ਯੁੱਗ ਪਲਟਾਉਣ ਲਈ

(ਸਮਾਜ ਵੀਕਲੀ)

ਯੁੱਗ ਪਲਟਾਉਣ ਲਈ ਲੜਦੇ ਰਹਿਣਾ,ਜੰਗੀ ਯੋਧੇ ਕਰਦੇ ਸਦਾ ਅਭਿਆਸ ।
ਭਲਿਆਂ ਵੇਲ਼ਿਆਂ ਲਈ ਬਾਲ ਮਸ਼ਾਲਾਂ,ਹੋਂਦ ਲਈ ਤੁਰਦੇ ਰੱਖ ਪੂਰੀ ਆਸ ।

ਕੁੱਲ ਗੈਰ-ਜਮਹੂਰੀ ਪ੍ਰਬੰਧ ਤੋੜਨਾ,ਤਾਨਾਸ਼ਾਹੀ ਮੁਹਰੇ ਲਾ ਭਜਾਉਣੀ ਹੈ,
ਲੋਕਾਂ ਦੇ ਹੱਕ ਕੀ ਕੀ ਹੁੰਦੇ ਨੇ,ਉਹੋ ਜਿਹੀ ਵਿਆਖਿਆ ਨੂੰ ਰਹੇ ਨੇ ਤਰਾਸ਼ ।

ਲੰਬੀਆਂ ਉਮੀਦਾਂ ਬੰਨ੍ਹ ਕੇ ਤੁਰ ਰਹੇ,ਲਮਕਵੇਂ ਘੋਲ ਵੱਲ ਵਧ ਰਹੇ ਨੇ ਉਹ,
ਇਤਿਹਾਸ ਦੀਆਂ ਲਹਿਰਾਂ ਦੇ ਜਾਏ ਤੁਰੇ ਪਹਿਨੇ ਸੂਹੇ ਕੁਰਬਾਨੀ-ਲਿਬਾਸ ।

ਸ਼ਹੀਦੋ ਤੁਹਾਡੀ ਸੋਚ ਤੇ,ਪਹਿਰਾ ਦੇਣਾ ਠੋਕ,ਰੋਹੀਲੀਆਂ ‘ਵਾਜ਼ਾਂ ਆ ਰਹੀਆਂ,
ਜ਼ਮੀਨ ਵੀ ਨਵਾਂ ਕੁੱਝ ਸਮਝ ਰਹੀ ਹੈ,ਸ਼ਾਹਦੀ ਵੀ ਭਰ ਰਿਹਾ ਸੱਚੀਂ ਆਕਾਸ਼ ।

ਲੋਕ-ਦੁਸ਼ਮਣਾਂ ਦੀ ਪਛਾਣ ਨੂੰ ਲੈ ਕੇ ਲੋਕਾਂ ਵਿੱਚ ਫੈਲਾ ਰਹੇ ਅਸਲੀ ਸਮਝ,
ਕੁੱਲੀ ਗੁੱਲੀ ਜੁੱਲੀ ਹਰ ਇੱਕ ਦੇ ਹਿੱਸੇ ਆਊਗੀ ਥੁੜਿਆਂ ਹੋਇਆਂ ਦੇ ਰਾਸ ।

ਕਿਰਤੀ ਕਾਮਿਆਂ ਦੀ ਮੰਦਹਾਲੀ,ਐਸ਼ਾਂ ਮਾਣਦੀਆਂ ਜੋ ਵਿਹਲੀਆਂ ਜੋਕਾਂ ਨੇ,
ਕਿਹੜੇ ਰਾਹਾਂ ਵਿੱਚ ਉਹ ਫੈਲ ਰਹੀਆਂ ਨੇ,ਉਹਨਾਂ ਦੀ ਹੋ ਰਹੀ ਹੈ ਤਲਾਸ਼ ।

ਵਾਰ ਵਾਰ ਦੇ ਧੋਖੇ,ਵਾਰ ਵਾਰ ਦੇ ਵਾਅਦੇ,ਕਾਲੇ ਸਮਿਆਂ ‘ਚ ਵਿਚਰ ਰਹੇ,
ਲੋਕਾਂ ਦੇ ਮੇਚ ਦਾ ਵਕਤ ਲਿਆਉਣਾ,ਫੇਰ ਨਹੀਂ ਹੋਣੇ ਕੋਈ ਦਿਲ ਨਿਰਾਸ਼ ।

ਤਾਨਾਸ਼ਾਹੀ ਨੂੰ ਭਰਮ ਸੀ ਉਦੋਂ ਕਿ ਕਿਸਾਨੀ ਨੂੰ ਖੇਤੋਂ ਨਿਹੱਥੇ ਕਰ ਦਏਗੀ,
ਉਦੋਂ ਵੀ ਕਿਰਤੀਆਂ ਲੜਿਆ ਸੀ ਅੰਦੋਲਨ,ਏਕੇ ਵਿੱਚ ਭਰ ਕੁੱਲ ਵਿਸ਼ਵਾਸ ।

ਸੁਖਦੇਵ ਸਿੱਧੂ

 

Previous articleਕਵਿਤਾ
Next articleਜਿੰਦਗੀ