(ਸਮਾਜ ਵੀਕਲੀ)
ਪੰਜਾਬ ਅਤੇ ਪੰਜਾਬੀ ਬੋਲੀ ਅੰਦਰ ਪਿਆਰ-ਕਥਾਵਾਂ ਦੇ ਇਤਿਹਾਸ, ਮੁੱਢ ਤੇ ਮੌਜੂਦਾ ਸਥਾਨ ਬਾਰੇ ਸਮਝਣ ਲਈ ਬਹੁਤ ਪਿਛੇ ਜਾਣਾ ਪਏਗਾ। ਪੰਜਾਬ ਦਾ ਇਤਿਹਾਸ, ਮੂਲ ਸਾਹਿਤਕ ਵਿਰਸਾ ਅਤੇ ਪੰਜਾਬ ਤੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਸਮਝਣਾ ਪੈਣਾ ਹੈ। ਪਿਆਰ-ਕਥਾਵਾਂ ਸਭਿਆਚਾਰ ਦਾ ਹੀ ਇਕ ਹਿੱਸਾ ਹੈ ਅਤੇ ਸਭਿਆਚਾਰ ਕਿਸੇ ਦੇਸ਼ ਜਾਂ ਕੌਮ ਦੀ ਰੂਹ ਹੁੰਦੀ ਹੈ ਜਿਸ ਰਾਹੀਂ ਸਾਨੂੰ ਉਨ੍ਹਾਂ ਸਾਰਿਆਂ ਸੰਸਕਾਰਾਂ ਦਾ ਗਿਆਨ ਮਿਲਦਾ ਹੈ। ਸਮਾਜਕ ਜ਼ਿੰਦਗੀ ਦਾ ਸਰੋਕਾਰ ਹੀ ਸਭਿਆਚਾਰ ਹੁੰਦਾ ਹੈ ਕਿਉਂਕਿ ਪੰਜਾਬ ਦਾ ਸਭਿਆਚਾਰ ‘‘ਆਰੀਆ“ ਦੇ ਆਉਣ ਤੋਂ ਵੀ ਪਹਿਲਾ ਦਾ ਹੈ, ਇਸ ਲਈ ਇਸ ਦੀ ਪ੍ਰਾਚੀਨਤਾ ਨੂੰ ਸਮਝਣਾ ਜਰੂਰੀ ਹੈ।
ਇਤਿਹਾਸਕ ਵਿਕਾਸ ਦੇ ਪੱਖ ਤੋਂ ਪੰਜਾਬ ਦੀਆਂ ਪਿਆਰ-ਕਥਾਵਾਂ ਨੂੰ ਸਮਝਣ ਲਈ ਪੂਰਬ-ਹੜੱਪਾ ਯੁੱਗ ਦਾ ਪੰਜਾਬ ਤੋਂ ਲੈ ਕੇ ਪੰਜਾਬ ਦਾ ਸੁਤੰਤਰਤਾ-ਯੁੱਗ ਅੰਦਰ ਵਾਪਰੀਆਂ ਸਾਰੀਆਂ ਸਮਾਜਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਵਿਦੇਸ਼ੀ ਘਟਨਾਵਾਂ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਪ੍ਰਭਾਵਤ ਕੀਤਾ, ਸਮਝਣਾ ਪੈਣਾ ਹੈ। ਸਭਿਆਚਾਰ ਇਕ ਨਿਰੰਤਰ ਪ੍ਰਵਾਹਮਾਨ ਪ੍ਰਕਿਰਿਆ ਹੁੰਦੀ ਹੈ। ਅਨੇਕਾਂ ਸਦੀਆਂ ਦੇ ਨਿਰੰਤਰ ਵਿਕਾਸ ਦੌਰਾਨ ਉਪਰੋਕਤ ਪਰਿਸਥਿਤੀਆਂ ਤੋਂ ਛੁੱਟ, ਨਸਲਾਂ, ਭੂਗੋਲਿਕ ਤੇ ਪੌਣ ਪਾਣੀ, ਜੰਗਾਂ ਕਾਰਨ ਪ੍ਰੀਵਰਤਨ, ਸਰੀਰਕ ਤਬਦੀਲੀਆਂ, ‘ਜੋ ਕਿਸੇ ਇਕ ਮਨੁੱਖ, ਜਾਂ ਸਮੂਹ ਦੀ ਲੋਕ-ਚੇਤਨਾ ਵਿੱਚ ਅਨੇਕਾਂ ਕਿਸਮ ਦੇ ਜਟਿਲ ਸੰਸਕਾਰਾਂ, ਮਾਨਸਿਕ ਗੰਢਾਂ ਤੇ ਵਿਵਹਾਰਾਂ ਨੂੰ ਪੀੜ੍ਹੀ ਦਰ ਪੀੜ੍ਹੀ ਬਦਲਦੇ ਜਾਂਦੇ ਹਨ। ਇਹ ਨਿਰੰਤਰ ਇਤਿਹਾਸਕ ਧਾਰਾ ਦੇ ਵਿਕਾਸ ਦਾ ਨਵਾਂ ਮੋੜ ਹੁੰਦਾ ਹੈ।
ਪੰਜਾਬ ਦੀ ਇਹ ਜਰਖੇਜ਼ ਅਤੇ ਰਮਣੀਕ ਜਮੀਨ ਜਿਹੜੀ ਸਦੀਆਂ ਤੋਂ ਆਦਿ ਮਨੁੱਖ ਤੋਂ ਇਤਿਹਾਸਕ ਪੜਾਵਾਂ ਦਾ ਮੁੱਢ ਤੋਂ ਅਖਾੜਾ ਰਹੀ ਹੈ। ਵੱਖ-ਵੱਖ ਨਸਲਾਂ, ਕੌਮਾਂ ਬੋਲੀਆਂ ਆਦਿ ਦੇ ਸੰਗਮ-ਸਥਾਨ ਹੋਣ ਦੇ ਇਤਿਹਾਸਕ ਤੱਥ ਨੂੰ ਸਾਹਮਣੇ ਰੱਖਦਿਆਂ ਅਤੇ ਧਰਮ-ਨਿਰਪੱਖਤਾ ਪ੍ਰਤਿ ਉਪ-ਭਾਵਕ ਸਮਝ ਦੇ ਨਤੀਜੇ ਵਜੋ, ‘ਪੰਜਾਬੀ ਸਭਿਆਚਾਰ ਨੂੰ ਮਿਸ਼ਰਤ ਜਾਂ ਸਾਂਝਾ ਸਭਿਆਚਾਰ ਕਹਿਣਾ ਬਹੁਤ ਪੇਤਲੀ ਅਤੇ ਅਵਿਗਿਆਨਕ ਅਧੂਰੀ ਸਮਝ ਹੈ। ਸਗੋਂ ਪੰਜਾਬੀ ਸਭਿਆਚਾਰ ਕੁਲ ਮਿਲਾ ਕੇ ਲੰਬੀ ਸਮਾਜਿਕ-ਇਤਿਹਾਸਕ ਪ੍ਰਕਿਰਿਆ ਵਿੱਚੋ ਗੁਜਰਕੇ ਇਕ ਮਨੁੱਖੀ ਸਮੂਹ, ‘ਜਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਿਹੜੇ ਸਰਬ-ਸਾਂਝੇ ਹੁੰਗਾਰੇ ਨੂੰ ਸਿਰਜਦਾ ਹੈ, ਉਹੀ ਉਸ ਦੇ ਸਭਿਆਚਾਰ ਦਾ ਅਸਲ ਘੇਰਾ ਹੁੰਦਾ ਹੈ।
ਭਾਰਤੀ ਸਭਿਅਤਾ ਦੇ ਵਿਕਾਸ ਵਿੱਚ ਪੰਜਾਬ ਦੀ ਧਰਤੀ ਇਕ ਕੇਂਦਰੀ ਥਾਂ ਰੱਖਦੀ ਹੈ। ਇਸ ਧਰਤੀ ਦੀਆਂ ਜੂਹਾਂ ਵਿੱਚ ਜੋ ਕੁਝ ਸਿਰਜਿਆ ਜਾਂਦਾ ਰਿਹਾ ਹੈ ਅਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਨਾਲ ਵੀ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਦੱਸਵੀਂ ਤੋਂ ਬਾਰਵੀਂ ਸਦੀ ਤੋਂ ਬਾਅਦ ਪੰਜਾਬੀ ਸਭਿਆਚਾਰ ਨੇ ਆਪਣੀ ਸਥੂਲ ਦੀ ਨਿਵੇਕਲੀ ਪਛਾਣ ਦੀ ਸਥਾਪਤੀ ਕੀਤੀ ਜੋ ਕੋਈ ਅਚਾਨਕ ਹਾਦਸਾ ਨਹੀਂ ਸਗੋਂ ਇਹ ਉਸ ਦਾ ਪੰਜਾਬ ਦੇ ਪਿਛਲੇ ਇਤਿਹਾਸ ਨਾਲ ਦੇ ਵੰਦਾਤਮਕ ਰਿਸ਼ਤਾ ਹੈ। ਇਸ ਕਰਕੇ ਪੰਜਾਬੀ ਸਭਿਆਚਾਰ ਦਾ ਮੌਲਿਕ ਸਾਰ, ਸੁਭਾ ਤੇ ਪਛਾਣ ਪੱਖੋਂ ਅੱਡ ਦਿਸਦਾ ਹੈ।
ਪੰਜਾਬੀ ਵਿੱਚ ਲੋਕ-ਕਾਵਿ ਉਨਾਂ ਹੀ ਪੁਰਾਣਾ ਹੈ ਜਿੰਨਾ ਪੰਜਾਬ ਦੀ ਧਰਤੀ ਅਤੇ ਇਸ ਦੇ ਵਾਸੀ। ਪ੍ਰੇਮ ਤੇ ਬਿਰਹਾ ਦੇ ਗੀਤ ਅਤੇ ਕਿੱਸੇ-ਕਹਾਣੀਆਂ ਵੀ ਪੰਜਾਬੀ ਬੋਲੀ ਨੂੰ ਅਮੀਰ ਬਣਾਉਣ ਲਈ ਲਿਖੇ ਗਏ।ਸ਼ਾਹ ਹੂਸੈਨ (1570-1640) ਲਾਹੌਰ, ਨੇ ਆਮ ਲੋਕਾਂ ਦੀ ਬੋਲੀ ਵਿੱਚ (ਢੁੱਕ ਇਸ਼ਕ ਪ੍ਰੇਮ ਦਾ, ਢੰਗ ਸਿਧਾ, ਹੀਰ ਰਾਂਝੇ ਦੇ ਕਿੱਸੇ ਨੂੰ ਲੋਕਾਂ ਤੱਕ ਪਹੁਚਾਇਆ। ਦਮੋਦਰ (1600-1707) ਝੰਗ, ਨੇ ਹੀਰ ਜੋ ਮੁਲਤਾਨੀ ਜਾਂ ਝਾਂਗੀ ਪੰਜਾਬੀ ਵਿੱਚ ਚੱਜ ਅਚਾਰ ਤੇ ਭਾਉ-ਭਾਵਨਾ ਵਜੋ, ਪੂਰੀ ਰਸ ਭਰੀ ਤਸਵੀਰ ਰਾਹੀ ਪੇਸ਼ ਕੀਤੀ।ਪੀਹਲੂ (1627-1658 ਜੋ ਸ਼ਾਹ ਜਹਾਨ ਵੇਲੇ) ਜਿਸ ਨੇ, ‘ਮਿਰਜ਼ਾ ਸਾਹਿਬਾਂ ਦੀ ਵਾਰ ਲਿਖੀ। ਇਸੇ ਤਰ੍ਹਾਂ ਅਹਿਮਦ ਨੇ 1682 ਦੌਰਾਨ ‘‘ਹੀਰ“ ਜੋ 185-ਬੰਦਾਂ ‘ਚ ਸੀ, ਪੰਜਾਬੀ ‘ਚ ਲਿਖੀ ਹੀਰ ਦੇ ਆਖਰੀ ਬੈਂਤ ਹਨ:
ਦੋਹਾਂ ਦਰਬਾਨ ਥੀਂ ਸਫਰ ਕੀਤਾ, ਜਾਇ ਰੱਬ ਦੇ ਉਹ ਹੋਲੇ ਹਜੂਰੀ।
ਦੋਵੇ ਰਾਹਿ ਮਿਜਾਜ਼ ਵਿੱਚ ਰਹੈ ਸਾਬਤਿ, ਵਿੱਚ ਹਕ ਦੇ ਜਿਨਾਂ ਪਾਈ ਸਬੂਰੀ।
ਮੁਕਬਲ ਦੀਆਂ ਦੋ ਰਚਨਾਵਾਂ ਮਿਲਦੀਆਂ ਹਨ। ਹੀਰ ਦਾ ਕਿਸਾ ਬੈਂਤ ਵਿੱਚ ਅਤੇ ਜੰਗ ਨਾਮਾ ! ਮੁਕਬਲ ਦੀ ਹੀਰ ਢੁਕ, ਢੰਗ ਅਹਿਮਦ ਵਾਂਗੂ ਨਾਟਕੀ ਹੈ। ਹੀਰ ਮੁਕਬਲ ਦੇ 356-ਬੰਦ ਸਨ।
ਵਾਰਸ ਸ਼ਾਹ ਨੇ ਹੀਰ ਦਾ ਕਿੱਸਾ ਬੈਂਤਾਂ ਵਿੰਚ ਚੋਖਾ ਖਿੰਡਰਾ ਕੇ ਲਿਖਿਆ। ਇਸ਼ਕ ਨੂੰ ਤਾਂ ਇਹ ਰਾਂਝੇ ਦੇ ਮੂੰਹੋਂ ਇਉ਼ ਖਜਲਵਾਉਂਦਾ ਹੈ:
‘‘ਹੀਰੇ ਇਸ਼ਕ ਦਾ ਮੂਲ ਸਵਾਦ ਦੇਂਦੇ, ਨਾਲ ਚੋਰੀਆਂ ਅਤੇ ਉਧਾਲਿਆ ਦੇ।“
ਵਾਰਸ ਨੇ ਪਈ ਲਕੀਰ ਨੂੰ ਡੂੰਘਾ ਕੀਤਾ ਅਤੇ ਘੱਟ ਤੋਂ ਘੱਟ ਅਹਿਮਦ ਤੇ ਮੁਕਬਲ ਦੀਆਂ ਹੀਰਾਂ ਤੋਂ ਫਾਇਦਾ ਉਠਾਇਆ। ਜਦੋਂ ਵੀ ਪੰਜਾਬੀ ਦਾ ਕੋਈ ਕੋਸ਼ ਬਣੇਗਾ ਉਸ ਵਿੱਚ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਅਤੇ ਵਾਰਸ ਸ਼ਾਹ ਦੀ ਸਾਰੀ ਦੀ ਸਾਰੀ ਸ਼ਬਦਾਵਲੀ ਆਵੇਗੀ। ਵਾਰਸ ਨੇ ਆਪਣੀ ਹੀਰ 1763 ਈ: ਵਿੱਚ ਮੁਕਾਈ। ਕੇਸਰ ਸਿੰਘ ਤੇ ਸੇਵਾ ਸਿੰਘ ਛਿੱਬਰ ਪਿਉ ਪੁੱਤਰ ਸਨ। ਸੇਵਾ ਸਿੰਘ ਨੇ ਸੱਸੀ-ਪੁਨੂੰ ਦਾ ਕਿੱਸਾ ਬਹੁਤ ਹੀ ਹੁਨਰੀ ਢੰਗ ਨਾਲ ਮਜ਼ੇਦਾਰ ਭਾਸ਼ਾ ਵਿੱਚ ਰੱਚਿਆ। ਹਾਸ਼ਮ ਸ਼ਾਹ ਨੇ ਵੀ 1783 ਵਿੱਚ ਹੀਰ ਲਿਖੀ। ਸੁਤੰਤਰ ਪੰਜਾਬ (1799-1848) ਦੌਰਾਨ ਪੰਜਾਬੀ ਸਾਹਿਤ ਅੰਦਰ ਇਕ ਵੱਡੀ ਤਬਦੀਲੀ ਆਈ।
ਕਿੱਸਿਆ ਦੀ ਗਿਣਤੀ ਵੱਧੀ, ਬਹਿਰਾਮ ਗੋਰ, ਚੰਦਰ ਭਮਾ, ਲੈਲਾ ਮਜਨੂੰ, ਕਾਮ ਰੂਪ ਸੋਹਣੀ, ਕਾਮਲਤ, ਨਲ-ਦਮਿਅਤੀ, ਰਾਜ ਬੀਬੀ ਨਾਮਦਾਰ, ਸੈਫ਼ਲ ਮਲੂਕ, ਸ਼ੀਰੀ-ਫਰਿਆਦ, ਚੰਦਰ ਬਦਨ ਮੇਆਰ, ਹਾਤਮਤਾਈ ਆਦਿ ਪਿਆਰ ਕਹਾਣੀਆਂ ਦੇ ਕਿੱਸੇ ਸਾਹਮਣੇ ਆਏ। ਹਾਸ਼ਮ ਪਿੰਡ ਜਗਦੇਓ ਕਲਾਂ (ਅੰਮ੍ਰਿਤਸਰ) ਜੋ ਸੱਸੀ ਪੁਨੂੰ ਤੇ ਸ਼ੀਰੀ-ਫ਼ਰਆਦ ਦਾ ਲੇਖਕ ਸੀ। ਯੂਸਫ਼-ਜੁਲੈਖਾ ਦਾ ਕਿੱਸਾ ਵੀ 16-ਵੀਂ ਸਦੀ ਦੌਰਾਨ ਪੰਜਾਬੀ ਵਿੱਚ ਜਨਮਿਆ, ਗਾਇਆ ਗਿਆ ਸੀ।
ਪੰਜਾਬ ਦੇ ਸ਼ੁਰੂ ਤੋਂ ਹੀ ਇਕ ਸਰਹੱਦੀ ਸੂਬਾ ਰਿਹਾ ਹੈ। ਇਸੇ ਕਰਕੇ ਜੰਗਾਂ-ਯੁੱਧਾਂ ਕਰਕੇ ਪੰਜਾਬੀਆਂ ਅੰਦਰ ਜਨ-ਚੇਤਨਾ, ਫੁਰਤੀ ਅਤੇ ਸਾਡੌਲਪੁਣਾਂ ਉਨ੍ਹਾਂ ਦੇ ਜੱਦੀ-ਪੁਸ਼ਤੀ ਵਿਰਸਤੀ ਗੁਣ ਹਨ। ਜਿਸ ਕਰਕੇ ਇਸ ਇਤਿਹਾਸਕ ਵਿਲੱਖਣਤਾ ਕਰਕੇ ਪੰਜਾਬੀ ਸਭਿਆਚਾਰ ਦੇ ਜਮਾਤੀਕਰਣ ਅੰਦਰ ਸਰਬ-ਸਾਂਝੀਵਾਲਤਾ, ਨਿਆਪੂਰਣ ਮਨੁੱਖੀ ਸਮਾਨਤਾ ਅਤੇ ਮਨੁੱਖੀ ਆਚਰਣ ਦੀ ਉੱਚਤਾ, ਕਿਰਤੀ ਦੀ ਮਹਿਮਾਂ ਅਤੇ ਸਰਬਤ ਦਾ ਭਲਾ ਉਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਭਾਵੇਂ ਪੰਜਾਬੀ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਆ ਰਹੇ ਹਨ, ਫਿਰ ਵੀ ਪਿਆਰ ਪੱਖੋ ਅਤੇ ਪ੍ਰੇਮ-ਕਥਾਵਾਂ ਅੰਦਰ ਪੰਜਾਬੀ ਸਾਹਿਤ ਦੇ ਪੱਤਰੇ ਪਿਆਰ ਕਹਾਣੀਆਂ ਨਾਲ ਭਰੇ ਪਏ ਹਨ। ਇਹ ਪਿਆਰ ਕਥਾਵਾਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਅੰਦਰ ਇਕ ਵੱਡਮੁੱਲੇ ਸਾਹਿਤ ਦਾ ਅਮਰ ਹਿੱਸਾ ਬਣ ਗਈਆਂ ਹਨ।
ਪੰਜ-ਦਰਿਆਵਾਂ (ਹੁਣ ਨਹੀਂ) ਦੀ ਇਸ ਧਰਤੀ ਜਿੱਥੇ ਦਸ ਗੁਰੂਆਂ ਤੋ਼ ਬਿਨਾਂ ਬਹੁਤ ਸਾਰੇ ਸੰਤਾਂ, ਰਿਸ਼ੀਆਂ, ਮੂੰਨੀਆਂ ਤੇ ਪੀਰਾਂ ਫਕੀਰਾਂ ਨੇ ਜਨਮ ਲਿਅ ਅਤੇ ਇਸ ਨੂੰ ਰੁਸ਼ਨਾਇਆ ਤੇ ਇਕ ਜਿਊਂਦਾ ਜਾਗਦਾ ਮਨੁੱਖੀ ਇਤਿਹਾਸ ਕਾਇਮ ਕਰਕੇ ਪੰਜਾਬ ਨੂੰ ਹਰ ਪੱਖੋ ਗਤੀਸ਼ੀਲ ਬਣਾ ਦਿੱਤਾ। ਭਾਵੇਂ ਲਗਾਤਾਰ ਇਸ ਖਿਤੇ ਵਿੱਚ ਸ਼ਾਂਤੀ ਨਾ ਰਹਿਣ ਕਰਕੇ ਪੰਜਾਬ ਕਲਾ ਤੇ ਸਾਹਿਤ ਪੱਖੋ ਕਦੋ ਪਿਛੇ ਰਹਿ ਗਿਆ ਸੀ। ਪਰ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਮੁੱਲੀ ਦੇਣ ਨੇ ਇਸ ਘਾਟ ਨੂੰ ਸਦਾ ਲਈ ਦੂਰ ਕਰ ਦਿੱਤਾ ਤੇ ਅਮਰ ਬਣਾ ਦਿੱਤਾ।
‘‘ਨਚਣੁ ਕੁਦਣੁ ਮਨ ਕਾ ਚਾਉ (ਪੰਨਾ 465 ਗੁਰੂ ਗ੍ਰੰਥ ਸਾਹਿਬ)“
ਪੰਜਾਬੀ ਸਭਿਆਚਾਰ ਅਤੇ ਉਤਰ-ਪੱਛਮੀ ਭਾਰਤ ਦੇ ਸੂਬੇ ਪੰਜਾਬ ਅੰਦਰ ਸਦੀਆਂ ਤੋਂ ਲੋਕ ਪ੍ਰੇਮੀ, ‘ਪਿਆਰ-ਥਾਵਾਂ ਦੇ ਨਾਇਕਾਵਾਂ ਹੀਰ, ਸੋਹਣੀ, ਸਾਹਿਬਾਂ ਅਤੇ ਪੰਜਾਬੋ ਹਟ ਕੇ ਹੋਰ ਪਿਆਰ ਕਥਾਵਾਂ ਸੱਸੀ-ਪੁਨੂੰ, ਸ਼ੀਰੀ-ਫਰਿਆਦ, ਲੈਲਾ-ਮਜਨੂ, ਯੂਸਫ਼-ਜ਼ੁਲੈਖਾ, ਹਾਤਮਤਾਈ ਆਦਿ ਅੰਦਰ ਅਮਰ ਪਿਆਰ ਕਹਾਣੀਆਂ ਨੂੰ ਪੀੜ੍ਹੀ ਦਰ ਪੀੜ੍ਹੀ ਅੱਜ ਵੀ ਕਿਸੇ ਨਾ ਕਿਸੇ ਰੂਪ ਵਜੋਂ ਯਾਦ ਕੀਤਾ ਜਾ ਰਿਹਾ ਹੈ। ਇਨ੍ਹਾਂ ਪਿਆਰ ਕਥਾਵਾਂ ਅੰਦਰ ਨਾਇਕਾਵਾਂ ਨੇ ਆਪਣੇ ਸਰੀਰ ਜਾਂ ਆਤਮਾਂ ਦਾ ਮੋਹ ਨਾ ਕੀਤਾ, ਸਗੋਂ ਪਿਆਰ (ਇਸ਼ਕ-ਹਕੀਕੀ) ਦੀ ਖਾਤਰ ਆਪਣਾ ਆਪ ਕੁਰਬਾਨ ਕਰਕੇ ‘‘ਅਮਰ“ ਹੋਣ ਦਾ ਰੁਤਬਾ ਪ੍ਰਾਪਤ ਕੀਤਾ। ਬਹੁਤ ਸਾਰੀਆਂ 27 ਤੋਂ ਵੱਧ, ‘ਅਤਿ ਸੁੰਦਰ ਇਸਤਰੀਆਂ ਜੋ ਗਿਆਨਵਾਨ ਅਤੇ ਸਮੋਹਕ ਸ਼ਕਤੀਵਾਨ ਸਨ, ਜਿਨ੍ਹਾਂ ਦਾ ਵਰਣਨ ਉਨ੍ਹਾਂ ਦੀ ਪ੍ਰਤੀਭਾ ਕਾਰਨ ਰਿਗਵੇਦ ਵਿੱਚ ਅੰਕਿਤ ਹੈ।
ਇੰਦਰਾਣੀ, ਸ਼ਾਂਦ ਗਮਾਤਾ, ਰੋਮਾ, ਸ਼ੇਰਵਸੀ, ਲੋਪਮੁਦਰਾ, ਨਾਟਿਅਮਯਮੀ, ਨਾਰੀ, ਸ਼ਰਮਵਤੀ, ਸ਼ਰੀਰ, ਲਕਸ਼ਮੀ, ਸਰਪਰਜਨੀ, ਵਾਕਸ਼ਰਥਾ, ਅੋਸ਼ਾ, ਸੂਰੀਆ, ਸਵਿਤਰੀ, ਕੱਤਰੀ, ਦਕਸ਼ਿਣਾ, ਸੇਧਾ ਸਿਕਤਾ, ਕਿਦਾਵਰੀ, ਬ੍ਰਹਮਾ, ਦਾਨਯਾ, ਤ੍ਰਿਪਤਾ ਆਦਿ ਏਨੀਆਂ ਗਿਆਨਵਾਨ ਸਨ, ‘ਕਿ ਉਨ੍ਹਾਂ ਦੀ ਰਚਨਾ ਪੰਜਾਬ ਦੀ ਧਰਤੀ ‘ਤੇ ਰੱਚੇ ਰਿਗਵੇਦ ਦਾ ਇਕ ਹਿੱਸਾ ਬਣ ਗਈ। ਇਹੀ ਕਾਰਨ ਹੈ, ‘ਕਿ ਪਜੰਾਬ ਦੇ ਇਤਿਹਾਸ ਅੰੰਦਰ ਜਮੀਨ, ਜਲ ਅਤੇ ਜੰਗਲ ਜਿਹੇ ਕੁਦਰਤੀ ਸ੍ਰੋਤਾਂ ਜਿਨ੍ਹਾਂ ਨੇ ਪੰਜਾਬ ਸੱਭਿਆਚਾਰ ਨੂੰ ਜਨਮ ਦਿੱਤਾ। ਹਰ ਕਲਾਂ ਅੰਦਰ ਚਾਹੇ ਉਹ ਧਾਰਮਿਕ ਚਿੰਨ੍ਹ ਹਨ, ਬੋਲੀ ਹੈ, ਸੰਗੀਤ ਹੈ,ਕਲਾ ਹੈ, ਗੀਤ-ਸੰਗੀਤ, ਚਿੱਤਰਕਲਾ, ਫੌਜੀ ਜੀਵਨ, ਖੇਡਾਂ, ਖੁਰਾਕ, ਪਹਿਰਾਵਾ, ਗੈਹਣੇ, ਆਦਿ ਸਨ ਦਾ ਇਤਿਹਾਸਕ ਪਿਛੋਕੜ ਅੱਜ ਲੋਕ-ਕਥਾਵਾਂ ਅੰਦਰ ਬੀਤੇ ਦੀਆਂ ਪ੍ਰੇਮ-ਕਥਾਵਾਂ ਦਾ ਇਕ ਪੰਜਾਬੀ ਵਿਰਸਾ ਬਣ ਗਿਆ ਹੈ।
