ਬਲਦੇਵ ਸਿੰਘ ਬੇਦੀ
ਰਾਸ਼ਟਪਤੀ ਜੀ ਕੋਲੋ ‘ਪਦਮ ਸ੍ਰੀ’ ਲੈਂਦੀ ਹੋਏ ਸਿੰਧੁਤਾਈ ਮਾਈ
(ਸਮਾਜ ਵੀਕਲੀ) ਮਾਂ ਸਿਰਫ਼ ਉਹ ਨਹੀਂ ਹੁੰਦੀ ਜੋ ਬੱਚੇ ਨੂੰ ਜਨਮ ਦੇਵੇ, ਮਾਂ ਉਹ ਵੀ ਹੁੰਦੀ ਹੈ ਜੋ ਕਿਸੇ ਬੇਸਹਾਰਾ ਬੱਚੇ ਦੀਆਂ ਅੱਖਾਂ ਵਿੱਚ ਲੁਕੀ ਹੋਈ ਮਮਤਾ ਦੀ ਭੁੱਖ, ਦਰਦ ਅਤੇ ਬੇਬਸੀ ਨੂੰ ਆਪਣੇ ਪੱਲੇ ਨਾਲ ਢੱਕ ਲਵੇ। ਅਜਿਹੀ ਹੀ ਮਮਤਾ ਦੀ ਜੀਵੰਤ ਮੂਰਤ ਸੀ ਸਿੰਧੁਤਾਈ ਸਪਕਾਲ, ਜਿਨ੍ਹਾਂ ਨੂੰ ਦੁਨੀਆ “ਅਨਾਥਾਂ ਦੀ ਮਾਂ” ਦੇ ਨਾਂ ਵਜੋਂ ਸਤਿਕਾਰ ਸਹਿਤ ਯਾਦ ਕਰਦੀ ਹੈ। ਮਦਰ ਡੇਅ ਦੇ ਮੌਕੇ ’ਤੇ ਜਦੋਂ ਦੁਨੀਆ ਆਪਣੀਆਂ ਮਾਵਾਂ ਨੂੰ ਸਲਾਮ ਕਰਦੀ ਹਨ, ਤਾਂ ਸਿੰਧੁਤਾਈ ਵਰਗੀਆਂ ਰੂਹਾਂ ਦਾ ਜ਼ਿਕਰ ਆਪਣੇ ਆਪ ਦਿਲ ਦੀਆਂ ਗਹਿਰਾਈਆਂ ਵਿੱਚ ਉਤਰ ਆਉਂਦਾ ਹੈ। 14 ਨਵੰਬਰ 1948 ਨੂੰ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ‘ਚ ਇੱਕ ਗਰੀਬ ਗਾਵਾਂ ਚਾਰਨ ਵਾਲੇ ਪਰਿਵਾਰ ਵਿੱਚ ਜਨਮੀ ਇਸ ਬੱਚੀ ਦਾ ਨਾਂ ਸਿੰਧੁਤਾਈ ਰੱਖਿਆ ਗਿਆ, ਪਰ ਘਰ ਵਿੱਚ ਉਸ ਨੂੰ “ਚਿੰਦੀ” ਕਿਹਾ ਜਾਣ ਲੱਗਾ, ਜਿਸਦਾ ਅਰਥ ਸੀ — ਨਿਕੰਮੀ। ਗਰੀਬੀ ਇੰਨੀ ਡੂੰਘੀ ਸੀ ਕਿ ਪੜ੍ਹਾਈ ਉਸ ਦੀ ਕਿਸਮਤ ਵਿੱਚ ਚੌਥੀ ਜਮਾਤ ਤੋਂ ਵੱਧ ਲਿਖੀ ਨਾ ਗਈ। ਬਚਪਨ ਹਾਲੇ ਖੇਡਾਂ ਅਤੇ ਖ਼ੁਆਬਾਂ ਦੀ ਉਮਰ ਵਿੱਚ ਸੀ ਕਿ ਕੇਵਲ 10 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਆਪਣੇ ਨਾਲੋਂ 18 ਸਾਲ ਵੱਡੀ ਉਮਰ ਦੇ ਵਿਅਕਤੀ ਸ਼੍ਰੀ ਹਰਿ ਸਪਕਾਲ ਨਾਲ ਕਰ ਦਿੱਤਾ ਗਿਆ।
ਪਰ ਜ਼ਿੰਦਗੀ ਨੇ ਹਾਲੇ ਹੋਰ ਇਮਤਿਹਾਨ ਬਾਕੀ ਰੱਖੇ ਹੋਏ ਸਨ। ਜਦੋਂ ਸਿੰਧੁਤਾਈ 20 ਸਾਲ ਦੀ ਉਮਰ ਵਿੱਚ ਗਰਭਵਤੀ ਹੋਈ, ਤਾਂ ਇੱਕ ਝੂਠੇ ਦੋਸ਼ ਦੇ ਆਧਾਰ ’ਤੇ ਉਸ ਦੇ ਪਤੀ ਨੇ ਉਸ ਨੂੰ 9ਵੇਂ ਮਹੀਨੇ ‘ਚ ਘਰੋਂ ਕੱਢ ਦਿੱਤਾ। ਇਕੱਲੀ, ਬੇਸਹਾਰਾ ਅਤੇ ਦਰਦ ਨਾਲ ਟੁੱਟੀ ਹੋਈ ਸਿੰਧੁਤਾਈ ਇੱਕ ਗਊਸ਼ਾਲਾ ਵਿੱਚ ਪਹੁੰਚੀ, ਜਿੱਥੇ ਉਸ ਨੇ ਆਪਣੀ ਧੀ ਨੂੰ ਜਨਮ ਦਿੱਤਾ। ਉਹ ਪਲ ਕਿਸੇ ਵੀ ਔਰਤ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਹੋ ਸਕਦਾ ਸੀ, ਪਰ ਸਿੰਧੁਤਾਈ ਲਈ ਉਹ ਹਨੇਰਿਆਂ ਨਾਲ ਭਰਿਆ ਇਕ ਨਵਾਂ ਸੰਘਰਸ਼ ਸੀ। ਕਈ ਵਾਰ ਉਸ ਦੇ ਮਨ ਵਿੱਚ ਆਤਮਹੱਤਿਆ ਦਾ ਖ਼ਿਆਲ ਵੀ ਆਇਆ, ਪਰ ਆਪਣੀ ਧੀ ਦਾ ਚਿਹਰਾ ਵੇਖ ਕੇ ਉਸ ਨੇ ਜ਼ਿੰਦਗੀ ਦੀ ਇਸ ਹਾਰ ਨੂੰ ਮਨਜ਼ੂਰ ਨਾ ਕੀਤਾ।
ਸਿੰਧੁਤਾਈ ਆਪਣੀ ਖੁਸ਼ੀ ਨੂੰ ਸੁਪਰਸਟਾਰ ਅਮਿਤਾਬ ਬੱਚਨ ਨਾਲ ਸਾਂਝੀ ਕਰਦੇ ਹੋਏ
ਕਦੇ ਰੇਲਵੇ ਸਟੇਸ਼ਨਾਂ ਅਤੇ ਕਦੇ ਸ਼ਮਸ਼ਾਨ ਘਾਟਾਂ ਵਿੱਚ ਰਾਤਾਂ ਕੱਟਣੀਆਂ ਪਈਆਂ। ਭੁੱਖ ਮਿਟਾਉਣ ਲਈ ਲੋਕਾਂ ਅੱਗੇ ਹੱਥ ਤਕ ਅੱਡਣਾ ਪੈਂਦਾ ਪਰ ਹਾਰ ਨਾ ਮੰਨੀ। ਇਸ ਦਰਦ ਭਰੇ ਸਫ਼ਰ ਦੌਰਾਨ ਉਸ ਨੇ ਇੱਕ ਹੋਰ ਵੱਡਾ ਦਰਦ ਮਹਿਸੂਸ ਕੀਤਾ — ਉਹਨਾਂ ਲਾਵਾਰਿਸ ਬੱਚਿਆਂ ਦਾ ਦਰਦ, ਜੋ ਸੜਕਾਂ ਅਤੇ ਸਟੇਸ਼ਨਾਂ ’ਤੇ ਭੁੱਖੇ, ਨੰਗੇ ਅਤੇ ਬੇਸਹਾਰੇ ਫਿਰਦੇ ਸਨ।
ਉਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਆਪਣਾ ਹੀ ਦਰਦ ਵੇਖ ਕੇ ਸਿੰਧੁਤਾਈ ਨੇ ਇਹ ਫ਼ੈਸਲਾ ਕੀਤਾ ਕਿ ਜੇ ਜ਼ਿੰਦਗੀ ਨੇ ਉਸ ਤੋਂ ਸਭ ਕੁਝ ਖੋਹਿਆ ਹੈ, ਤਾਂ ਹੁਣ ਉਹ ਆਪਣੀ ਬਾਕੀ ਦੀ ਜ਼ਿੰਦਗੀ ਇਨ੍ਹਾਂ ਲਈ ਜੀਵੇਗੀ, ਜਿਨ੍ਹਾਂ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਹੌਲੀ-ਹੌਲੀ ਉਸ ਨੇ ਅਨਾਥ ਬੱਚਿਆਂ ਨੂੰ ਆਪਣੀ ਮਮਤਾ ਦਾ ਸਹਾਰਾ ਦੇਣਾ ਸ਼ੁਰੂ ਕੀਤਾ। ਆਪਣੇ ਅਤੇ ਉਹਨਾਂ ਬੱਚਿਆ ਦੇ ਪੇਟ ਭਰਨ ਲਈ ਉਹ ਰੇਲਵੇ ਸਟੇਸ਼ਨਾਂ ’ਤੇ ਭੀਖ ਤਕ ਵੀ ਮੰਗਦੀ ਰਹੀ, ਪਰ ਉਸ ਦੀ ਮਮਤਾ ਕਦੇ ਘੱਟ ਨਾ ਹੋਈ।
ਸਮਾਜ ਸੇਵੀ ਲੋਕਾਂ ਦਾ ਸਹਿਯੋਗ ਮਿਲਦਾ ਗਿਆ ਅਤੇ ਉਹ ਮਾਂ ਦੀ ਮਮਤਾ ਵਾਲਾ ਇੱਕ ਹਰਿਆ ਭਰਿਆ ਦਰੱਖ਼ਤ ਬਣਦੀ ਗਈ ਅਤੇ ਜਿਸ ਦੀ ਛਾਂ ਹੇਠ ਉਸ ਨੇ ਮਹਾਰਾਸ਼ਟਰ ਵਿੱਚ ਕਈ ਅਨਾਥ ਆਸ਼ਰਮ ਸਥਾਪਿਤ ਕਰ ਇਕ ਟਰੱਸਟ ਦੀ ਸਥਾਪਨਾ ਕੀਤੀ, ਜਿੱਥੇ 1500 ਤੋਂ ਵੱਧ ਬੱਚਿਆਂ ਨੂੰ ਨਾ ਸਿਰਫ਼ ਰਹਿਣ ਲਈ ਛੱਤ ਮਿਲੀ, ਸਗੋਂ ਸਿੱਖਿਆ, ਪਿਆਰ ਅਤੇ ਇੱਕ ਨਵੀਂ ਜ਼ਿੰਦਗੀ ਦੀ ਸੌਗਾਤ ਵੀ ਮਿਲੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਨੇ ਆਪਣੀ ਧੀ ਨੂੰ ਵੀ ਇਸ ਟਰੱਸਟ ਦੇ ਹਵਾਲੇ ਕਰ ਦਿੱਤਾ, ਤਾਂ ਜੋ ਉਹ ਆਪਣੀ ਧੀ ਅਤੇ ਬਾਕੀ ਅਨਾਥ ਬੱਚਿਆਂ ਵਿੱਚ ਕੋਈ ਫ਼ਰਕ ਨਾ ਰੱਖ ਸਕੇ।
