ਫ਼ਰੀਦਕੋਟ (ਸਮਾਜ ਵੀਕਲੀ): ਕੈਨੇਡਾ ਦੇ ਸ਼ਹਿਰ ਓਂਟਾਰੀਓ ਦੀ ਟਾਊਨਸ਼ਿਪ ਹਰਬਰ ਹਾਈਵੇਅ ਉੱਪਰ ਇੱਕ ਵੈਨ ਅਤੇ ਟਰਾਲੇ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਫ਼ਰੀਦਕੋਟ ਦੇ ਨੌਜਵਾਨ ਕਿਰਨਪ੍ਰੀਤ ਸਿੰਘ ਗਿੱਲ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਬਾਕੀ ਦੋਵੇਂ ਨੌਜਵਾਨ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਕਿਰਨਪ੍ਰੀਤ ਸਿੰਘ ਗਿੱਲ (22 ਸਾਲ) ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਮਰੇਵਾਲਾ ਦਾ ਵਸਨੀਕ ਸੀ ਅਤੇ ਉਹ 2019 ’ਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਕਿਰਨਪ੍ਰੀਤ ਸਿੰਘ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਗੁਰਿੰਦਰ ਪਾਲ ਸਿੰਘ ਲਿੱਧੜ (ਜਲੰਧਰ) ਅਤੇ ਸਨੀ ਖੁਰਾਣਾ (ਲੁਧਿਆਣਾ) ਦੀ ਵੀ ਮੌਤ ਹੋ ਗਈ। ਸੂਚਨਾ ਅਨੁਸਾਰ ਇਹ ਤਿੰਨੇ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ ਕੰਮ ਤੋਂ ਘਰ ਪਰਤਦਿਆਂ ਇਹ ਸੜਕ ਹਾਦਸਾ ਵਾਪਰ ਗਿਆ। ਕਰਮਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਲੜਕੇ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਚਾਰਾਜ਼ੋਈ ਕਰ ਰਹੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਹੈ। ਕਿਰਨਪ੍ਰੀਤ ਸਿੰਘ ਗਿੱਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਨੂੰ ਕੁਝ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਪੀਆਰ ਦਿੱਤੀ ਸੀ। ਕਿਰਨਪ੍ਰੀਤ ਸਿੰਘ ਨੇ ਅਪ੍ਰੈਲ ਮਹੀਨੇ ਵਿੱਚ ਆਪਣੇ ਘਰ ਵਾਪਸ ਆਉਣਾ ਸੀ। ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly