HOME ਤਿੰਨ ਲੱਡੂ

ਤਿੰਨ ਲੱਡੂ

ਸ਼ਿੰਦਾ ਬਾਈ
   (ਸਮਾਜ ਵੀਕਲੀ)   ਇੱਕ ਮੁੰਡਾ ਪੜ੍ਹ ਲਿਖ ਕੇ,ਬੜਾ ਬੁੱਧੀਮਾਨ ਬਣ ਕੇ ਆਪਣੇ ਘਰੇ ਆਇਆ। ਉਸਨੂੰ ਆਪਣੇ ਗਿਆਨ ਦੀਆਂ,ਆਪਣੀ ਪੜ੍ਹਾਈ ਦੀਆਂ,ਆਪਣੀ ਤਰਕ਼ਬੁੱਧੀ ਦੀਆਂ ਵਡਿਆਈਆਂ ਮਾਰਨ ਦੀ ਆਦਤ ਪੈ ਗਈ ਸੀ।
ਘਰੇ ਆਏ ਪੁੱਤਰ ਦਾ ਮਾਂ ਬਾਪ ਨੇ ਨਿੱਘਾ ਸੁਆਗਤ ਕੀਤਾ। ਹੋਸਟਲ ਵਿੱਚ ਰਹਿੰਦਾ ਸੀ,ਚਿਰ ਬਾਅਦ ਘਰੇ ਆਇਆ ਸੀ। ਮਾਂ ਉਸ ਲਈ ਚਾਹ ਬਣਾ ਕੇ ਲਿਆਈ , ਨਾਲ਼ ਨੂੰ ਪਲੇਟ ਵਿੱਚ ਰੱਖ ਲਿਆਈ ਦੋ ਲੱਡੂ ਜਿਹੜੇ ਕਿਸੇ ਦੇ ਘਰੋਂ ਵਧਾਈ ਦੇ ਆਏ ਪਏ ਸੀ। ਮਾਂ ਨੇ ਕਿਹਾ ••” ਲੈ ਪੁੱਤ ! ਓਨਾ ਚਿਰ ਤੂੰ ਚਾਹ ਨਾਲ਼ ਇਹ ਦੋ ਲੱਡੂ ਖਾ ਲੈ , ਫੇਰ ਮੈਂ ਤੇਰੇ ਲਈ ਰੋਟੀ ਤਿਆਰ ਕਰਦੀ ਹਾਂ ••।”
ਪੁੱਤਰ ਆਪਣੀ ਵਿਦਵਤਾ ਦੇ ਗ਼ੁਮਾਨ ਵਿੱਚੋਂ ਬਾਹਰ ਨਹੀਂ ਸੀ ਆਇਆ •• ਅਜੇ। ਕੁੱਝ ਕਮਾਲ ਆਪਣੀ ਬੁੱਧੀ ਦਾ , ਮਾਂ ਨੂੰ ਵਿਖਾਉਣਾ ਚਾਹੁੰਦਾ ਸੀ। ਕਹਿੰਦਾ ••” ਮਾਂ ! ਰੋਟੀ ਬਾਅਦ ‘ਚ ਤਿਆਰ ਕਰੀਂ, ਪਹਿਲਾਂ ਮੇਰੀ ਅਕ਼ਲ ਦਾ ਕ਼ਮਾਲ ਵੇਖ,ਜਿਹੜੀ ਮੈਂ ਪੜ੍ਹ ਲਿਖ ਕੇ ਲੈ ਕੇ ਆਇਆ ਹਾਂ।”
ਮਾਂ ਬੋਲੀ ••” ਕਿਹੋ ਜਿਹਾ ਕ਼ਮਾਲ ••ਪੁੱਤਰ ?”
ਪੁੱਤਰ : “ਮਾਂ ! ਮੈਂ ਆਪਣੀ ਬੁੱਧ ਨਾਲ਼ ਨਾਮੁਮਕਿਨ ਨੂੰ ਮੁਮਕਿਨ ਸਿੱਧ ਕਰ ਸਕਦਾ ਹਾਂ ••ਮੈਂ ਅਜਿਹੀ ਵਿਦਿਆ ਪੜ੍ਹੀ ਹੈ।”
ਮਾਂ ਬੋਲੀ ••” ਕਿੰਵੇਂ ਕਰੇਂਗਾ ਪੁੱਤਰ! ਜਿਹੜੀ ਗੱਲ ਮੁਮਕਿਨ ਹੀ ਨਹੀਂ ਹੈ, ਉਸਨੂੰ ਕਿੰਵੇਂ ਸਿੱਧ ਕਰੇਂਗਾ ••?”
ਏਨੇ ਨੂੰ ਮਾਂ ਪੁੱਤ ਦੀ ਗੱਲਬਾਤ ਸੁਣ, ਦਿਲਚਸਪੀ ਦਿਖਾਉਂਦਾ ਮੁੰਡੇ ਦਾ ਪਿਓ ਵੀ ਉਹਨਾਂ ਦੇ ਕੋਲ਼ ਆ ਕੇ ਚੁੱਪ ਕਰਕੇ ਬੈਠ ਗਿਆ ਕਿ ਵੇਖੀਏ ਪੁੱਤਰ ਦੀ ਵਿਦਿਆ ਦਾ ਕ਼ਮਾਲ !!
ਬੇਟਾ ਬੋਲਿਆ ••” ਮਾਂ ! ਇਹ ਲੱਡੂ ਕਿੰਨੇ ਰੱਖੇ ਨੇ ਤੁਸੀਂ ••?”
ਮਾਂ ਬੋਲੀ ••”ਦੋ ••!”
ਪੁੱਤਰ ਕਹਿੰਦਾ ••” ਨਹੀਂ ! ਦੋ ਨਹੀਂ ••ਇਹ ਤਿੰਨ ਲੱਡੂ ਨੇ ••!”
ਮਾਂ ਹੈਰਾਨ ••ਕਹਿੰਦੀ ••” ਉਹ ਕਿੰਵੇਂ ••?”
ਪੁੱਤਰ ਚੁਸਤ ਅੱਖਾਂ ਨਾਲ਼ ਮੁਸਕੁਰਾਉਂਦਾ ਬੋਲਿਆ ••” ਤੁਸੀਂ ਗਿਣੋ , ਮੈਂ ਹੁਣੇ ਸਿੱਧ ਕਰ ਦੇਂਦਾ ਹਾਂ ••!”
ਮਾਂ ਗਿਣਨ ਲੱਗੀ •• ਪਹਿਲੇ ਲੱਡੂ ‘ਤੇ ਉਂਗਲ਼ ਰੱਖ ਕੇ ਬੋਲੀ ••”ਇਹ ਇੱਕ” ਅਤੇ  ਫੇਰ ਦੂਜੇ ‘ਤੇ ਉਂਗਲ਼ ਰੱਖ ਕੇ ਬੋਲੀ “ਇਹ ਦੋ ••!”
ਪੁੱਤਰ ਹੱਸਿਆ ਤੇ ਬੋਲਿਆ, ” ਇਹ ‘ਇੱਕ’ ਅਤੇ ਇਹ ‘ਦੋ ‘ •• ‘ਇੱਕ’ ਅਤੇ ਜਮ੍ਹਾਂ ‘ਦੋ’ ਬਰਾਬਰ ਹੈ ‘ਤਿੰਨ’ •• ਹੋ ਗਏ ਨਾ ਤਿੰਨ !!”
ਮਾਂ ਭਮੱਤਰ ਕੇ ਹੈਰਾਨ ਹੋਈ ਦੂਸਰੇ ਪਾਸਿਓਂ ਗਿਣਨ ਲੱਗੀ •• “ਇਹ ‘ਦੋ’ ਅਤੇ ਇਹ ‘ਇੱਕ’ ••!”
ਪੁੱਤਰ ਬੋਲਿਆ ••” ਠੀਕ ! ਇੱਧਰੋਂ ਵੀ ‘ਇਹ ਦੋ ‘ ਤੇ  ‘ ਇਹ ਇੱਕ ‘ ••ਹੋ ਗਏ ਨਾ ਤਿੰਨ ••! ਹਿਸਾਬ ਦਾ ਫ਼ਾਰਮੂਲਾ ਹੈ ਮਾਂ ••ਦੋ ਜਮ੍ਹਾਂ ਇੱਕ ਤਿੰਨ ਹੀ ਹੁੰਦੇ ਹਨ।”
ਮਾਂ ਬੋਲੀ •• ” ਪੁੱਤਰ ! ਮੈਂ ਹਿਸਾਬ ਦੇ ਫ਼ਾਰਮੂਲੇ ਤਾਂ ਨਹੀਂ ਜਾਣਦੀ,ਪਰ ਮੈਨੂੰ ਏਨਾ ਪਤਾ ਹੈ ਕਿ ਕੌਲੀ ਵਿੱਚ ਇਹ ਲੱਡੂ ‘ਦੋ’ ਹੀ ਨੇ ••!”
ਪੁੱਤਰ ਪੂਰਾ ਤਰਕ਼ਵਾਦੀ ਬਣ ਕੇ ਆਇਆ ਸੀ,ਕਹਿੰਦਾ ••” ਇੰਜ ਨਹੀਂ ! ਸਿੱਧ ਕਰੋ ••ਤਾਂ ਮੰਨਾਂਗਾ ••! ਲੱਡੂ ਤਾਂ ••ਤਿੰਨ ਨੇ !!”
ਪਿਤਾ ਕੋਲ਼ ਹੀ ਬੈਠਾ ਹੋਇਆ ਦਿਲਚਸਪੀ ਨਾਲ਼ ਮਾਂ-ਪੁੱਤ ਦੀ ਬਹਿਸ ਵੇਖ ਰਿਹਾ ਸੀ। ਮੁੰਡੇ ਦੀ ਮਾਂ ਨੂੰ ਚੁੱਪ ਹੋਇਆ ਵੇਖ ਕੇ ਉਹ ਮੈਦਾਨ ਵਿੱਚ ਕੁੱਦ ਪਿਆ। ਪੁੱਤ ਨੂੰ ਬੋਲਿਆ ••” ਪੁੱਤਰ ਤੇਰੀ ਮਾਂ ਤਾਂ ਅਨਪੜ੍ਹ ਆ •• ਹਿਸਾਬ ਕਿਤਾਬ ਇਹ ਕੁੱਝ ਸਮਝਦੀ ਤਾਂ ਹੈ ਨਹੀਂ, ਪਰ ਮੈਨੂੰ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੱਡੂ ‘ਦੋ’ ਨਹੀਂ ‘ਤਿੰਨ’ ਹਨ। ਤੂੰ ਜੋ ਸਿੱਧ ਕੀਤਾ ਹੈ, ਬਿਲਕੁੱਲ ਸਹੀ ਹੈ । ਲੱਡੂ ਤਿੰਨ ਹੀ ਹਨ। ਹੁਣ ਤੂੰ ਇੱਕ ਕੰਮ ਕਰੀਂ ••?”
ਪੁੱਤਰ ਹੱਸਿਆ ਤੇ ਕਹਿਣ ਲੱਗਾ •• ” ਕੀ ••?”
ਪਿਤਾ ਬੋਲਿਆ ••” ਤਿੰਨਾਂ ਵਿੱਚੋਂ ਇਹ ਇੱਕ ਲੱਡੂ ( ਇੱਕ ਲੱਡੂ ਚੁੱਕ ਕੇ ) ਮੈਂ ਖਾ ਲੈਂਦਾ ਹਾਂ, ਅਤੇ ਇਹ ਦੂਜਾ ਲੱਡੂ ( ਚੁੱਕ ਕੇ ਉਸਦੀ ਮਾਂ ਨੂੰ ਫੜਾ ਦਿੰਦਾ ਹੈ ) ਤੇਰੀ ਮਾਂ ਖਾ ਲਵੇਗੀ, ਤੇ ਬਾਕੀ ਬਚਿਆ ਤੀਜਾ ਲੱਡੂ ਤੂੰ ਖਾ ਲਵੀਂ ••!!”
ਪਿਓ ਆਖ਼ਰ ਪਿਓ ਹੁੰਦਾ ਹੈ •••।
“ਰੇ ਪੂਤ ਕਾਹੇ ਝਗਰਤ ਹਉ ਸੰਗ ਬਾਪ।।”
ਇਸ਼ਕ਼ ਵਾਲ਼ੇ ਕਰ ਗਏ ਸਰ ਮੰਜ਼ਿਲਾਂ,
ਘਣੇ ਸਿਆਣੇਂ ਦੀ ਮੰਜ਼ਲ ਅਜ਼ੇ ਦੂਰ ਹੈ।
                    —
ਸ਼ਿੰਦਾ ਬਾਈ 
Previous articleਗੰਗੂਵਾਲ ਦੇ ਸ਼੍ਰੀ ਰਾਮਲੀਲਾ ਉਤਸਵ 2025 ਦਾ ਹੋਇਆ ਸ਼ੁਭ ਆਰੰਭ * ਮਾਸਟਰ ਸੰਜੀਵ ਧਰਮਾਣੀ ਨੇ ਕੀਤਾ ਉਦਘਾਟਨ * ਸ਼੍ਰੀ ਰਾਮਾਡ੍ਰਾਮਾਟਿਕ ਕਮੇਟੀ ਵਲੋਂ ਕੀਤਾ ਗਿਆ ਸਨਮਾਨਿਤ
Next articleਮੈਂ ਤਾਂ ਮਜ਼ਦੂਰ ਹਾਂ…..