ਅੱਜ ਉਸ ਦੇ ਪਾਲੇ ਹੋਏ ਬੱਚਿਆਂ ਵਿੱਚੋਂ ਸੈਂਕੜੇ ਡਾਕਟਰ, ਅਧਿਆਪਕ, ਵਕੀਲ ਅਤੇ ਉੱਚੇ ਅਹੁਦਿਆਂ ’ਤੇ ਬੈਠੇ ਲੋਕ ਆਪਣੀ ਇਸ ਸਿੰਧੁਤਾਈ “ਮਾਈ” ਦਾ ਨਾਂ ਰੌਸ਼ਨ ਕਰ ਰਹੇ ਹਨ। ਕਿਉਂਕਿ ਸਿੰਧੁਤਾਈ ਨੇ ਇਹ ਸਾਬਤ ਕੀਤਾ ਕਿ ਮਾਂ ਬਣਨ ਲਈ ਖ਼ੂਨ ਦਾ ਰਿਸ਼ਤਾ ਜ਼ਰੂਰੀ ਨਹੀਂ ਹੁੰਦਾ, ਦਿਲ ਵਿੱਚ ਮਮਤਾ ਵੀ ਹੋਣੀ ਚਾਹੀਦੀ ਹੈ। ਇਸੇ ਲਈ ਲੋਕ ਪਿਆਰ ਨਾਲ ਉਸ ਨੂੰ “ਮਾਈ” ਕਹਿੰਦੇ ਹਨ।
ਉਸ ਨੇ ਇਨ੍ਹਾਂ ਸਾਰੇ ਅਨਾਥ ਬਚਿਆਂ ਨੂੰ ਮਾਂ ਵਾਂਗ ਪਾਲਿਆ ਅਤੇ ਉਨ੍ਹਾਂ ਰਾਹੀਂ ਕਰੀਬ 400 ਜਵਾਈਆਂ ਅਤੇ 60 ਨੂੰਹਾਂ ਦਾ ਇੱਕ ਵਿਸ਼ਾਲ ਪਰਿਵਾਰ ਖੜ੍ਹਾ ਕੀਤਾ।
ਸਿੰਧੁਤਾਈ ਨੂੰ ਉਸਦੇ ਸਮਾਜ ਸੇਵਾ ਦੇ ਕਾਰਜਾਂ ਲਈ 700 ਤੋਂ ਵੱਧ ਰਾਸ਼ਟਰੀ ਅਤੇ ਸਥਾਨਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ,ਜਿੰਨ੍ਹਾ ‘ਚ ਸਾਲ 2017 ਵਿੱਚ “ਨਾਰੀ ਸ਼ਕਤੀ ਪੁਰਸਕਾਰ” ਅਤੇ 2021 ਵਿੱਚ “ਪਦਮ ਸ੍ਰੀ” ਪੁਰਸਕਾਰ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡੀ.ਵਾਈ. ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਰਿਸਰਚ, ਪੁਣੇ ਤੋਂ ਡਾਕਟਰੇਟ ਦੀ ਡਿਗਰੀ ਦੇਕੇ ਵੀ ਸਨਮਾਨਿਤ ਕੀਤਾ ਗਿਆ।
ਉਸ ਦੇ ਅਦਭੁੱਤ ਜੀਵਨ ਸੰਘਰਸ਼ ਨੂੰ ਪਰਦੇ ’ਤੇ ਲਿਆਉਣ ਵਾਲੀ ਮਰਾਠੀ ਫਿਲਮ “ਮੀ ਸਿੰਧੁਤਾਈ ਸਪਕਲ” ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਬੇਹੱਦ ਸਰਾਹਿਆ ਗਿਆ। ਇਸ ਫਿਲਮ ਨੂੰ 54ਵੇਂ ਬੀ.ਐੱਫ.