ਪੰਜਾਬ ਅੰਦਰ ਲੋਕ ਕਥਾਵਾਂ ਜਿਹੜੀਆਂ ਕਬੀਲਾ ਯੁੱਗ ਤੋਂ ਲੈ ਕੇ ਮੌਜੂਦਾ ਪੂੰਜੀਵਾਦੀ ਯੁੱਗ ਤਕ ਪੁਜੀਆਂ ਜਿਨ੍ਹਾਂ ਦਾ ਪਿਛੋਕੜ ਕਬੀਲਿਆਂ ਅੰਦਰ ਜੰਗ, ਸਾਮੰਤਵਾਦੀ ਲੜਾਈਆਂ, ਆਲਮੀ ਜੰਗਾਂ ਸਨ ਇਨ੍ਹਾਂ ਦੇ ਵਰਗੀ ਸਬੰਧਾਂ ਨੇ ਹੀ ਪ੍ਰੇਮ-ਕਥਾਵਾਂ ਨੂੰ ਵੀ ਜਨਮ ਦਿੱਤਾ। ਸ਼ਾਇਦ ਇਸੇ ਕਰਕੇ ਹਰ ਮੋੜ ਅੰਦਰ ਵਾਪਰੀਆਂ ਘਟਨਾਵਾਂ ਨੇ, ਜਵਾਨ ਪਤੀ, ਪੁੱਤ, ਯੋਧੇ ਅਤੇ ਕਲਪਨਿਕ ਵਿਛੋੜੇ ਤੇ ਪ੍ਰੇਮ ਸਬੰਧਾਂ ਰਾਹੀ ਇਕ ਜਵਾਨ ਇਸਤਰੀ ਦੇ ਮਨ ਵਿੱਚੋਂ ਨਿਕਲੀ ਭਾਵਨਾ ਨੂੰ ਬਿਰਹਾਂ ਦੇ ਰੂਪ ਵਿੱਚ ਲੋਕ ਪਿਆਰ ਗੀਤਾਂ ਨੂੰ ਸਮੇਂ ਦੇ ਕਵੀਆਂ, ਗੀਤਕਾਰਾਂ ਤੇ ਕਿੱਸਾਂਕਾਰਾ ਨੇ ਜਨਮ ਦਿੱਤਾ। ਉਸ ਸਮੇਂ ਦੇ ਕਲਾਕਾਰਾਂ ਨੇ ਆਪਣੀ ਸੂਝ ਤੇ ਅੰਤਰ-ਮੁੱਖੀ ਹਲਾਤਾਂ ਅਨੁਸਾਰ ਆਪਣੀਆਂ ਰਚਨਾਵਾਂ ਅੰਦਰ ਪੇ੍ਰਮ-ਭਾਵਨਾ, ਦ੍ਰਿਸ਼ਾਂ, ਕੁਦਰਤੀ ਨਜ਼ਾਰਿਆਂ ਤੇ ਕੁਦਰਤ ਨੂੰ ਪੇਸ਼ ਕੀਤਾ।
ਹੀਰਾਂ, ਸਾਹਿਬਾਂ, ਸੱਸੀਆਂ, ਲੇਲਾਂ, ਜ਼ੁਲੈਖਾਂ ਦੇ ਹੁਸਨ, ਨਿਜ਼ਾਕਤ, ਸ਼ਿੰਗਾਰ-ਰਸ ਨੂੰ, ਉਨ੍ਹਾਂ ਦੀ ਮੋਰਾਂ ਵਾਲੀ ਚਾਲ ਨੂੰ, ਨੱਚਦਿਆਂ-ਗਾਉਦਿਆਂ, ਛੱਪੜਾਂ, ਖੂਹਾਂ ਤੇ ਨਦੀਆਂ ਤੋਂ ਪਾਣੀ ਭਰਦਿਆਂ, ਚਰਖਾ ਕੱਤਦਿਆ, ਪਿਪਲਾ ‘ਤੇ ਪੀਘਾਂ ਝੂਟਦਿਆ, ਹਾਰ-ਸ਼ਿੰਗਾਰ ਕਰਦੀਆਂ, ਦੰਦਾਸਾ ਮਲਦਿਆ, ਅੱਖਾਂ ‘ਚ ਕਜਲਾ ਪਾਉਦਿਆਂ, ਸਾਗ ਤੋੜਦਿਆਂ, ਰੋਟੀ ਪਕਾਉਂਦਿਆਂ, ਮੱਖਣ ਕੱਢਦਿਆਂ, ਪਸ਼ੂਆਂ ਨੂੰ ਪੱਠੇ ਪਾਉਂਦਿਆਂ, ਵਿਆਹ ਸ਼ਾਦੀਆਂ ਤੇ ਖੁਸ਼ੀਆਂ ਗਮੀਆਂ ‘ਤੇ ਢੁੱਕਦਿਆ, ਗਲ ਕੀ ? ਜਿੰਦਗੀ ਦੇ ਹਰ ਪਲ ਦੇ ਵਾਕਿਆਤ ਨੂੰ ਪੇਸ਼ ਕੀਤਾ। ਰੋਸੇ, ਗੁੱਸੇ ਤੇ ਨਜ਼ਾਕਤਾਂ ਨੂੰ ਸਭ ਕਿਸਾਕਾਰਾਂ, ਲਿਖਾਰੀਆਂ ਅਤੇ ਕਥਾਕਾਰਾਂ ਨੇ ਇਨ੍ਹਾਂ ਪੇ੍ਰਮ-ਕਹਾਣੀਆਂ ਅੰਦਰ ਪੇਸ਼ ਕੀਤੀ ਵਿਧਾ ਰਾਹੀਂ ਇਸਤਰੀ ਨੂੰ ਕਹਾਣੀਆਂ ਦੀ ਪਾਤਰ ਜਾਂ ਅਲੌਕਿਕ ਸੁੰਦਰ ਮੁਟਿਅਰਾਂ ਵੱਜੋ ਨਹੀਂ ਅਤੇ ਨਾ ਹੀ ਵੇਸਵਾ ਜਾਂ ਆਮ ਮੁਜਰਾ ਕਰਨ ਵਾਲੀਆਂ ਦੇ ਰੂਪ ਵਿੱਚ ਪੇਸ਼ ਕੀਤਾ ਹੈ।ਸਗੋਂ ‘ਤੇ ਸਗੋਂ ਇਨ੍ਹਾਂ ਪਿਆਰ-ਕਹਾਣੀਆ ਅੰਦਰ ਇਸਤਰੀ ਦਾ ਇਕ ਚਰਿਤਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਹਿਜ਼ ਤੇ ਆਮ ਹੈ।
‘‘ਚੰਨ ਗੋਰੀਆਂ ਰੰਨਾਂ ਨੂੰ ਵੇਖੇ, ਸੂਰਜ ਤਪ ਕਰਦਾ।“
ਪੰਜਾਬੀਆਂ ਨੂੰ ਸਦਾ ਹੀ ਵਿਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਦੇਸ਼ ਪ੍ਰੇਮ ਅਤੇ ਕੁਰਬਾਨੀ ਉਨ੍ਹਾਂ ਦੇ ਜੀਵਨ ਦਾ ਇਕ ਹਿੱਸਾ ਹੈ। ਪਰ ਦੂਸਰੇ ਪਾਸੇ ਪਿਆਰ ਦਾ ਦਰਿਆ ਵੀ ਠਾਠਾ ਮਾਰਦਾ ਹੈ। ਕੁਰਬਾਨੀ ਅਤੇ ਪਿਆਰ ਦੋਨੇ ਪੰਜਾਬੀਆਂ ਅੰਦਰ ਅਮਰ ਹਨ। 8-ਵੀਂ ਸਦੀ ਵੇਲੇ ਪਨਪੇ ਸੂਫ਼ੀਅਵਾਦ ਨੇ ਪੰਜ-ਦਰਿਆਵਾਂ ਦੇ ਕੰਢਿਆ ਅਤੇ ਪਾਲਿਆ ਉਪਰ ਉਸਾਰੀਆਂ ਮਸਜਿਦਾਂ ਤੇ ਤਨਖਾਹਾਂ ਦੀ ਥਾਂ ਆਪਣੇ ਦਿਲਾਂ ਅੰਦਰ ਪਿਆਰ-ਮੁਹੱਬਤ ਨੂੰ ਰੱਬ ਦਾ ਘਰ ਬਣਾਇਆ।
‘‘ਰਾਂਝਾ-ਰਾਂਝਾ ਕਰਦੀ ਨੀ ਮੈ ਆਪੇ ਰਾਂਝਾ ਹੋਈ (ਬੁਲ੍ਹੇਸ਼ਾਹ), ਕਾਲੀ ਕੋਇਲ ਤੂੰ ਕਿਤ ਗੁਨ ਕਾਲੀ“ (ਫਰੀਦ ਜੀ)
ਇਸ ਤਰ੍ਹਾਂ ਪਿਆਰ ਨੂੰ ਰੱਬ ਦੀ ਪੂਜਾ ਦੇ ਬਰਾਬਰ ਰੁਤਬਾ ਦੇ ਕੇ ਦੁਪਾਸੜ ਬਣਾ ਦਿੱਤਾ।
ਪੰਜਾਬੀ ਸੱਭਿਆਚਾਰ ਅੰਦਰ ਜਦੋਂ ਤੱਕ ਜੀਵਨ ਅਤੇ ਯਦਾਰਥ ਦਾ ਮੇਲ ਹੈ, ਪ੍ਰੇਮ-ਕਹਾਣੀਆਂ ਅੰਦਰ ਕਾਵਿਤਾ ਦੀ ਹਕੀਕਤ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ ਹੈ, ਭਾਵੇਂ ਕਵਿਤਾ ਇਸ਼ਕ ਨੂੰ ਸ਼ਰਧਾਂਜਲੀ ਹੀ ਦੇ ਰਹੀ ਹੋਵੇ।ਹਕੀਕਤ ਦੇਖੋ: ‘‘ਗੋਰੀ ਨਹਾ ਕੇ ਛੱਪੜ ਚੋਂ ਨਿਕਲੀ, ਸੁਲਫੇ ਦੀ ਲਾਟ ਵਰਗੀ।“ ਭਾਵ ਉਸਦਾ ਚਿਤਰਣ ਅਸਮਾਨ ਤੋਂ ਉਤਰੀ ਅਪਸਰਾ ਜਾਂ ਪਰੀਆਂ ਵਰਗਾ ਨਹੀਂ ਜਿਹੜੀ ਮਾਨ ਸਰੋਵਰ ਝੀਲ ਵਿੱਚੋ ਨਹਾ ਕੇ ਆਈ।ਸਗੋਂ ਉਸ ਦਾ ਚਿਤਰਨ ਆਮ ਧਰਤੀ ‘ਤੇ ਵਿਚਰ ਰਹੀਆਂ ਇਸਤਰੀਆਂ ਵਰਗਾ ਹੈ।
ਪੰਜਾਬ ਅੰਦਰ ਸਦੀਆਂ ਤੋਂ ਹੀਰਾਂ, ਸੋਹਣੀਆਂ, ਸਾਹਿਬਾਂ, ਸੱਸੀਆਂ ਆਦਿ ‘ਤੇ ਪ੍ਰੇਮ ਵਿੱਚ ਕੁਰਬਾਨ ਹੋਈਆਂ ਹੋਰ ਕਈ ਸੁੰਦਰ ਮੁਟਿਆਰਾਂ ਦੀਆਂ ਪਿਆਰ ਕਹਾਣੀਆਂ ਪੀੜੀ ਦਰ ਪੀੜੀ ਸੁਣਾਈਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੀ ਮਿੱਠੀ ਯਾਦ ਇਸ ਲਈ ਅਮਰ ਹੈ, ‘ਕਿ ਉਹ ਪਿਆਰ ਲਈ ਕੁਰਬਾਨ ਹੋਈਆਂ ! ਉਹ ਇਸ ਲਈ ਨਹੀਂ, ‘ਕਿ ਉਨ੍ਹਾਂ ਦੇ ਪ੍ਰੇਮੀ ਪਿਆਰ ਖਾਤਰ ਕੁਰਬਾਨ ਹੋਏ। ਇਨ੍ਹਾਂ ਪਿਆਰ ਰੱਤੀਆ ਨੌਜਵਾਨ ਸੁੰਦਰੀਆਂ ਨੇ ਇਸ ਸਮਾਜ ਦੇ ਬੰਧਨਾਂ ਨੂੰ ਚੂਰ-ਚੂਰ ਕਰਨ ਲਈ ਟੱਕਰਲਈ। ਕਿਉਂਕਿ ਉਨ੍ਹਾਂ ਦਾ ਪਿਆਰ ਹੀ ਉਨ੍ਹਾਂ ਲਈ ਸਭ ਕੁਝ ਸੀ। ਆਪਣੇ ਇਸ਼ਟ ਦੀ ਖਾਤਰ ਹੀ ਉਨ੍ਹਾਂ ਨੇ ਆਪਣੇ ਸਰੀਰ ਜਾਂ ਆਦਮਾਂ ਦੇ ਕਸ਼ਟਾਂ ਦੀ ਪਰਵਾਹ ਨਾ ਕਰਦਿਆਂ ਜੀਵਨ ਦੀ ਅਹੂਤੀ ਦੇ ਦਿੱਤੀ।
ਹੀਰ ਰਚਿਤ ਵਾਰਸ ਸ਼ਾਹ ਦੀ ਕਾਵਿ ਰਚਨਾ ਦੀਆਂ ਜੜ੍ਹਾਂ ਇਸ ਫਲਸਫੇ ਨਾਲ ਜੁੜੀਆਂ ਹੋਈਆਂ ਹਨ ਕਿ ਦੁਨੀਆਂ ਇਸ਼ਕ ਤੇ ਕਾਇਮ ਹੈ।
‘‘ਅਵਲ ਹਮਦ ਖੁਦਾ ਦਾ ਵਿਰਦ ਕੀਜੇ, ਇਸ਼ਕ ਕੀਤਾ ਹੈ ਜੱਗ ਦਾ ਮੂਲ ਮੀਆਂ।“
ਕਿਸਾਕਾਰੀ ਦੇ ਇਸ ਵਿਸ਼ਵਾਸ਼ ਨੇ ਹੀ ਪੰਜਾਬ ਅੰਦਰ ਇਸਤਰੀ ਨੂੰ ਰੌਮਾਂਚ ਵਾਲੀ ਆਤਮਾ ਦਿੱਤੀ। ਇਸਤਰੀ ਸੱਚ ਕਹਿਣ ਅਤੇ ਸੱਚ ਤੇ ਪੈਹਰਾ ਦੇਣ ਦਾ ਹੌਸਲਾ ਕਰਦੀ ਹੈ। ਇਸ ਲਈ ਇਹ ਵੀ ਕੁਦਰਤੀ ਹੈ, ‘ਕਿ ਸਾਨੂੰ ਅਜਿਹੀ ਕੋਈ ਇਸਤਰੀ ਨਾ ਦਿਸਦੀ ਹੋਵੇ ਜਿਹੜੀ ਪਿਆਰ ਲਈ ਘੁੱਟ-ਘੁੱਟ ਕੇ ਮਰ ਰਹੀ ਹੋਵੇ ਜਾਂ ਆਪਣਾ ਪਿਆਰ ਹਿੱਕ ਵਿੱਚ ਲੁਕੋਈ ਫਿਰਦੀ ਹੋਵੇ ? ਇਹੀ ਕਾਰਨ ਹੈ, ‘ਕਿ ਪਿਆਰ-ਕਹਾਣੀਆਂ ਦੀਆਂ ਸਾਰੀਆਂ ਇਸਤਰੀਆਂ ਹੌਸਲੇ ਵਾਲੀਆਂ ਅਤੇ ਗਤੀਸ਼ੀਲ ਚਰਿੱਤਰ ਵਾਲੀਆਂ ਹਨ। ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅੱਜ ਦੇ ਲੋਕ ਗੀਤਾਂ ਵਿੱਚ ਇਸਤਰੀਆਂ ਜੈਤੋ ਵਰਗੇ ਧਾਰਮਿਕ ਮੋਰਚਿਆ ‘ਚ ਸ਼ਾਮਲ ਹੋਈਆ। ਕਵੀ ਨੂੰ ਇਸਤਰੀਆਂ ਨੂੰ ਤੀਰਥ ਯਾਤਰਾ ਜਾਂਦੀਆਂ ਦੇਖ ਸੱਸੀ ਤੇ ਸੋਹਣੀ ਦਾ ਚੇਤਾ ਆਉਂਦਾ ਹੈ।
‘‘ਅੱਜ ਦੀਆਂ ਸੋਹਣੀਆਂ ਸੱਸੀਆਂ ਚੱਲੀਆ ਜੈਤੋ ਦੇ ਮੇਲੇ।“
ਕਿਸਾਨੀ ਮੋਰਚਿਆਂ ਵਿੱਚ ਸ਼ਮੂਲੀਅਤ ਇਸਤਰੀਆਂ ਦੀ ਨਿਡਰਤਾ ਦਾ ਸਬੂਤ ਹੈ।
ਪੰਜਾਬ ਦੀਆਂ ਪਿਆਰ ਕਥਾਵਾਂ ਅੰਦਰ ਜੋ ਲੋਕ ਮਕਬੂਲ ਹੋਈਆਂ ਕਹਾਣੀਆਂ ਉਨ੍ਹਾਂ ਵਿੱਚ ਹੀਰ, ਸੱਸੀ, ਸੋਹਣੀ, ਸਾਹਿਬਾਂ ਦੀਆਂ ਅਮਰ ਯਾਦਾਂ ਹਨ ਜੋ ਪੀੜ੍ਹੀ ਦਰ ਪੀੜ੍ਹੀ ਸੁਣਾਈਆਂ ਜਾਂਦੀਆਂ ਹਨ। ਇਹ ਉਨ੍ਹਾਂ ਦੀ ਨਿਡਰਤਾ, ਸਾਹਸ ਤੇ ਇਸ਼ਟ ਕਰਕੇ ਹੈ।
‘‘ਹੀਰ“ਝੰਗ ਸਿਆਲ ਦੇ ਜਿਮੀਦਾਰ ਚੂਚਕ ਦੀ ਧੀ ਸੀ। ਰਾਂਝੇ ਦੇ ਮਰ ਮਿਟਣ ਤੋਂ ਪਹਿਲਾ ਉਸ ਨੇ ਸਾਬਤ ਕਰ ਦਿੱਤਾ ਸੀ, ‘ਕਿ ਉਹ ਵੱਡੇ ਹੌਸਲੇ ਵਾਲੀ ਨੱਢੀ ਹੈ। ਪ੍ਰਚਲਤ ਕਹਾਣੀਆਂ ਅਨੁਸਾਰ ਸਾਂਬਲ ਸਰਕਾਰ ਨੂਰੇ ਨੇ ਇਕ ਸੁੰਦਰ ਬੇੜੀ ਬਣਵਾਈ ਸੀ, ਜਿਸ ਦਾ ਮਲਾਹ ਲੁੱਡਣ ਸੀ। ਨੂਰਾ ਦਾ ਨੌਕਰਾਂ ਪ੍ਰਤੀ ਵਤੀਰਾ ਬੜਾ ਅੱਖੜ ਸੀ। ਲੁੱਡਣ ਇਕ ਦਿਨ ਤੰਗ ਆ ਕੇ ਬੇੜੀ ਲੈ ਕੇ ਫਰਾਰ ਹੋ ਕੇ ਹੀਰ ਦੀ ਪਨਾਹ ‘ਚ ਚਲਾ ਗਿਆ। ਇਸ ਘਟਨਾ ਤੋਂ ਨੂਰਾ ਬਹੁਤ ਔਖਾ ਹੋਇਆ। ਉਸ ਦੇ ਕਰੇਂਦੇ ਲੁੱਡਣ ਨੂੰ ਫੜਨ ਨਿਕਲੇ। ਉਥੇ ਹੀਰ ਤੇ ਉਸਦੀਆਂ ਸਹੇਲੀਆਂ ਦੀ ਨੂਰੇ ਨਾਲ ਟੱਕਰ ਹੋ ਗਈ ਤੇ ਉਸ ਨੂੰ ਭਜਾ ਦਿੱਤਾ। ਇਸ ਘਟਨਾ ਦਾ ਹੀਰ ਦੇ ਭਰਾਵਾਂ ਨੂੰ ਜਦੋਂ ਪਤਾ ਲੱਗਾ ਤੇ ਕਿਹਾ ਕਿ ਜੇਕਰ ਕੋਈ ਘਟਨਾ ਵਾਪਰ ਜਾਂਦੀ। ਹੀਰ ਦਾ ਉਤਰ ਸੀ ਮਦਤ ਦੀ ਤੁਹਾਨੂੰ ਸੱਦਣ ਲਈ ਕੀ ਲੋੜ ਸੀ? ਤੇ ਕਿਹਾੜਾ ਅਕਬਰ ਬਾਦਸ਼ਾਹ ਚੜ੍ਹਾਈ ਕਰਨ ਆਇਆ ਸੀ।
ਇਹੋ ਹੀਰ ਸੀ ਜਿਸ ਨੇ ਰਾਂਝੇ ਦੇ ਇਸ਼ਕ ਵਿੱਚ ਆਪਾ ਵਾਰ ਦਿੱਤਾ ਤੇ ਕੂਕ ਉਠੀ ਸੀ,
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਆਖੋ ਨੀਂ ਮੈਨੂੰ ਧੀਦੋ ਰਾਂਝਾ ਹੀਰ ਆਖੇ ਕੋਈ।
ਜਦੋਂ ਹੀਰ ਦਾ ਵਿਆਹ ਉਸ ਦੇ ਮਾਪਿਆ ਨੇ ਉਸ ਦ ਮਰਜ਼ੀ ਵਿਰੁਧ ਖੇੜਿਆ ਨਾਲ ਕਰਨ ਦਾ ਫੈਸਲਾ ਕੀਤਾ ਤਾਂ ਇਹੋ ਹੀਰ ਕਾਜ਼ੀ ਨੂੰ ਨਿਕਾਹ ਕਰਾਉਣ ਵਿਰੁਧ ਚੁਣੌਤੀ ਦਿੰਦੀ ਬੋਲਦੀ ਹੈ: ਮੇਰਾ ਵਿਆਹ ਤਾਂ ਨਬੀ ਕਰੀਬ ਦੀ ਹਾਜ਼ਰੀ ਵਿੱਚ ਪਹਿਲੇ ਦਿਨ ਹੀ ਹੋ ਗਿਆ ਸੀ। ਤੈਨੂੰ ਪਹਿਲਾ ਹੋ ਚੁੱਕੇ ਨਿਕਾਹ ਨੂੰ ਰੱਦ ਕਰਕੇ ਦੂਜਾ ਨਿਕਾਹ ਪੜ੍ਹਾਉਣ ਦੀ ਆਗਿਆ ਕਿਸ ਨੇ ਦਿੱਤੀ ਹੈ ? ਸਮਾਜਕ ਦੁਖਾਂਤ ਇਹ ਹੈ ਕਿ ਤੇਰੇ ਵਰਗੇ ਈਮਾਨ ਦੇ ਰਾਖੇ ਵੱਢੀ ਖਾਕੇ ਆਪਣਾ ਈਮਾਨ ਤੇ ਦੀਨ ਵੇਚਦੇ ਹਨ। ਹੀਰ ਆਪਣੀ ਦ੍ਰਿੜਤਾ ਪ੍ਰਗਟ ਕਰਦੀ ਹੈ,
‘ਵਾਰਸ਼ ਸ਼ਾਹ ਨਾ ਮੁੜਾਂ ਮੈੈਂ ਰਾਂਝਣੇ ਤੋਂ, ਭਾਵੇ ਬਾਪ ਦੇ ਬਾਪ ਦਾ ਬਾਪ ਆਵੇ !`
ਹੀਰ ਦਾ ਨਿਕਾਹ ਖੇੜਿਆ ਦੇ ਸੈਦੇ ਨਾਲ ਕਰ ਦਿੱਤਾ ਜਾਂਦਾ ਹੈ।ਪਰ ਉਹ ਰਾਂਝੇ ਨੂੰ ਭੁਲਦੀ ਨਹੀਂ। ਰਾਂਝਾ ਯੋਗੀ ਬਣ ਕੇ ਉਸਦੇ ਸਹੁਰੇ ਪਿੰਡ ਆ ਜਾਂਦਾ ਹੈ। ਦੋਵੇ ਪ੍ਰੇਮੀ ਇਕ ਕਹਾਵਤ ਅਨੁਸਾਰ ਗਾਇਬ ਹੋ ਜਾਂਦੇ ਹਨ। ਜਦੋਂ ਮਾਪਿਆ ਨੂੰ ਪਤਾ ਲੱਗਦਾ ਹੈ ਤਾਂ ਉਹ ਪਛਤਾਉਂਦੇ ਹਨ ਤੇ ਹੀਰ ਨੂੰ ਰਾਂਝੇ ਨਾਲ ਤੋਰਨ ਦਾ ਇਕਰਾਰ ਕਰਦੇ ਹਨ। ਪਰ ਇਕ ਧੋਖੇ ਰਾਹੀ ਉਸ ਨੂੰ ਜ਼ਹਿਰ ਦੇ ਦਿੱਤਾ ਜਾਂਦਾ ਹੈ। ਭਾਵੇ ਇਸ ਪਿਆਰ ਗਾਥਾ ਅੰਦਰ ਹੀਰ ਤੇ ਰਾਂਝਾ ਆਪਣਾ ਘਰ ਨਹੀਂ ਵਸਾ ਸਕਦੇ। ਪਰ ਲੋਕ ਗੀਤਾਂ ਵਿੱਚ ਹੀਰ ਤੇ ਰਾਂਝੇ ਨੂੰ ਰਾਜ਼ੀ ਖੁਸ਼ੀ ਇਕ ਦੰਪਤੀ ਜੀਵਨ ਬਿਤਾਦਿਆਂ ਦਰਸਾਇਆ ਜਾਂਦਾ ਹੈ। ਜਦੋਂ ਵੀ ਕੋਈ ਪਿਆਰ ਦੀ ਖਾਤਰ ਸਮਾਜ ਨਾਲ ਟੱਕਰ ਲੈ ਕੇ ਮੁਸ਼ਕਿਲਾਂ ਦਾ ਟਾਕਰਾ ਕਰਦਾ ਹੈ ਤਾਂ ਇਹ ਲੋਕ ਚਰਚਾ ਸਾਹਮਣੇ ਆਉਂਦੀ ਹੈ।
‘‘ਚਲ ਸਖੀਏ ਰਲ ਵੇਖਣ ਚਲੀਏ ਰਾਂਝਣ ਦਾ ਚੁਬਾਰਾ, ਹੀਰ ਵਿਚਾਰੀ ਇੱਟਾਂ ਢੌਏ ਰਾਂਝਾ ਢੋਏ ਗਾਰਾ“
ਹੀਰ ਦੀ ਦ੍ਰਿੜਤਾ ਤੇ ਬਲੀਦਾਨ ਸਦਕਾ ਇਹ ਪਿਆਰ ਕਹਾਣੀ ਪੰਜਾਬ ਦੀ ਧਾਰਮਿਕ ਕਵਿਤਾ ਵਰਗੇ ਆਦਰ ਪੂਰਣ ਦਰਜੇ ਤੇ ਪਹੁੰਚੀ ਹੋਈ ਹੈ। ਹੀਰ ਇਕ ਮੁਸਲਮਾਨ ਇਸਤਰੀ ਸੀ, ਪਰ ਫਿਰ ਵੀ ਜਦੋਂ ਵੀ ਹੀਰ ਵਰਗੇ ਕਿਸੇ ਗੈਰ ਮੁਸਲਮਾਨ ਕੁੜੀ ਦੇ ਵਿਆਹ ਦੀ ਗਲ ਚਲਦੀ ਹੈ ਤਾਂ ਹੀਰ ਦੀ ਕਹਾਣੀ ਦਾ ਜ਼ਿਕਰ ਸੁੱਤੇ-ਸਿੱਧ ਆ ਜਾਂਦਾ ਹੈ,‘ਪੰਡਤ ਜੀ ਆਉ ਪੜ ਦਿਉ ਮੰਤਰ, ਕਰ ਦਿਉ ਫੇਰੇ ਹੀਰ ਦੇ।` ਸਮਾਜ ਅੰਦਰ ਅਸੀਂ ਭੁੱਲ ਜਾਂਦੇ ਹਾਂ ਕਿ ਹੀਰ ਦੇ ਨਿਕਾਹ ਲਈ ਕਾਜੀ ਸੀ, ਪੰਡਤ ਨਹੀਂ। ਪਰ ਪਿਆਰ ਗਾਥਾ ਵੱਲੋਂ ਪੈਦਾ ਕੀਤੇ ਰੌਮਾਂਸ ਦੇ ਜ਼ੋਰ ਦਾ ਇਹ ਸ਼ਿਖਰ ਹੈ ਤੇ ਸੰਸਾਰ ਦੇ ਸਾਰੇ ਧਰਮ ਇਹ ਪਿਆਰ ਅੱਗੇ ਸਿਜ਼ਦਾ ਕਰਦੇ ਹਨ।
ਸੋਹਣੀ ਝਨਾ ਦਰਿਆ ਦੇ ਕੰਢੇ ਵੱਸਦੇ ਸ਼ਹਿਰ ਗੁਜਰਾਤ ਦੇ ਇਕ ਤੁਲੇ ਘੁਮਿਆਰ ਦੀ ਧੀ ਸੀ। ਉਹ ਸੋਹਣੀ, ਨਾ ਸੋਹਣੀ ਤੇ ਗੁਣਾਂ ਪੱਖੋ ਵੀ ਸੋਹਣੀ ਸੀ। ਆਪਣੇ ਜੱਦੀ ਪੁਸ਼ਤੀ ਕੰਮ ਭਾਂਡੇ ਬਣਾਉਣ, ਚੱਕ ਤੇ ਬਣਦੀਆਂ ਮਿੱਟੀ ਦੀਆਂ ਸੁਰਾਹੀਆਂ ਅਤੇ ਹੋਰ ਭਾਂਡਿਆਂ ਤੇ ਉਹ ਫੁੱਲ-ਬੂਟੇ ਬਣਾ ਕੇ ਮਿੱਟੀ ਦੇ ਭਾਂਡਿਆਂ ‘ਚ ਜਾਨ ਭਰਨ ਦੀ ਕਲਾਤਮਕ ਮਾਹਿਰ ਸੀ। ਇਕ ਵਾਰ ਬਲਖ ਬੁਖਾਰੇ ਦਾ ਅਮੀਰ ਸੌਦਾਗਰ ‘‘ਬੇ-ਵਪਾਰ“ ਲਈ ਹਿੰਦੂਸਤਾਨ ਆਇਆ ਤੇ ਸੋਹਣੀ ਨੂੰ ਤਕ ਕੇ ਮਨ-ਮੁਗਧ ਹੋ ਗਿਆ। ਉਹ ਇਥੋ ਦਾ ਹੀ ਹੋ ਗਿਆ। ਵਪਾਰ ਲਈ ਭਰੀਆਂ ਸੋਨੇ ਦੀਆਂ ਅਸ਼ਰਫ਼ੀਆਂ ਨਾਲ ਜੇਬਾਂ ਦੀ ਥਾਂ ਉਸ ਦਾ ਦਿਲ ਪਿਆਰ ਦਾ ਖਜ਼ਾਨਾ ਬਣ ਗਿਆ।
ਸੋਹਣੀ ਦੇ ਦਿਦਾਰ ਕਰਨ ਦੀ ਖਾਤਰ ਉਹ ਹਰ ਰੋਜ਼ ੳਸ ਦੇ ਚੱਕ ਤੋਂ ਮਿੱਟੀ ਦੇ ਬਰਤਣ ਖਰੀਦਣ ਲਈ ਸੁਦਾਈ ਹੋ ਗਿਆ। ਸੋਹਣੀ ਵੀ ਉਸ ‘‘ਬੇ“ ਨੂੰ ਦਿਲ ਦੇ ਬੈਠੀ। ਉਠ ਮਿੱਟੀ ਦੇ ਭਾਂਡਿਆਂ ਤੇ ਫੁੱਲ ਬੂਟੇ ਬਨਾਉਣ ਦੀ ਥਾਂ ਉਸ ਨੇ ਆਪਣੇ ਸੁਪਨਿਆਂ ਵਿੱਚ ਪਿਆਰ ਲਈ ਕਿਲੇ ਉਸਾਰਨੇ ਸ਼ੁਰੂ ਕਰ ਦਿੱਤੇ। ‘‘ਬੇ“ ਨੇ ਆਪਣੇ ਸਾਥੀਆਂ ਨੂੰ ਬਲਖ ਬੁਖਾਰੇ ਵਾਪਸ ਭੇਜ ਦਿੱਤਾ ਤੇ ਆਪ ਤੁੱਲਾ ਘੁਮਿਆਰ ਦਾ ਨੌਕਰ ਬਣਕੇ ਮਹੀਆਂ ਚਾਰਨ ਦਾ ਕੰਮ ਵੀ ਕਰਦਾ ਤੇ ਮਹੀਂਵਾਲ ਬਣ ਗਿਆ।
ਸੋਹਣੀ ਤੇ ਮਹੀਂਵਾਲ ਦੇ ਪਿਆਰ ਦੀ ਚਰਚਾ ਲੋਕ ਵਿਸ਼ਾਂ ਬਣਨ ‘ਤੇ ਉਸ ਦੇ ਮਾਪਿਆ ਨੇ ਚੁਪ ਚਪੀਤੇ ਸੋਹਣੀ ਦਾ ਵਿਆਹ ਘੁਮਿਆਰਾਂ ਦੇ ਇਕ ਲੜਕੇ ਨਾਲ ਤੈਅ ਕਰ ਦਿੱਤਾ। ਇਕ ਦਿਨ ਜਦੋਂ ਤੁੱਲਾ ਘੁਮਿਆਰ ਦੇ ਘਰ ਜੰਝ ਢੁੱਕ ਗਈ ਤੇ ਬੇ-ਬਸ ਸੋਹਣੀ ਬਹੁਤ ਗਮਗੀਨ ਡੋਲੀ ਚੜ੍ਹ ਗਈ। ਪਰ ਉਸ ਦੇ ਇਸ਼ਕ ਨੂੰ ਡੱਕਿਆ ਨਹੀਂ ਜਾ ਸੱਕਿਆ। ‘‘ਬੇ“ ਨੇ ਸਭ ਕੁਝ ਛੱਡ ਦਿੱਤਾ ਤੇ ਦਰਿਆ ਝਨਾਂ ਦੇ ਕੰਢੇ ਇਕ ਕੁੱਲੀ ਪਾ ਕੇ ਫਕੀਰਾਂ ਵਾਂਗ ਰਹਿਣ ਲੱੱਗਾ। ਉਸ ਲਈ ਸੋਹਣੀ ਹੀ ਇਸ ਦੁਨੀਆਂ ਤੇ ਇਕ ਦਰਗਾਹ ਸਮਾਨ ਸੀ। ਉਸ ਨੇ ਸਭ ਕੁਝ ਆਪਣਾ ਦੇਸ਼,ਲੋਕ ਤੇ ਦੁਨੀਆਂ ਭੁਲਾ ਦਿੱਤੀ। ਰਾਤ ਦੇ ਹਨ੍ਹੇਰੇ ਦੀ ਆੜ ਵਿੱਚ ਜਦੋਂ ਸਾਰੀ ਦੁਨੀਆਂ ਸੁੱਤੀ ਹੁੰਦੀ ‘‘ਬੇ“ ਝਨਾਂ ਤਰਕੇ ਸੋਹਣੀ ਨੂੰ ਮਿਲਣ ਆ ਜਾਂਦਾ। ਉਹ ਸੋਹਣੀ ਲਈ ਮੱਛੀ ਪਕਾ ਕੇ ਲਿਆਉਂਦਾ। ਇਕ ਦਿਨ ਜਦੋਂ ਮੱਛੀ ਨਾ ਮਿਲੀ ਤਾਂ ‘‘ਬੇ“ ਨੇ ਆਪਣੇ ਪੱਟ ਦਾ ਮਾਸ ਤਲ ਕੇ ਸੋਹਣੀ ਨੂੰ ਦਿੱਤਾ। ਪਰ ਭੇਦ ਖੁਲ੍ਹਣ ਤੇ ਢਾਅ ਨਿਕਲ ਗਈ।
ਅਗਲੇ ਦਿਨ ਤੋਂ ਸੋਹਣੀ ਨੇ ਮਿੱਟੀ ਦੇ ਘੜੇ ‘ਤੇ ਤੈਰ ਕੇ ਝਨਾਅ ਪਾਰ ਕਰਕੇ ਮਹੀਵਾਲ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਦੋਨਾਂ ਦਾ ਪਿਆਰ ਫਿਰ ਜੱਗ ਜ਼ਾਹਰ ਹੋ ਗਿਆ। ਸੋਹਣੀ ਦੀ ਨਣਦ ਨੂੰ ਇਸ ਭੇਦ ਦਾ ਪਤਾ ਲੱਗਣ ਤੇ ਉਸ ਪੱਕਾ ਘੜਾ ਬਦਲਕੇ ਕੱਚਾ ਘੜਾ ਰੱਖ ਦਿੱਤਾ। ਅਗਲੀ ਰਾਤ ਜਦੋਂ ਸੋਹਣੀ ਦਰਿਆ ਪਾਰ ਕਰ ਰਹੀ ਸੀ ਤਾਂ ਘੜਾ ਖੁਰਨ ਕਰਕੇ ਡੁੱਬ ਗਈ। ਮਹੀਂਵਾਲ ਨੇ ਸੋਹਣੀ ਨੂੰ ਡੁੱਬਦਿਆ ਦੇਖਿਆ ਤਾਂ ਉਸ ਨੇ ਵੀ ਝਨਾਂ ‘ਚ ਛਾਲ ਮਾਰ ਦਿੱਤੀ। ਸੋਹਣੀ ਦੀ ਪਿਆਰ ਕਹਾਣੀ ਪੰਜਾਬਣਾਂ ਦੀ ਦਾਦ ਦਿੰਦੀ ਹੈ।
‘‘ਸੋਹਣੀ ਤਾਂ ਡੁੱਬ ਕੇ ਮਰ ਗਈ, ਪਰ ਉਸ ਦੀ ਆਤਮਾਂ ਤਰੇ ਦਰਿਆ।“
ਸਾਹਿਬਾਂ ਇਕ ਹੋਰ ਪਿਆਰ ਗੜੁੱਚੀ ਹੂਰ ਸੀ। ਕਵੀ ਪੀਹਲੂ ਕਹਿੰਦਾ ਹੈ ਕਿ ਸਾਹਿਬਾਂ ਏਨੀ ਸੁੰਦਰ ਸੀ ਕਿ ਜਦੋਂ ਉਹ ਲੱਕ ਦੁਆਲੇ ਲੁੰਗੀ ਬੰਨ੍ਹ ਕੇ ਨਿਕਲੀ ਤਾਂ ਉਸ ਦਾ ਹੁਸਨ ਦੇਖ ਕੇ ਰੱਬ ਆਪਣੇ ਸਾਹ ਗਿਣਨ ਲੱਗਾ। ਇਹ ਵੀ ਕਹਾਵਤ ਹੈ ਕਿ ਦੁਕਾਨਦਾਰ ਸਕਤੇ ਵਿੱਚ ਆ ਗਿਆ।
‘‘ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ, ਤੇਲ ਭੁਲਾਵੇ ਭੁੱਲਾ ਬਾਣੀਆ ਦਿਤਾ ਸ਼ਹਿਦ ਉਲਟ।“
ਇਸ ਬਹਾਦਰ ਤੇ ਹੁਸਨ ਦੀ ਮੂਰਤ ਸਾਹਿਬਾਂ ਨੂੰ ਮਾਪਿਆਂ ਨੇ ਜ਼ਬਰਦਸਤੀ ਉਸ ਦੀ ਮਰਜ਼ੀ ਦੇ ਵਿਰੁਧ ਆਪਣੇ ਆਸ਼ਕ ਮਿਰਜ਼ੇ ਨਾਲ ਨਿਕਾਹ ਕਰਨਾ ਨਾ ਚਾਹਿਆ ਤਾਂ ਉਸ ਨੇ ਮਿਰਜ਼ੇ ਦੇ ਪਿੰਡ ਦਾਨਾਬਾਦ ਸੁਨੇਹਾ ਭੇਜਿਆ। ਮਿਰਜ਼ਿਆ ਇਹ ਵੇਲਾ ਹੈ ਪਿਆਰ ਨਾਲ ਕੀਤੇ ਕੌਲ ਕਰਾਰ ਪੂਰੇ ਕਰਨ ਦਾ ਤੇ ਸੱਚੇ ਪਿਆਰ ਲਈ ਜਾਨ ਵਾਰਨ ਦਾ। ਮਿਰਜ਼ੇ ਦੀ ਬੱਗੀ ਘੋੜੀ ਤੇ ਪਿਛੇ ਬੈਠ ਕੇ ਦੋਨੋ ਭੱਜੇ ਤਾਂ ਦਾਨਾਬਾਦ ਦੇ ਰਾਹ ਜੰਡ ਹੇਠ ਆਰਾਮ ਕਰਦਿਆਂ ਉਨ੍ਹਾਂ ‘ਤੇ ਸਾਹਿਬਾਂ ਦੇ ਭਰਵਾਂ ਨੇ ਹਮਲਾ ਕਰ ਦਿੱਤਾ। ਪਰ ਸਾਹਿਬਾਂ ਨੇ ਮਿਰਜ਼ੇ ਦੇ ਤੀਰਾਂ ਵਾਲਾ ਤਰਕਸ਼ ਨਕਾਰਾ ਕਰ ਦਿੱਤਾ ਤਾਂ ਕਿ ਮਰਜ਼ੇ ਦੇ ਨਿਸ਼ਾਨੇ ਹੇਠ ਉਸ ਦੇ ਭਰਾ ਆ ਕੇ ਨਾ ਮਾਰੇ ਜਾਣ ! ਪਰ ਉਨ੍ਹਾਂ ਨੇ ਮਿਰਜ਼ੇ ਨੂੰ ਕਤਲ ਕਰ ਦਿੱਤਾ ਤੇ ਸਾਹਿਬਾਂ ਨੇ ਵੀ ਆਪਣੇ ਆਸ਼ਕ ਨਾਲ ਲੜਦਿਆ ਜਾਨ ਦੇ ਦਿੱਤੀ। ਪਿਛੇ ਛੱਡ ਗਈ ਆਪਣੇ ਪਿਆਰ ਦੀ ਵਫਾ ਦਾ ਨਾਂ।
ਸੱਸੀ ਵੀ ਇਕ ਹੋਰ ਇਸ਼ਕ ਦੀ ਡੰਡੀ ਆਤਮਾ ਸੀ। ਉਹ ਭੰਬੋਰ ਦੇ ਰਾਜਾ ਆਦਮ ਖਾਂ ਦੀ ਧੀ ਸੀ। ਜੰਮਦਿਆ ਹੀ ਉਸ ਨੂੰ ਭਵਿੱਖ ਬਾਣੀ ਦੇ ਫੰਦਿਆ ਕਾਰਨ ਦਰਿਅ ‘ਚ ਰੁੜ ਦਿੱਤਾ। ਜਿਥੇ ਇਕ ਧੋਬੀ ਨੇ ਰੁੜੀ ਜਾਂਦੀ ਫੜ੍ਹ ਕੇ ਪਾਲੀ। ਵੱਡੀ ਹੋ ਕੇ ਉਸ ਨੇ ਗਜ਼ਨੀ ਵਿਖੇ ਇਕ ਤਸਵੀਰ ਜੋ ਕੀਦਮ ਸ਼ਹਿਰ ਦੇ ਰਾਜੇ ਅਲੀਹੂਤ ਦੇ ਪੁੱਤਰ ‘‘ਪੁਨੂੰ“ ਦੀ ਸੀ, ਉਸ ਦਾ ਪੁਨੂੰ ਨਾਲ ਅਥਾਹ ਪਿਆਰ ਹੋ ਗਿਆ। ਪੁਨੂੰ ਦੇ ਬਲੋਚੀ ਭਰਾਵਾਂ ਨੂੰ ਸੱਸੀ ਦਾ ਪੁਨੂੰ ਨਾਲ ਪਿਆਰ ਚੰਗਾ ਨਾ ਲੱਗਿਆ। ਕਿਸੇ ਆਨੇ-ਬਹਾਨੇ ਉਨ੍ਹਾਂ ਨੇ ਪੁਨੂੰ ਨੂੰ ਸੱਸੀ ਤੋਂ ਵੱਖ ਕਰ ਲਿਆ। ‘‘ਸੱਸੀਏ ਬੇਖਬਰੇ ਤੇਰਾ ਲੁੱਟਿਆ ਸ਼ਹਿਰ ਭੰਬੋਰ।“ ਉਹ ਆਪਣੇ ਪਿਆਰ ਦੀ ਜੁਦਾਈ ‘ਚ ਪਾਗਲ ਹੋ ਕੇ ਪੁਨੂੰ-ਪੁਨੂੰ ਕਰਦੀ ਮਾਰੂਥਲਾਂ ‘ਚ ‘ਕੀਦਮੇ` ਦੇ ਰਾਹ ਪੈ ਗਈ ਤੇ ਆਪਣੇ ਇਸ਼ਕ ਲਈ ਕੁਰਬਾਨ ਹੋ ਗਈ। ਭਾਵੇ ਇਹ ਪਿਆਰ ਕਹਾਣੀ ਪੰਜਾਬ ਦੀ ਨਹੀਂ ਪਰ ਇਹ ਪੰਜਾਬੀ ਬੋਲੀ ‘ਚ ਪੂਰੀ ਤਰ੍ਹਾਂ ਜ਼ਜਬ ਹੋ ਗਈ ਹੈ। ਸੱਸੀ ਦਾ ਅੰਤ ਵੀ ਕੂਕਨੂਸ ਵਾਂਗ ਹੀ ਸੀ।
ਪੰਜਾਬ ਦੇ ਅਨੇਕਾਂ ਲੋਕ ਗੀਤਾਂ ਵਿੱਚ ਸੱਸੀ-ਪੁਨੂੰ ਦੇ ਪਿਆਰ ਦੀ ਕਹਾਣੀ, ਹੀਰ ਰਾਂਝੇ ਦੇ ਨਿਡਰ ਇਸ਼ਕ ਗਾਥਾ, ਸੋਹਣੀ-ਮਹੀਵਾਲ ਦਾ ਅਨੂਠਾ ਪਿਆਰ ਅਤੇ ਸਾਹਿਬਾਂ-ਮਿਰਜ਼ਾ ਦੇ ਪਿਆਰ ਦਾ ਦੁਖਾਂਤ ਜਿਥੇ ਇਹ ਉਨ੍ਹਾਂ ਦੀ ਦ੍ਰਿੜਤਾ ਦੀ ਓੜਕ ਹੈ, ਉਥੇ ਇਹ ਪੰਜਾਬ ਦੀ ਧਰਤੀ ਨੂੰ ਪਿਆਰ ਦੀ ਬਖਸ਼ਿਸ਼ ਵੀ ਹੈ। ਕਿਉਂਕਿ ਉਨ੍ਹਾਂ ਦਾ ਇਸ਼ਕ ਹਕੀਕੀ ਸੀ ਤੇ ਪ੍ਰੇਮ ਦਾ ਰੁਤਬਾ ਅਮਰ ਸੀ ! ਉਹ ਅਧਿਆਤਮਕ ਤੌਰ ਤੇ ਉਚ ਦਰਜੇ ਦੇ ਪਾਕ ਵੀ ਸਨ। ਪਰ ਸਾਮੰਤੀ ਸਮਾਜ ਦੀਆਂ ਝੂਠੀਆਂ ਇਖਲਾਕੀ ਕਦਰਾਂ-ਕੀਮਤਾਂ ਹੀਰ ਨੂੰ ਜ਼ਹਿਰ ਦੇਣੀ, ਦੂਸਰੇ ਪਾਸੇ ਨੈਤਿਕ ਤੌਰ ਤੇ ਉਸ ਦੀ ਮਜਾਰ ‘ਤੇ ਦੀਵੇ ਬਾਲਣੇ ਦੋਹਰੀ ਮਿਆਰ ਦੇ ਲੱਗਦੇ ਹਨ।
ਜਉ ਤਉ ਪ੍ਰੇਮ ਖੇਲਣ ਦਾ ਚਾਉ। ਸਿਰ ਧਿਰ ਤਲੀ ਗਲੀ ਮੇਰੀ ਆਉ (ਗੁਰੂ ਗ੍ਰੰਥ ਸਾਹਿਬ-1412) ਪਰ ਪਿਆਰ ਖਾਤਰ ਉਹ ਕੁਰਬਾਨ ਹੋ ਗਈਆਂ।
ਜਗਦੀਸ਼ ਸਿੰਘ ਚੋਹਕਾ
91-9217997445
001-403-285-4208 ਕੈਲਗਰੀ (ਕੈਨੇਡਾ)
[email protected]
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly