HOME ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਨਿੱਜੀ ਸੁਰੱਖਿਆ ਉਪਾਅ ਵੀ ਮਹੱਤਵਪੂਰਨ –...

ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਨਿੱਜੀ ਸੁਰੱਖਿਆ ਉਪਾਅ ਵੀ ਮਹੱਤਵਪੂਰਨ – ਡਾ. ਜਗਦੀਪ ਸਿੰਘ

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲੇ ਭਰ ਵਿੱਚ ਵਿਸ਼ੇਸ਼ ਥਾਵਾਂ ਤੇ ਗਤੀਵਿਧੀਆ ਉਲੀਕੀਆਂ ਗਈਆਂ। ਸ਼ਹਿਰੀ ਹੁਸ਼ਿਆਰਪੁਰ ਵਿੱਚ ਜਿਲਾ ਐਪੀਡਮੋਲਜਿਸਟ ਡਾ. ਜਗਦੀਪ ਸਿੰਘ ਦੀ ਅਗਵਾਈ ਵਿੱਚ ਪੌਦਿਆਂ ਦੀਆਂ ਨਰਸਰੀਆਂ, ਉਸਾਰੀ ਵਾਲੀਆਂ ਥਾਵਾਂ, ਖਾਲੀ ਪਲਾਟਾਂ ਅਤੇ ਹੋਰ ਥਾਵਾਂ ‘ਤੇ ਡੇਂਗੂ ਵਿਰੋਧੀ ਗਤੀਵਿਧੀਆਂ ਚਲਾਈਆਂ ਗਈਆਂ। ਇਸ ਬਾਰੇ ਡਾ. ਜਗਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਹਿਰੀ ਖੇਤਰ ਹੁਸ਼ਿਆਰਪੁਰ ਵਿੱਚ ਅੱਜ 9 ਟੀਮਾਂ ਦੁਆਰਾ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕੰਟੇਨਰਾਂ ਵਿੱਚੋਂ ਪਾਣੀ ਕੱਢ ਕੇ ਮੌਕੇ ‘ਤੇ ਹੀ ਲਾਰਵਾ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਜਿੱਥੇ ਪਾਣੀ ਦੀ ਨਿਕਾਸੀ ਸੰਭਵ ਨਹੀਂ ਸੀ ਉਹਨਾਂ ਢੁਕਵੀਆਂ ਥਾਵਾਂ ‘ਤੇ ਲਾਰਵੀਸਾਈਡ ਸਪਰੇਅ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਗਤੀਵਿਧੀਆਂ ਦੌਰਾਨ ਸਾਰਿਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਕਿ ਕਿਸੇ ਵੀ ਕਿਸਮ ਦੇ ਕੰਟੇਨਰ ਨੂੰ ਪਾਣੀ/ਮੀਂਹ ਦੇ ਪਾਣੀ ਆਦਿ ਨਾਲ ਨਾ ਭਰਿਆ ਜਾਵੇ ਅਤੇ ਪਾਣੀ ਨਾਲ ਭਰੇ ਕੰਟੇਨਰਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਕੱਢ ਕੇ ਸੁਕਾਉਣਾ ਚਾਹੀਦਾ ਹੈ। ਟਾਇਰ, ਟੁੱਟੀਆਂ ਬਾਲਟੀਆਂ, ਪਲਾਸਟਿਕ ਦੇ ਡੱਬੇ, ਡਿਸਪੋਜ਼ੇਬਲ ਕੱਪ-ਪਲੇਟਾਂ ਅਤੇ ਹੋਰ ਕਈ ਤਰ੍ਹਾਂ ਦੇ ਡੱਬੇ ਖੁੱਲ੍ਹੇ ਵਿੱਚ ਜਾਂ ਛੱਤਾਂ ‘ਤੇ ਨਾ ਸੁੱਟੇ ਜਾਣ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਨਿੱਜੀ ਸੁਰੱਖਿਆ ਉਪਾਅ ਵੀ ਮਹੱਤਵਪੂਰਨ ਹਨ। ਜਿਵੇਂ ਕਿ ਦਿਨ ਵਿੱਚ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣ, ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨ ਮੱਛਰਦਾਨੀ ਦੀ ਵਰਤੋਂ ਕਰਨ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਨਾਲ ਅਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਵਰਤ ਕੇ ਅਸੀਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉਹਨਾਂ ਦੱਸਿਆ ਕਿ ਡੇਂਗੂ ਬੁਖਾਰ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਣ ਦੀ ਸੂਰਤ ਵਿੱਚ ਸਿਰਫ ਪੈਰਾਸਿਟਾਮੋਲ ਗੋਲੀ ਹੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋ ਟੈਸਟ ਅਤੇ ਇਲਾਜ ਕਰਾਉਣਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਨੇ ਕਰਵਾਇਆ ਤਿੰਨ ਰੋਜ਼ਾ ਫਸਟ ਏਡ ਸਿਖਲਾਈ ਸੈਮੀਨਾਰ
Next articleਜਮਹੂਰੀ ਅਧਿਕਾਰ ਸਭਾ ਵਲੋਂ ਆਦਿਵਾਸੀਆਂ ਦੇ ਕਤਲਾਂ ਅਤੇ ਉਜਾੜੇ ਵਿਰੁੱਧ ਕਨਵੈਨਸ਼ਨ 30 ਜੂਨ ਨੂੰ