(ਸਮਾਜ ਵੀਕਲੀ)
ਸਵੇਰ ਦਾ ਭੁੱਲਿਆ
ਰਮੇਸ਼ ਦਾ ਸੁਖਜਿੰਦਰ ਨਾਲ ਵਿਆਹ ਹੋਏ ਨੂੰ ਪੰਜ ਸਾਲ ਹੋ ਗਏ ਸਨ। ਇਹ ਪੰਜ ਸਾਲ ਰਮੇਸ਼ ਨੇ ਸੁਖਜਿੰਦਰ ਨਾਲ ਨਰਕ ਵਰਗੇ ਬਿਤਾਏ ਸਨ। ਇਸ ਦਾ ਕਾਰਨ ਇਹ ਸੀ ਕਿ ਸੁਖਜਿੰਦਰ ਸਹੁਰੇ ਘਰ ਦੀਆਂ ਸਾਰੀਆਂ ਗੱਲਾਂ ਆਪਣੀ ਮੰਮੀ ਨਾਲ ਸਾਂਝੀਆਂ ਕਰਦੀ ਰਹਿੰਦੀ ਸੀ। ਉਸ ਦੀ ਮੰਮੀ ਉਸ ਨੂੰ ਗਲਤ ਸਲਾਹਾਂ ਦਿੰਦੀ ਰਹਿੰਦੀ ਸੀ, ਜਿਨ੍ਹਾਂ ਨੂੰ ਉਹ ਮੰਨ ਕੇ ਘਰ ਵਿੱਚ ਕਲੇਸ਼ ਪਾਈ ਰੱਖਦੀ ਸੀ। ਪਰ ਪਿਛਲੇ ਇੱਕ ਮਹੀਨੇ ਤੋਂ ਰਮੇਸ਼ ਉਸ ਦੀ ਬੋਲ-ਚਾਲ ਤੇ ਵਰਤਾਉ ਵਿੱਚ ਹੈਰਾਨ ਕਰਨ ਵਾਲਾ ਪਰਿਵਰਤਨ ਦੇਖ ਰਿਹਾ ਸੀ। ਰਮੇਸ਼ ਨੂੰ ਇਹ ਪਤਾ ਨਹੀ ਸੀ ਲੱਗ ਰਿਹਾ ਕਿ ਉਸ ਵਿੱਚ ਇਹ ਪਰਿਵਰਤਨ ਕਿਵੇਂ ਆ ਗਿਆ?
ਅੱਜ ਜਦੋਂ ਸੁਖਜਿੰਦਰ ਦੀ ਮੰਮੀ ਦਾ ਫੋਨ ਆਇਆ, ਤਾਂ ਉਹ ਫੋਨ ਸੁਣਨ ਲਈ ਰਮੇਸ਼ ਕੋਲੋਂ ਉੱਠ ਕੇ ਨਹੀਂ ਗਈ, ਸਗੋਂ ਉਹ ਰਮੇਸ਼ ਕੋਲ ਬੈਠੀ ਹੀ ਉਸ ਦਾ ਫੋਨ ਸੁਣਨ ਲੱਗ ਪਈ,” ਹਾਂ ਮੰਮੀ, ਦੱਸ ਕੀ ਗੱਲ ਆ?”
” ਪੁੱਤ ਗੱਲ ਤਾਂ ਕੁਛ ਨ੍ਹੀ। ਮੈਂ ਤੇਰਾ ਹਾਲ ਪੁੱਛਣ ਲਈ ਫੋਨ ਕੀਤਾ ਆ।”
” ਮੰਮੀ ਮੈਂ ਆਪਣੇ ਘਰ ਠੀਕ -ਠਾਕ ਹਾਂ। ਜੇ ਮੈਨੂੰ ਕੁਛ ਹੋਇਆ, ਤਾਂ ਮੈਂ ਤੈਨੂੰ ਆਪ ਫੋਨ ਕਰਕੇ ਦੱਸ ਦਿਆਂਗੀ। ਤੂੰ ਮੈਨੂੰ ਬਹੁਤੇ ਫੋਨ ਨਾ ਕਰਿਆ ਕਰ। ਮਸੀਂ ਸਾਡੇ ਘਰ ‘ਚ ਕਲੇਸ਼ ਨੂੰ ਠੱਲ੍ਹ ਪਈ ਆ। ਮੈਂ ਨ੍ਹੀ ਚਾਹੁੰਦੀ ਕਿ ਸਾਡੇ ਘਰ ‘ਚ ਦੁਬਾਰਾ ਕਲੇਸ਼ ਪਏ।” ਏਨਾ ਕਹਿ ਕੇ ਸੁਖਜਿੰਦਰ ਨੇ ਫੋਨ ਕੱਟ ਦਿੱਤਾ। ਫੇਰ ਉਹ ਰਮੇਸ਼ ਨੂੰ ਮੁਖ਼ਾਤਿਬ ਹੋ ਕੇ ਬੋਲੀ,” ਰਮੇਸ਼ ਮੈਨੂੰ ਮਾਫ਼ ਕਰ ਦਈਂ। ਮੈਂ ਪੰਜ ਸਾਲ ਤੈਨੂੰ ਮੰਮੀ ਦੇ ਕਹੇ ਤੇ ਬਹੁਤ ਚੰਗਾ-ਮੰਦਾ ਬੋਲਿਆ ਆ। ਹੁਣ ਮੈਂ ਫੈਸਲਾ ਕੀਤਾ ਆ ਕਿ ਤੇਰੇ ਨਾਲ ਚੱਜ ਨਾਲ ਗੱਲ ਕਰਿਆ ਕਰਾਂਗੀ ਤੇ ਤੇਰਾ ਹਰ ਕਹਿਣਾ ਮੰਨਿਆ ਕਰਾਂਗੀ। ਕਿਸੇ ਤੀਜੇ ਬੰਦੇ ਨੂੰ ਆਪਣੇ ਘਰ ‘ਚ ਦਖਲ ਨਹੀਂ ਦੇਣ ਦਿਆਂਗੀ।”
” ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ, ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਸੁਖਜਿੰਦਰ ਤੂੰ ਸਹੀ ਸਮੇਂ ਤੇ ਸਹੀ ਫੈਸਲਾ ਕੀਤਾ ਆ। ਮੈਂ ਤੇਰੇ ਇਸ ਫੈਸਲੇ ਤੋਂ ਬਹੁਤ ਖ਼ੁਸ਼ ਹਾਂ,” ਰਮੇਸ਼ ਨੇ ਆਖਿਆ।
******
ਵਕਤ ਦੀ ਚਪੇੜ
ਘਰ ਦੀ ਨਿੱਤ ਵਰਤੋਂ ਦਾ ਸਾਮਾਨ ਖਰੀਦਣ ਪਿੱਛੋਂ ਜਦ ਮੈਂ ਸ਼ਰਮਾ ਸਵੀਟ ਸ਼ਾਪ ਮਾਹਿਲਪੁਰ ਤੋਂ ਬੱਚਿਆਂ ਲਈ ਮਠਿਆਈ ਦਾ ਡੱਬਾ ਲੈ ਕੇ ਪਿੱਛੇ ਮੁੜਿਆ, ਤਾਂ ਮੈਂ ਵੇਖਿਆ, ਇੱਕ ਔਰਤ ਮਠਿਆਈ ਲੈਣ ਲਈ ਸ਼ਾਪ ਵਿੱਚ ਦਾਖਲ ਹੋ ਰਹੀ ਸੀ। ਉਹ ਔਰਤ ਮੈਡਮ ਕਰਮਜੀਤ ਸੀ, ਜੋ ਦਸ ਸਾਲ ਪਹਿਲਾਂ ਮੇਰੇ ਨਾਲ ਸਰਕਾਰੀ ਹਾਈ ਪੋਜੇਵਾਲ ਪੜ੍ਹਾਉਂਦੀ ਸੀ। ਕੁੱਝ ਸਮੇਂ ਬਾਅਦ ਮੈਂ ਬਦਲੀ ਕਰਵਾ ਕੇ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਆ ਗਿਆ ਸਾਂ। ਉੱਥੇ ਉਸ ਨੇ ਆਪਣੇ ਸਕੂਲ ਦੇ ਕਲਰਕ ਪਰਮਿੰਦਰ ਸਿੰਘ ਨਾਲ ਅੰਤਰ ਜਾਤੀ ਵਿਆਹ ਕਰਵਾ ਲਿਆ ਸੀ। ਭਾਵੇਂ ਕਲਰਕ ਪਰਮਿੰਦਰ ਸਿੰਘ ਦਾ ਰੰਗ ਗੋਰਾ ਸੀ, ਪਰ ਉਹ ਰੱਜ ਕੇ ਸ਼ਰਾਬ ਪੀਣ ਵਾਲਾ, ਹੇਰਾਫੇਰੀ ਕਰਨ ਵਾਲਾ ਤੇ ਵੱਧ, ਘੱਟ ਬੋਲਣ ਵਾਲਾ ਬੰਦਾ ਸੀ। ਮੈਨੂੰ ਵੇਖ ਕੇ ਮੈਡਮ ਕਰਮਜੀਤ ਨੇ ਆਪਣਾ ਸਿਰ ਸਤਿਕਾਰ ਵਜੋਂ ਝੁਕਾਇਆ। ਮੇਰੇ ਹਾਲ ਪੁੱਛਣ ਤੇ ਉਸ ਨੇ ਦੱਸਿਆ,” ਵਿਆਹ ਤੋਂ ਛੇ ਸਾਲ ਬਾਅਦ ਮੇਰੇ ਪਤੀ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ। ਇੱਕ ਬੇਟੀ ਹੋਈ ਸੀ, ਉਹ ਵੀ ਰੱਬ ਨੇ ਖੋਹ ਲਈ। ਹੁਣ ਮੈਂ ਘਰ ਵਿੱਚ ਕੱਲੀ ਰਹਿੰਦੀ ਆਂ। ਵਿਆਹ ਕਰਵਾਣ ਦਾ ਸੁਆਦ ਨ੍ਹੀ ਆਇਆ। ਉਸ ਵੇਲੇ ਜਜ਼ਬਾਤੀ ਹੋ ਕੇ ਮੈਂ ਪਰਮਿੰਦਰ ਨਾਲ ਵਿਆਹ ਕਰਵਾਣ ਦਾ ਫੈਸਲਾ ਕਰ ਲਿਆ ਸੀ। ਹੁਣ ਪਤਾ ਲੱਗਦਾ, ਮੇਰਾ ਫੈਸਲਾ ਕਿੰਨਾ ਗਲਤ ਸੀ। ਮੈਂ ਤੁਹਾਡੀ ਵਿਆਹ ਦੀ ਪਰਪੋਜਲ ਨਾ ਮੰਨ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਸੀ। ਹੁਣ ਵਕਤ ਦੀ ਚਪੇੜ ਨੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਆ। ਜੇ ਹੋ ਸਕੇ, ਤਾਂ ਮੈਨੂੰ ਮਾਫ ਕਰ ਦਿਉ। ਮਈ ਦਿਵਸ ਦੀ ਛੁੱਟੀ ਹੋਣ ਕਾਰਨ ਇੱਥੇ ਮੈਂ ਆਪਣੀ ਭੈਣ ਨੂੰ ਮਿਲਣ ਆਈ ਆਂ। ਉਸ ਨਾਲ ਚਾਰ ਗੱਲਾਂ ਕਰਕੇ ਦਿਲ ਦਾ ਭਾਰ ਹੌਲਾ ਹੋ ਜਾਊਗਾ।” ਇਹ ਗੱਲਾਂ ਕਰਦੀ ਉਹ ਬੜੀ ਭਾਵੁਕ ਹੋ ਗਈ ਸੀ। ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ , ਸ਼ਾਪ ਤੋਂ ਮਠਿਆਈ ਦਾ ਡੱਬਾ ਲੈ ਕੇ, ਮੈਨੂੰ ਬੁਲਾ ਕੇ ਆਪਣੀ ਭੈਣ ਦੇ ਘਰ ਜਾਣ ਲਈ ਸਕੂਟਰੀ ਸਟਾਰਟ ਕਰਕੇ ਤੁਰ ਪਈ।
********
ਕੰਮ ਕਰਨ ਵਾਲੇ ਬੰਦੇ
45 ਸਾਲਾ ਸ਼ਾਮੂ ਕਈ ਸਾਲਾਂ ਤੋਂ ਜੋਗਿੰਦਰ ਸਿੰਘ ਦੇ ਘਰ ਝਾੜੂ, ਪੋਚਾ ਲਾਣ ਦਾ ਕੰਮ ਕਰਦਾ ਹੈ। ਉਸ ਦਾ ਘਰ ਪਿੰਡ ਤੋਂ ਬਾਹਰ ਹੋਣ ਕਰਕੇ ਸ਼ਾਮੂ ਨੂੰ ਉਸ ਦੇ ਘਰ ਪਹੁੰਚਣ ਲਈ ਪੰਦਰਾਂ, ਵੀਹ ਮਿੰਟ ਲੱਗ ਜਾਂਦੇ ਹਨ। ਪਹਿਲਾਂ ਸ਼ਾਮੂ ਹਰ ਰੋਜ਼ ਛੇ ਵਜੇ ਤੋਂ ਬਾਅਦ ਉਸ ਦੇ ਘਰ ਝਾੜੂ, ਪੋਚਾ ਲਾਣ ਲਈ ਪਹੁੰਚਦਾ ਹੈ, ਪਰ ਅੱਜ ਉਹ ਪੰਜ ਵਜੇ ਤੋਂ ਪਹਿਲਾਂ ਹੀ ਆ ਗਿਆ। ਜਦ ਉਸ ਨੇ ਸ਼ਾਮੂ ਤੋਂ ਇਸ ਦਾ ਕਾਰਨ ਪੁੱਛਿਆ, ਤਾਂ ਉਹ ਕਹਿਣ ਲੱਗਾ, “ਸਰਦਾਰ ਜੀ, ਅੱਜ ਪਿੰਡ ਵਿੱਚ ਗੁਰਦੁਆਰੇ ਵਾਲੇ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਣ ਲਈ ਪਹਿਲੀ ਪ੍ਰਭਾਤ ਫੇਰੀ ਲਾ ਰਹੇ ਆ। ”
” ਕੀ ਗੱਲ ਤੂੰ ਪ੍ਰਭਾਤ ਫੇਰੀ ਵਿੱਚ ਉਨ੍ਹਾਂ ਦੇ ਨਾਲ ਨ੍ਹੀ ਸੀ ਜਾਣਾ?” ਜੋਗਿੰਦਰ ਸਿੰਘ ਨੇ ਉਸ ਨੂੰ ਪੁੱਛਿਆ।
” ਮੈਂ ਪੰਦਰਾਂ, ਵੀਹ ਮਿੰਟ ਉਨ੍ਹਾਂ ਨਾਲ ਘੁੰਮਿਆ ਸੀ। ਉਨ੍ਹਾਂ ਨੇ ਤਾਂ ਦੋ ਘੰਟੇ ਪਿੰਡ ਵਿੱਚ ਘੁੰਮਣਾ ਸੀ। ਏਨਾ ਚਿਰ ਘੁੰਮ ਕੇ ਤਾਂ ਮੇਰੀਆਂ ਲੱਤਾਂ ਥਕਾਵਟ ਨਾਲ ਚੂਰ ਹੋ ਜਾਣੀਆਂ ਸੀ। ਫੇਰ ਮੈਂ ਇੱਥੇ ਆ ਕੇ ਕੰਮ ਕਿਵੇਂ ਕਰਦਾ? ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆਂ। ਸਾਡਾ ਕੰਮ ਕੀਤੇ ਬਗੈਰ ਨ੍ਹੀ ਸਰਦਾ। ਸਾਨੂੰ ਆਪਣਾ ਢਿੱਡ ਭਰਨ ਲਈ ਕੰਮ ਕਰਨਾ ਹੀ ਪੈਣਾ ਆਂ। ਉਹ ਆਪ ਤਾਂ ਜ਼ਮੀਨਾਂ, ਜਾਇਦਾਦਾਂ ਵਾਲੇ ਆ। ਮੁੰਡੇ, ਕੁੜੀਆਂ ਉਨ੍ਹਾਂ ਦੇ ਬਦੇਸ਼ ਗਏ ਹੋਏ ਆ। ਉਨ੍ਹਾਂ ਨੂੰ ਕਾਦ੍ਹਾ ਘਾਟਾ ਆ। ਉਨ੍ਹਾਂ ਦਾ ਕੰਮ ਕੀਤੇ ਬਗੈਰ ਸਰ ਜਾਣਾ ਆਂ, ਪਰ ਸਾਡਾ ਨ੍ਹੀ ਸਰਨਾ। “
ਜੋਗਿੰਦਰ ਸਿੰਘ ਨੂੰ ਉਸ ਦੀਆਂ ਗੱਲਾਂ ਵਿੱਚ ਵਜ਼ਨ ਲੱਗਾ। ਇਸ ਲਈ ਉਸ ਨੂੰ ਉਸ ਦੀ ‘ ਹਾਂ ‘ ਵਿੱਚ ‘ ਹਾਂ ‘ ਮਿਲਾਣੀ ਪਈ ਤੇ ਫਿਰ ਉਹ ਝਾੜੂ, ਪੋਚਾ ਲਾਣ ਵਿੱਚ ਜੁਟ ਗਿਆ।
ਮਹਿੰਦਰ ਸਿੰਘ ਮਾਨ
ਨਵਾਂ ਸ਼ਹਿਰ-9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



