HOME ਰਿਸ਼ਤਿਆਂ ਨੂੰ ਨਿਭਾਉਣ ਲਈ ਆਪਸੀ ਮਤਭੇਦ ਭੁਲਾਈਏ

ਰਿਸ਼ਤਿਆਂ ਨੂੰ ਨਿਭਾਉਣ ਲਈ ਆਪਸੀ ਮਤਭੇਦ ਭੁਲਾਈਏ

5
ਸੰਜੀਵ ਸਿੰਘ ਸੈਣੀ
   (ਸਮਾਜ ਵੀਕਲੀ)   ਜ਼ਿੰਦਗੀ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਰਿਸ਼ਤਿਆਂ ਦੀ ਬਹੁਤ ਮਹੱਤਤਾ ਹੈ। ਕੋਈ ਵੀ ਰਿਸ਼ਤਾ ਹੋਵੇ, ਚਾਹੇ ਉਹ ਦਾਦੇ -ਪੋਤੇ , ਦਾਦੀ- ਪੋਤੀ, ਨਾਨਾ -ਦੋਹਤਾ ,ਮਾਮਾ -ਭਾਣਜਾ, ਤਾਇਆ- ਤਾਈ , ਭੂਆ -ਭਤੀਜਾ ,ਆਦਿ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਜਿਹੜੇ ਜਨਮ ਦੇ ਰਿਸ਼ਤੇ ਹੁੰਦੇ ਹਨ ਉਹ ਪਿਓ -ਪੁੱਤ ,ਮਾਂ -ਧੀ ਆਦਿ ਦੇ ਹੁੰਦੇ ਹਨ। ਖੂਨ ਦੇ ਰਿਸ਼ਤਿਆਂ ਵਿੱਚ ਭੈਣ -ਭਰਾ, ਭਾਈ ਭਾਈ ਆਉਂਦੇ ਹਨ। ਜਦੋਂ ਮੁੰਡਾ ਨੌਜਵਾਨੀ ਉਮਰ ਵਿੱਚ ਚਲਾ ਜਾਂਦਾ ਹੈ ਤਾਂ ਉਸਦਾ ਵਿਆਹ ਕਰ ਦਿੱਤਾ ਜਾਂਦਾ ਹੈ ਅੱਗੇ ਹੋਰ ਰਿਸ਼ਤੇ ਜੁੜਦੇ ਹਨ , ਜਿਵੇਂ ਸੱਸ- ਨੂੰਹ ,ਸਹੁਰਾ -ਜਵਾਈ ,ਸਾਲਾ- ਸਾਲੇਹਾਰ,ਆਦਿ । ਇਹਨਾਂ ਤੋਂ ਇਲਾਵਾ ਕੁੱਝ ਰਿਸ਼ਤੇ ਜਿਨ੍ਹਾਂ ਦਾ ਕਿਸੇ ਨਾਲ ਵੀ ਕੋਈ ਲੇਗਾ-ਦੇਗਾ ਨਹੀਂ ਹੁੰਦਾ, ਜਿਵੇਂ ਦੋਸਤ, ਮਿੱਤਰ, ਸਹੇਲੀਆਂ ਇਹ ਸਾਡੇ  ਭਾਵਨਾਤਕ ਰਿਸ਼ਤਿਆਂ ਦਾ ਹਿੱਸਾ ਹਨ। ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ , ਚੰਨ ਤੱਕ ਉਡਾਰੀ ਮਾਰ ਲਈ ਹੈ। ਸਾਂਝੇ ਪਰਿਵਾਰ ਖ਼ਤਮ ਹੁੰਦੇ ਜਾ ਰਹੇ ਹਨ। ਘਰ ਵੱਡੇ ਹੋ ਚੁੱਕੇ ਹਨ, ਪਰ ਉਹਨਾਂ ਵਿੱਚ ਰਹਿਣ ਲਈ ਚਾਰ ਤੋਂ ਪੰਜ ਜੀਅ ਹਨ। ਜਿਨਾਂ ਦਾ ਆਪਸ ਵਿੱਚ ਹੀ ਮਨ ਮੁਟਾਵ ਰਹਿੰਦਾ ਹੈ। ਪਹਿਲਾਂ ਛੋਟੇ ਘਰ ਹੁੰਦੇ ਸਨ ਤੇ ਪਰਿਵਾਰ ਵੱਡੇ ਹੁੰਦੇ ਸਨ। ਆਪਸੀ ਪ੍ਰੀਤ ਪਿਆਰ ਬਹੁਤ ਹੁੰਦਾ ਸੀ। ਇੱਕ ਦੂਜੇ ਦੀ ਗੱਲ ਨੂੰ ਬਰਦਾਸ਼ਤ ਕੀਤਾ ਜਾਂਦਾ ਸੀ। ਸਹਿਣ ਸ਼ਕਤੀ ਬਹੁਤ ਸੀ। ਵੱਡਿਆਂ ਦੀ ਹੀ ਹਰ ਗੱਲ ਵਿੱਚ ਚੱਲਦੀ ਸੀ। ਜੇ ਕੋਈ ਘਰ ਦਾ  ਬੱਚਾ ਗਲਤੀ ਕਰ ਦਿੰਦਾ ਸੀ ਤਾਂ ਵੱਡਿਆਂ ਵੱਲੋਂ ਹੀ ਉਸਨੂੰ ਡਾਂਟ ਫਟਕਾਰ ਲਗਾਈ ਜਾਂਦੀ ਸੀ। ਮਜਾਲ ਹੈ ਜੇ ਘਰ ਦਾ ਕੋਈ ਹੋਰ ਜੀਅ ਬੋਲ ਜਾਵੇ। ਜ਼ਮਾਨਾ ਬਦਲਿਆ। ਅੱਜ ਤੁਸੀਂ ਆਪਣੇ ਬੱਚਿਆਂ ਨੂੰ ਕੁੱਝ ਨਹੀਂ ਕਹਿ ਸਕਦੇ। ਬੱਚੇ ਗ਼ਲਤ ਕਦਮ ਚੁੱਕ ਲੈਂਦੇ ਹਨ। ਰਿਸ਼ਤੇ ਟੁੱਟ ਚੁੱਕੇ ਹਨ। ਜੇ ਮਾਂ ਪਿਓ ਬੱਚਿਆਂ ਨੂੰ ਕੁੱਝ ਕਹਿ ਵੀ ਦੇਣ ਤਾਂ ਬੱਚੇ ਬਰਾਬਰੀ ਕਰਦੇ ਹਨ। ਇਥੋਂ ਤੱਕ ਕਿ ਬੱਚੇ ਮਾਂ- ਪਿਓ ਦੀ ਬੇਇਜ਼ਤੀ ਵੀ ਕਰ ਦਿੰਦੇ ਹਨ। ਮਾਂ ਬਾਪ ਆਪਣੀ ਬੇਇਜ਼ਤੀ ਦੇ ਡਰ ਤੋਂ ਬੱਚਿਆਂ ਨੂੰ ਟੋਕਣਾ ਹੀ ਛੱਡ ਦਿੰਦੇ ਹਨ। ਮਾਂ- ਪਿਓ ਬੱਚਿਆਂ ਦੇ ਸਾਹਮਣੇ ਡਰ ਡਰ ਕੇ ਰਹਿ ਰਹੇ ਹਨ। ਜਿੱਥੇ ਵੀ ਤੁਹਾਡੀ ਗਲਤੀ ਹੈ, ਆਪਣੀ ਗਲਤੀ ਨੂੰ ਮੰਨ ਲੈਣਾ ਚਾਹੀਦਾ ਹੈ। ਉਸੇ ਵੇਲੇ ਮਾਫ਼ੀ ਮੰਗ ਲਵੋ ਕਿ ਮੇਰੇ ਤੋਂ ਇਹ ਗੁਨਾਹ ਹੋਇਆ ਹੈ। ਅਕਸਰ ਅਸੀਂ ਸਾਰੇ ਹੀ ਪਰਿਵਾਰਾਂ ਵਿੱਚ ਰਹਿੰਦੇ ਹਨ। ਕਈ ਵਾਰ ਕੋਈ ਮੈਂਬਰ ਇੰਨਾ ਅੜੀਅਲ ਜਾਂ ਉਸਦਾ ਵਤੀਰਾ ਇੰਨ੍ਹਾਂ ਜਿੱਦੀ ਹੁੰਦਾ ਹੈ ਕਿ ਉਹ ਆਪਣੀ ਹਰ ਗੱਲ ਨੂੰ ਮਨਵਾ ਕੇ ਛੱਡਦਾ ਹੈ। ਇੰਨੀ ਜਿੱਦ ਕਰਦਾ ਹੈ ਕਿ ਘਰ ਦਾ ਮਾਹੌਲ ਤੱਕ ਵਿਗੜ ਜਾਂਦਾ ਹੈ। ਕਈ ਵਾਰ ਉਸ ਦੀ ਜ਼ਿੱਦ ਅੱਗੇ ਸਾਰਿਆਂ ਨੂੰ ਹੀ ਝੁੱਕਣਾ ਪੈਂਦਾ ਹੈ ।ਜੋ ਅੱਜ ਕੱਲ ਦੇ ਬੱਚੇ ਹਨ ਉਹ ਬਰਾਬਰ ਬਹਿਸ ਕਰਦੇ ਹਨ। ਇੰਨੀ ਬਹਿਸ ਕਰਦੇ ਹਨ ਕਿ ਕਈ ਵਾਰ ਉਹ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ। ਜੇ ਕੋਈ ਸਮੱਸਿਆ ਹੈ ਤਾਂ ਉਸਦਾ ਹੱਲ ਵੀ ਜਰੂਰ ਹੁੰਦਾ ਹੈ। ਸ਼ਾਂਤ ਰਹਿ ਕੇ ਹਰ ਸਮੱਸਿਆ ਤੋਂ ਨਿਕਲਿਆ ਜਾ ਸਕਦਾ ਹੈ। ਪੁਰਾਣੇ ਵੇਲਿਆਂ ਵਿੱਚ ਸਾਰੇ ਹੀ ਇਕੱਠੇ ਰਹਿੰਦੇ ਸਨ, ਜੇ ਕੋਈ ਪਰਿਵਾਰ ਵਿੱਚ ਮਸਲਾ ਖੜਾ ਹੋ ਜਾਂਦਾ ਸੀ ਤਾਂ ਉਸਨੂੰ ਸਾਰਿਆਂ ਦੀ ਰਾਏ ਨਾਲ ਸੋਚ ਵਿਚਾਰ ਕਰਕੇ ਸੁਲਝਾ ਲਿਆ ਜਾਂਦਾ ਸੀ। ਦੇਖੋ! ਸਿਆਣੇ ਕਹਿੰਦੇ ਹਨ ਕਿ ਜਿੱਥੇ ਦੋ ਭਾਂਡੇ ਹੁੰਦੇ ਹਨ ਉਹ ਖੜਕਦੇ ਜ਼ਰੂਰ ਹਨ। ਕਈ ਵਾਰ ਪਰਿਵਾਰਾਂ ਵਿੱਚ ਇੱਕ ਦੂਜੇ ਨਾਲ ਕਾਫ਼ੀ ਮਨ ਮੁਟਾਵ ਹੋ ਜਾਂਦਾ ਹੈ ।ਅਸੀਂ ਇੱਕ ਦੂਜੇ ਦੀ ਸ਼ਕਲ ਦੇਖਣੀ ਪਸੰਦ ਨਹੀਂ ਕਰਦੇ। ਦੇਖੋ! ਲੜਾਈ ਝਗੜੇ ਚਲਦੇ ਰਹਿੰਦੇ ਨੇ ਪਰ ਇਹ ਵੀ ਨਾ ਹੋਏ ਕਿ ਤੁਸੀਂ ਗੱਲ ਕਰਨੀ ਬੰਦ ਕਰ ਦਿਓ। ਸੋਚ ਵਿਚਾਰ ਕਰੋ ਕਿ ਗਲਤੀ ਕਿਸ ਦੀ ਸੀ ,ਜੇ ਤੁਹਾਡੀ ਗਲਤੀ ਹੈ ਤਾਂ ਵੱਡਿਆਂ ਤੋਂ ਮਾਫ਼ੀ ਮੰਗੋ। ਜੇ ਪਤੀ ਪਤਨੀ ਦੀ ਗੱਲ ਕਰੀਏ ਤਾਂ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ। ਕਈ ਵਾਰ ਪਤੀ ਪਤਨੀ ਵਿੱਚ ਮਾੜੀ ਮੋਟੀ ਨੋਕ ਚੋਕ ਹੋ ਜਾਂਦੀ ਹੈ। ਦੋਵਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਕਿਉਂਕਿ ਦੋਵਾਂ ਨੇ ਹੀ ਇੱਕ ਦੂਜੇ ਦਾ ਆਖਰੀ ਸਮੇਂ ਤੱਕ ਧਿਆਨ ਰੱਖਣਾ ਹੁੰਦਾ ਹੈ। ਜੇ ਜ਼ਿਆਦਾ ਹੀ ਮਨ ਮੁਟਾਵ ਹੈ, ਤਾਂ ਕਿਤੇ ਬਾਹਰ ਪਾਰਕ ਵਿੱਚ ਚਲੇ ਜਾਓ, ਇੱਕ ਦੂਜੇ ਨਾਲ ਗੱਲਬਾਤ ਕਰੋ। ਚਾਹ ਪਾਣੀ ਪੀਓ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ  ਤੁਸੀਂ ਕੁੱਝ ਵੀ ਕਰ ਸਕਦੇ ਹੋ। ਜਦੋਂ ਦੋਵਾਂ ਵਿੱਚ ਲੜਾਈ ਝਗੜਾ ਹੁੰਦਾ ਹੈ ਤਾਂ ਇੱਕ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ।ਦੂਜੇ ਦੀ ਗੱਲ ਨੂੰ ਧਿਆਨ ਨਾਲ ਸੁਣੋ। ਫਿਰ ਉਸ ਦਾ ਜਵਾਬ ਦਿਓ, ਦੂਜੇ ਦੀ ਗੱਲ ਕੱਟ ਕੇ ਕਦੇ ਵੀ ਆਪਣੀ ਗੱਲ ਨਾ ਰੱਖੋ। ਪਰਿਵਾਰ ਵਿੱਚ ਹਰ ਮੈਂਬਰ ਦਾ ਸਨਮਾਨ ਕਰਨਾ ਚਾਹੀਦਾ ਹੈ। ਜੇ ਮਾਂ ਪਿਓ ਹਨ ਤਾਂ ਉਹਨਾਂ ਨੂੰ ਬੱਚਿਆਂ ਨਾਲ ਬੜੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਸਮੇਂ ਦੇਣਾ ਚਾਹੀਦਾ। ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਜਿਹੜੀ ਚੀਜ਼ ਦੀ ਉਹਨਾਂ ਨੂੰ ਜਰੂਰਤ ਹੈ ਉਹ ਜਰੂਰਤ ਪੂਰੀ ਕਰਨੀ ਚਾਹੀਦੀ ਹੈ। ਰਿਸ਼ਤਿਆਂ ਵਿੱਚ ਵਿਸ਼ਵਾਸ ਬਹੁਤ ਜਰੂਰੀ ਹੈ। ਕਦੇ ਵੀ ਝੂਠ ਨਾ ਬੋਲੋ। ਕੁੱਝ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ। ਬਰਦਾਸ਼ ਸ਼ਕਤੀ ਰੱਖਣੀ ਚਾਹੀਦੀ। ਕਿਸੇ ਵੀ ਪਰਿਵਾਰਕ ਮੈਂਬਰ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਇਨਸਾਨ ਗਲਤ ਹੈ ਤਾਂ ਉਸ ਨਾਲ ਗੱਲਬਾਤ ਕਰੋ। ਸ਼ੱਕ ਨੂੰ ਮਿਟਾਇਆ ਜਾ ਸਕਦਾ ਹੈ। ਅੱਜ ਦੇ ਜ਼ਮਾਨੇ ਵਿੱਚ ਸਮੇਂ ਤਾਂ ਕਿਸੇ ਕੋਲ ਵੀ ਨਹੀਂ ਹੈ। ਮੋਬਾਇਲ ਨੂੰ ਇਹ ਜ਼ਿੰਦਗੀ ਦਾ ਆਧਾਰ ਬਣਾ ਲਿਆ ਹੈ। ਰੋਟੀ ਚਾਹੇ ਮਿਲੇ ਨਾ ਮਿਲੇ ,ਬੱਚਿਆਂ ਕੋਲ ਮੋਬਾਇਲ ਹਰ ਵਕਤ ਰਹਿੰਦਾ ਹੈ। ਸੁੱਖ ਦੁੱਖ ਮੋਬਾਇਲ ਤੇ ਹੀ ਸਾਂਝਾ ਕਰ ਲਿਆ ਜਾਂਦਾ ਹੈ। ਜੇ ਕਿਸੇ ਘਰ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਉੱਥੇ ਜਾਣ ਤੋਂ ਗੁਰੇਜ ਕੀਤਾ ਜਾਂਦਾ ਹੈ। ਫੋਨ ਤੇ ਹੀ ਗੱਲ ਸਾਂਝੀ ਕਰ ਲਈ ਜਾਂਦੀ ਹੈ। ਜਿਨਾਂ ਸਕੇ ਆਪਣੇ ਪਰਿਵਾਰ ਨੂੰ ਸਮਾਂ ਦਿਓ। ਛੁੱਟੀ ਵਾਲੇ ਦਿਨ ਕਿੱਥੇ ਬਾਹਰ ਜਾਓ। ਖਾਣਾ ਖਾ ਕੇ ਆਓ, ਇਸ ਨਾਲ ਤੁਹਾਡਾ ਆਪਸੀ ਪ੍ਰੀਤ ਪਿਆਰ ਬਹੁਤ ਵਧੇਗਾ। ਰਿਸ਼ਤਿਆਂ ਵਿੱਚ ਨਿੱਘ ਆਵੇਗਾ। ਕਦੀ ਵੀ ਤਲਖ਼ੀ ਨਹੀਂ ਹੋਵੇਗੀ। ਇਸ ਤਰ੍ਹਾਂ ਰਿਸ਼ਤਿਆਂ ਵਿੱਚ ਆਪਣਾਪਣ ਬਹੁਤ ਜ਼ਿਆਦਾ ਮਹਿਸੂਸ ਹੋਵੇਗਾ।
ਸੰਜੀਵ ਸਿੰਘ ਸੈਣੀ, ਮੋਹਾਲੀ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਵ. ਰੂਬਲ ਸਿੰਘ ਸਰਾਭਾ ਦੀ ਯਾਦ ਵਿੱਚ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਗਿਆ, 40 ਸਾਲਾ ਗਰੁੱਪ ‘ਚ ਰਾਏਕੋਟ ਅਤੇ 14 ਸਾਲਾ ‘ਚ ਭੋਗੀਵਾਲ ਦੀ ਟੀਮ ਰਹੀ ਜੇਤੂ
Next articleਵਿਧਾਇਕ ਸੰਗੋਵਾਲ ਨੇ ਜਰਖੜ ਤੋਂ ਰਣੀਆ , ਹਰਨਾਮਪੁਰਾ ਤੋਂ ਜਸਪਾਲ ਬਾਂਗਰ, ਸ਼ੰਕਰ ਤੋਂ ਖਾਨਪੁਰ ਵਿਖੇ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ-ਪੱਥਰ