ਪੰਜਾਬੀ ਲੇਖਕ ਮੰਚ ਫਰੀਦਕੋਟ ਦਾ ਸਾਲਾਨਾ ਸਾਹਿਤਕ ਸਮਾਗਮ ਰਿਹਾ ਯਾਦਗਾਰੀ
ਫਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ) –ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਸਾਲਾਨਾ ਸਾਹਿਤਕ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਇਆ ਗਿਆ। ਇਹ ਸਮਾਗਮ ਯਾਦਗਾਰੀ ਰੰਗ ਬਿਖੇਰਦਾ ਨੇਪਰੇ ਚੜ੍ਹਿਆ। ਇਸ ਸਮੇਂ ਪ੍ਰਸਿੱਧ ਸਾਹਿਤਕਾਰ ,ਨਿਧੱੜਕ ਕਿਰਤੀ ਕਵੀ ਅਤੇ ਸੱਚ ਦੇ ਹਾਮੀਂ ਰੂਬਾਈ ਰਚੇਤਾ ਸਵ. ਬਿਸਮਿਲ ਫਰੀਦਕੋਟੀ ਐਵਾਰਡ 2023 ਉਨ੍ਹਾਂ ਦੀਆਂ ਰੁਬਾਈਆਂ ਨੂੰ ਜਿਉਂਦਾ ਰੱਖਣ ਵਾਲੇ ਨਾਮਵਰ ਕਵੀ ਬਾਪੂ ਨਵਰਾਹੀ ਘੁਗਿਆਣਵੀ ਨੂੰ ਦਿੱਤਾ ਗਿਆ। ਦੂਜਾ ਐਵਾਰਡ ਪ੍ਰਸਿੱਧ ਕਵੀਸ਼ਰ ਸਵ. ਅਮਰ ਸਿੰਘ ਰਾਜੇਆਣਾ ਐਵਾਰਡ 2023 ਪ੍ਰਸਿੱਧ ਕਵੀਸ਼ਰ ਦਰਸ਼ਨ ਸਿੰਘ ਭੰਮੇ ਨੂੰ ਦਿੱਤਾ ਗਿਆ। ਇਸ ਮੌਕੇ ਉੱਘੇ ਸਾਹਿਤਕਾਰ ਨਵਰਾਹੀ ਘੁਗਿਆਣਵੀ ਹੋਰਾਂ ਬਾਬਤ ਡਾਕਟਰ ਮੁਕੰਦ ਸਿੰਘ ਵੜਿੰਗ ਵੱਲੋਂ ਅਤੇ ਕਵੀਸ਼ਰ ਦਰਸ਼ਨ ਸਿੰਘ ਭੰਮੇ ਬਾਰੇ ਡਾ.ਲੱਕੀ ਕੰਮੇਆਣਾ ਵੱਲੋਂ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ ਪ੍ਰਸਿੱਧ ਲੇਖਕ ਸੁਲੱਖਣ ਮਹਿਮੀ ਕਨੇਡਾ ਦਾ ਗ਼ਜ਼ਲ ਸੰਗ੍ਰਹਿ “ਅਤੀਤ ਦੇ ਪਰਛਾਵੇਂ ” ਲੋਕ ਅਰਪਣ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਪੰਜਾਬੀ ਲੋਕ ਕਲਾਂ ਮੰਚ ਪੰਜਾਬ ਦੇ ਪ੍ਰਧਾਨ ਸ੍ਰ ਸੁਰਿੰਦਰ ਸਿੰਘ ਸੁੰਨੜ ਨੇ ਕੀਤੀ । ਮੁੱਖ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਸਾਹਿਤਕਾਰ ਡਾਕਟਰ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਉਚੇਚੇ ਤੌਰ’ਤੇ ਪੁਹੰਚੇ। ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਗੁਰਿੰਦਰ ਕੌਰ ਰੂਪਰਾ, ਹਰਚਰਨ ਸਿੰਘ ਸੰਧੂ, ਸਰਬਜੀਤ ਸਿੰਘ ਰਿਟਾ: ਬੀਡੀਓ,ਇੰਦਰਜੀਤ ਸਿੰਘ ਰਿਟਾ: ਬੀ ਐਸ ਓ ਸ਼ਾਮਿਲ ਹੋਏ।ਸਮਾਗਮ ਦੀ ਸ਼ੁਰੂਆਤ ਮੰਚ ਦੇ ਜਨਰਲ ਸਕੱਤਰ ਧਰਮ ਪ੍ਰਵਾਨਾ ਨੇ ਰਸਮੀ ਜੀ ਆਇਆਂ ਕਹਿੰਦਿਆਂ ਕੀਤੀ ਅਤੇ ਦੱਸਿਆ ਕਿ ਇਹ ਪੰਜਾਬੀ ਲੇਖਕ ਮੰਚ ਦਾ ਸਲਾਨਾ ਤੀਸਰਾ ਸਮਾਗਮ ਕਰਵਾਇਆ ਜਾ ਰਿਹਾ ਹੈ।ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਨੇ ਪ੍ਰਧਾਨਗੀ ਭਾਸ਼ਣ ਵਿਚ ਸਭ ਸਾਹਿਤਕਾਰਾਂ,ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਮੰਚ ਦਾ ਸਲਾਨਾ ਸਮਾਗਮ ਪੰਜਾਬ ਦੇ ਹੋਰ ਪ੍ਰਸਿੱਧ ਸਮਾਗਮਾਂ ਵਿੱਚੋਂ ਇੱਕ ਹੋਵੇ ਅਤੇ ਬਿਸਮਿਲ ਫਰੀਦਕੋਟੀ ਦਾ ਨਾਮ ਵਿਸ਼ਵ ਵਿੱਚ ਗੂੰਜੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਵਨ ਸ਼ਰਮਾ ਸੁੱਖਣਵਾਲਾ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly