(ਸਮਾਜ ਵੀਕਲੀ) ਨਾ ਤਾਂ ਸਾਰੇ ਪ੍ਰਵਾਸੀ ਨੇ ਗੁਨਾਹ ਕੀਤਾ। ਤੇ ਨਾਹੀਂ ਕੋਈ ਉਸ ਗੁਨਾਹ ਕਰਨ ਵਾਲੇ ਦੇ ਹੱਕ ਵਿੱਚ ਹੈ। ਅੱਜ ਫ਼ਿਰ ਤੋਂ ਪੰਜਾਬ ਉਨ੍ਹਾਂ ਫ਼ਿਰਕੂ ਤਾਕਤਾਂ ਨਾਲ ਲੜ ਰਿਹਾ ਹੈ ਜਿਨ੍ਹਾਂ ਤਾਕਤਾਂ ਨੇ ਕਦੇ ਦੇਸ਼ ਨੂੰ ਅੱਗਾਂ ਲਾਈਆਂ, ਗਲਾਂ ‘ਚ ਟਾਇਰ ਪਾ-ਪਾਕੇ ਬੇਕਸੂਰ ਸਿੱਖਾਂ ਨੂੰ ਸਾੜਿਆ। ਅਸੀਂ ਬਦਫ਼ੈਲੀਆਂ, ਬਲਾਤਕਾਰੀ, ਗੁੰਡੇ, ਕਾਤਲਾਂ ਦੇ ਹੱਕ ਵਿੱਚ ਨਹੀਂ, ਬਲਕਿ ਅਸੀਂ ਰੋਜ਼ੀ ਰੋਟੀ ਖਾਤਰ ਘਰਾਂ ਨੂੰ ਛੱਡ ਸਾਡੇ ਖੇਤਾਂ, ਮੰਡੀਆਂ, ਫੈਕਟਰੀਆਂ, ਬਜ਼ਾਰਾਂ, ਵਿਆਹਾਂ, ਦੁਕਾਨਾਂ ‘ਚ ਮਜ਼ਦੂਰੀ ਕਰਨ ਆਏ ਲੋਕਾਂ ਦੇ ਹਮਾਇਤੀ ਹਾਂ। ਜਿਨ੍ਹਾਂ ਦੀਆਂ ਔਰਤਾਂ ਵੀ ਸਾਡੇ ਖੇਤਾਂ, ਘਰਾਂ ‘ਚ ਕੰਮ ਕਰਦੀਆਂ। ਕੌਣ ਹਨ ਉਹ ਲੋਕ, ਜਿਹੜੇ ਕਹਿੰਦੇ ਪੰਜਾਬੀਆਂ ਨੂੰ ਪ੍ਰਵਾਸੀਆਂ ਤੋਂ ਖ਼ਤਰਾ ? ਸਾਨੂੰ ਪ੍ਰਵਾਸੀਆਂ ਤੋਂ ਨਹੀਂ, ਬਲਕਿ ਹਜ਼ਾਰਾਂ ਪੰਜਾਬੀਆਂ ਵੱਲੋਂ ਕੀਤੇ ਜਾਂਦੇ ਹਜ਼ਾਰਾਂ ਅਪਰਾਧ ਮਗਰੋਂ ਇੱਕ ਪ੍ਰਵਾਸੀ ਦੇ ਕੀਤੇ ਅਪਰਾਧ ‘ਤੇ ਹਿੰਸਕ ਹੋਕੇ ਹਿੰਸਾ ਫੈਲਾਉਣ, ਸਮੁੱਚੇ ਤਬਕੇ ਨੂੰ ਜ਼ਲੀਲ ਕਰਕੇ ਪੰਜਾਬ ‘ਚੋਂ ਕੱਢਣ ਵਾਲੀਆਂ ਫ਼ਿਰਕੂ ਤਾਕਤਾਂ ਤੋਂ ਖ਼ਤਰਾ ਹੈ। ਦਿੱਲੀ ਕਿਸਾਨੀ ਅੰਦੋਲਨ ਸਮੇਂ ਕਿਸਾਨੀ ਅੰਦੋਲਨ ਬਹੁਤ ਵਧੀਆ ਬਿਨਾਂ ਹਿੰਸਕ ਹੋਇਆ ਸੰਸਾਰ ਪੱਧਰ ‘ਤੇ ਅੱਗੇ ਵਧਦਾ ਜਾ ਰਿਹਾ ਸੀ। ਕਿਸੇ ਨੂੰ ਲੱਗਿਆ ਕਿ ਇਸਨੂੰ ਰੋਕਿਆ ਜਾਵੇ। ਉਦੋਂ ਹੀ (ਨਾ ਹੋਈ) ਬੇਅਦਬੀ ਦੇ ਨਾਮ ਹੇਠ ਮਾਤੜ ਜਿਹੇ ਮੰਦਬੁੱਧੀ ਬੰਦੇ ਦਾ ਸਿੰਘੂ ਬਾਰਡਰ ‘ਤੇ ਕ਼ਤਲ ਕੀਤਾ ਗਿਆ। ਨਾਲ ਹੀ ਨੈਸ਼ਨਲ ਗੋਦੀ ਮੀਡੀਆ, ‘ਤੇ ਪੰਜਾਬ ‘ਚ ਫਿਰਕੂਵਾਦ ਦੇ ਭੜਕਦੇ ਤੱਤ ਐਕਟਿਵ ਹੋ ਗਏ। ਭਾਵ ਕਿ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਸਭ ਕੀਤਾ ਗਿਆ ਸੀ। ਓ ਤਾਂ ਧੰਨਵਾਦ ਕਰਨਾ ਬਣਦਾ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਦਾ ਜਿਸਨੇ ਭਾਜਪਾ ਦੇ ਹੱਥਠੋਕੇ ਬਣਕੇ ਤੋਮਰ ਨਾਲ ਮੀਟਿੰਗਾਂ ਕਰਨ ਵਾਲਿਆਂ ਦੀਆਂ ਫੋਟੋਆਂ ਨਸ਼ਰ ਕਰਕੇ ਅੰਦੋਲਨ ਨੂੰ ਮੁੜ ਸਹੀ ਥਾਂ ਲਿਆਂਦਾ। ਅਜਿਹਾ ਹੀ ਕੁਝ ਇਸ ਸਮੇਂ ਪੰਜਾਬ ‘ਚ ਹੋਇਆ। ‘ਲੈਂਡ ਪੂਲਿੰਗ ਨੀਤੀ’ ਰੱਦ ਕਰਾਉਣ ਦੀ ਜੰਗ ਜਿੱਤਣ ਤੋਂ ਬਾਅਦ ਪੰਜਾਬ ਦਾ ਵੱਡਾ ਹਿੱਸਾ ਹੜਾਂ ਦੀ ਮਾਰ ਹੇਠ ਆਇਆ। ਪੂਰਾ ਪੰਜਾਬ ਡਟਕੇ ਹੜ ਪੀੜਤਾਂ ਨਾਲ ਖੜਿਆ। ਸਰਕਾਰ ਨੂੰ ਸਵਾਲਾਂ ਦੇ ਕਟਿਹਰੇ ‘ਚ ਖੜਾਉਣਾ ਸ਼ੁਰੂ ਕੀਤਾ, ਨੁਕਸਾਨ ਦੇ ਮੁਆਵਜ਼ੇ ਦੀ ਮੰਗ ਉੱਠਣ ਲਈ। ਅਚਾਨਕ ਹੀ ਬੱਚੇ ਦੇ ਕ਼ਤਲ ਦਾ ਮਾਮਲਾ ਭਖਦਾ ਹੈ। ਹੈਰਾਨੀ ਦੀ ਗੱਲ ਇਹ ਸੀ ਕ਼ਤਲ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਮਿਲੇ ਇਸਤੇ ਨਾਂਮਾਤਰ ਗੱਲ ਹੋਈ, ਸਮੁੱਚੇ ਪ੍ਰਵਾਸੀਆਂ ਖ਼ਿਲਾਫ਼ ਪੰਜਾਬ ਭਰ ‘ਚ ‘ਭੱਈਏ ਭਜਾਓ’ ਦੀ ਅਖੌਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਬਚੋ! ਸਮਝੋਂ! ਰੁਕੋ!
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