ਆਈ. ਲੰਡਨ ਫ਼ਿਲਮ ਫੈਸਟੀਵਲ ਵਿੱਚ ਵਿਸ਼ਵ ਪ੍ਰੀਮੀਅਰ ਲਈ ਵੀ ਚੁਣਿਆ ਗਿਆ ਸੀ। ਜਿਸ ਨਾਲ ਸਿੰਧੁਤਾਈ ਦੀ ਪ੍ਰੇਰਕ ਕਹਾਣੀ ਨੂੰ ਅੰਤਰਰਾਸ਼ਟਰੀ ਪਛਾਣ ਮਿਲੀ। ਇਸ ਤੋਂ ਇਲਾਵਾ ਸਾਲ 2023 ਵਿੱਚ “ਸਿੰਧੁਤਾਈ ਮਾਝਾ ਮਾਈ” ਮਰਾਠੀ ਟੀ.ਵੀ. ਧਾਰਾਵਾਹਿਕ ਵੀ ਪ੍ਰਸਾਰਿਤ ਹੋਇਆ, ਜੋ ਉਨ੍ਹਾਂ ਦੀ ਸੱਚੀ ਅਤੇ ਪ੍ਰੇਰਣਾਦਾਇਕ ਜੀਵਨ ਕਹਾਣੀ ਤੋਂ ਪ੍ਰੇਰਿਤ ਸੀ।
4 ਜਨਵਰੀ 2022 ਨੂੰ ਪੁਣੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇਹ ਮਹਾਨ ਰੂਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ, ਪਰ ਉਹ ਅੱਜ ਵੀ ਹਜ਼ਾਰਾਂ ਬੱਚਿਆਂ ਦੀਆਂ ਦੁਆਵਾਂ, ਮੁਸਕਾਨਾਂ ਅਤੇ ਸਫ਼ਲਤਾਵਾਂ ਵਿੱਚ ਜ਼ਿੰਦਾ ਹੈ। ਉਸ ਦਾ ਬਣਾਇਆ ਟਰੱਸਟ ਸਿੰਧੁਤਾਈ ਮਾਈ ਦੇ ਤੁਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਸੋਚ ਨੂੰ ਅੱਗੇ ਵੱਲ ਲੈਕੇ ਜਾ ਰਿਹਾ ਹੈ।
ਮਦਰ ਡੇਅ ਦੇ ਇਸ ਪਾਵਨ ਮੌਕੇ ’ਤੇ ਸਿੰਧੁਤਾਈ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਾਂ ਉਹ ਨਹੀਂ ਜੋ ਸਿਰਫ਼ ਜਨਮ ਦੇਵੇ, ਮਾਂ ਉਹ ਵੀ ਹੈ ਜੋ ਕਿਸੇ ਬੇਸਹਾਰਾ ਦੀ ਟੁੱਟੀ ਹੋਈ ਜ਼ਿੰਦਗੀ ਨੂੰ ਆਪਣੀ ਮਮਤਾ ਨਾਲ ਮੁੜ ਸਵਾਰ ਦੇਵੇ। ਕੁਝ ਮਾਵਾਂ ਘਰਾਂ ਨੂੰ ਸੰਭਾਲਦੀਆਂ ਹਨ, ਪਰ ਸਿੰਧੁਤਾਈ ਵਰਗੀਆਂ ਮਾਵਾਂ ਪੂਰੀ ਇਨਸਾਨੀਅਤ ਨੂੰ ਆਪਣੀ ਗੋਦ ਵਿੱਚ ਥਾਂ ਦੇ ਦਿੰਦੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly