(ਸਮਾਜ ਵੀਕਲੀ)
ਸਮਾਂ ਰੁਕਦਾ ਕਿੱਥੇ ਹੈ, ਇਹ ਤਾਂ ਨਿਰੰਤਰ ਚੱਲਦਾ ਜਾਂਦਾ ਹੈ,
ਹੌਲੀ-ਹੌਲੀ ਜ਼ਿੰਦਗੀ ਵਿੱਚ, ਸਭ ਕੁਝ ਬਦਲਦਾ ਜਾਂਦਾ ਹੈ।
ਕਦੇ ਲੈ ਆਉਂਦਾ ਹੈ ਬਰੂਹਾਂ ‘ਤੇ ਗ਼ਮਾਂ ਦੀ ਧੂੜ ਬਣ ਕੇ,
ਤੇ ਕਦੇ ਜ਼ਿੰਦਗੀ ਦੇ ਵਿਹੜੇ ਨੂੰ, ਖ਼ੁਸ਼ੀਆਂ ਨਾਲ ਭਰ ਜਾਂਦਾ ਹੈ।
ਇਹ ਬੜਾ ਬੇਦਰਦ ਵੀ ਹੈ ਤੇ ਬੜਾ ਮਲ੍ਹਮ ਵਰਗਾ ਵੀ,
ਖੋਹ ਲੈਂਦਾ ਹੈ ਕੁਝ ਪਿਆਰੇ ਲੋਕਾਂ ਨੂੰ ਸਾਥੋਂ,
ਤੇ ਕੁਝ ਅਣਜਾਣਾਂ ਨੂੰ ਸਾਡੀ ਜਾਨ ਬਣਾ ਜਾਂਦਾ ਹੈ।
ਕੌਣ ਆਪਣਾ ਹੈ ਤੇ ਕੌਣ ਪਰਾਇਆ, ਇਸ ਭੇਤ ਨੂੰ ਖੋਲ੍ਹ ਕੇ,
ਮੁਖੌਟਿਆਂ ਦੇ ਪਿੱਛੇ ਛੁਪੇ, ਸਭ ਦੇ ਚਿਹਰੇ ਦਿਖਾ ਜਾਂਦਾ ਹੈ।
ਇਹ ਸਮਾਂ ਹੀ ਹੈ ਜੋ ਸਾਨੂੰ ਹੌਲੀ-ਹੌਲੀ, ਸਭ ਕੁਝ ਸਿਖਾ ਜਾਂਦਾ ਹੈ,
ਡਿੱਗ ਕੇ ਸੰਭਲਣਾ ਤੇ ਹਾਰ ਕੇ ਜਿੱਤਣਾ ਸਮਝਾ ਜਾਂਦਾ ਹੈ।
ਨਾ ਇਹ ਕਿਸੇ ਦੀ ਉਡੀਕ ਕਰੇ, ਨਾ ਇਹ ਕਿਸੇ ਲਈ ਰੁਕਦਾ ਹੈ,
ਬੀਤਿਆ ਹੋਇਆ ਹਰ ਪਲ, ਬਸ ਇੱਕ ਯਾਦ ਬਣਾ ਜਾਂਦਾ ਹੈ।
ਕਦੇ ਰਾਤਾਂ ਦੀ ਸਿਆਹੀ ਦੇ ਕੇ, ਸਬਰ ਨੂੰ ਪਰਖਦਾ ਹੈ,
ਤੇ ਕਦੇ ਨਵੀਂ ਸਵੇਰ ਦੀ ਕਿਰਨ ਬਣ ਕੇ, ਉਮੀਦ ਜਗਾ ਜਾਂਦਾ ਹੈ।
ਅਮੀਰੀ-ਗ਼ਰੀਬੀ, ਸੁੱਖ-ਦੁੱਖ ਤਾਂ ਬਸ ਇਸ ਦੇ ਪੜਾਅ ਨੇ,
ਇੱਕ ਹੀ ਜੀਵਨ ਵਿੱਚ ਅਨੇਕਾਂ ਦੌਰ ਦਿਖਾ ਜਾਂਦਾ ਹੈ।
ਕਦਰ ਕਰੀਏ ਇਸ ਦੀ, ਕਿਉਂਕਿ ਇਹ ਮੁੜ ਨਹੀਂ ਆਉਂਦਾ,
ਰੇਤ ਵਾਂਗ ਹੱਥਾਂ ਵਿੱਚੋਂ, ਇਹ ਚੁੱਪ-ਚਾਪ ਕਿਰਦਾ ਜਾਂਦਾ ਹੈ।
ਸਿਆਣਾ ਹੈ ਉਹ ਜੋ ਸਮੇਂ ਦੀ ਰਫ਼ਤਾਰ ਨੂੰ ਪਛਾਣ ਲਵੇ,
ਸਮਾਂ ਉਸਨੂੰ ਚੰਗਾ ਸਫਲ ਇਨਸਾਨ ਬਣਾ ਜਾਂਦਾ ਹੈ।
ਗੁਰਸਿਮਰਨ ਕੌਰ
ਦਸਵੀਂ ਬੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਲਹਿਲ ਕਲਾਂ (ਸੰਗਰੂਰ)



