਭਰ ਵਿੱਚੋਂ 600 ਤੋਂ ਵੱਧ ਪ੍ਰਸਿੱਧ ਅਤੇ ਨੌਜਵਾਨ ਕਲਾਕਾਰਾਂ ਵੱਲੋਂ ਚਿੱਤਰਕਾਰੀ ਕੀਤੀ ਸੀ। ਮੰਤਰਾਲੇ ਮੁਤਾਬਕ ਇਹ ਵੀ ਪਹਿਲੀ ਵਾਰ ਹੈ ਕਿ ਪਰੇਡ ਦੌਰਾਨ ਪੇਸ਼ਕਾਰੀਆਂ ਦੇਣ ਵਾਲੇ ਕਲਾਕਾਰਾਂ ਨੂੰ ਮੁਕਾਬਲਾ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ। ਨਵੰਬਰ ਤੇ ਦਸੰਬਰ ਮਹੀਨੇ ‘ਵੰਦੇ ਭਾਰਤ’ ਮੁਕਾਬਲੇ ਤਹਿਤ ਲੱਗਪਗ 3,870 ਡਾਂਸਰਾਂ ਦੇ ਸੂਬਾ ਅਤੇ ਜ਼ਿਲ੍ਹਾ ਪੱੱਧਰ ’ਤੇ ਹਿੱਸਾ ਲਿਆ ਸੀ, ਜਿਸ ਮਗਰੋਂ 480 ਡਾਂਸਰਾਂ ਦੀ ਚੋਣ ਕੀਤੀ ਗਈ।  ਦਰਸ਼ਕਾਂ ਨੂੰ ਪਰੇਡ ਦਿਖਾਉਣ ਲਈ 10 ਵੱਡੀਆਂ ਐੱਲਈਡੀ ਸਕਰੀਨਾਂ ਲਾਈਆਂ ਗਈਆਂ ਹਨ। 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ 4049 ਨਵੇਂ ਕੇਸ, 30 ਮੌਤਾਂ
Next articleਸਾਰੀਆਂ ਪਾਰਟੀਆਂ ਯੂਪੀ ਨੂੰ ‘ਜੰਗਲ ਰਾਜ’ ਬਣਾਉਣ ਦੀਆਂ ਦੋਸ਼ੀ: ਮਾਇਆਵਤੀ