
(ਸਮਾਜ ਵੀਕਲੀ) ਪਲਕਪ੍ਰੀਤ ਕੌਰ ਬੇਦੀ, ਜਲੰਧਰ ਦੀ ਰਹਿਣ ਵਾਲੀ ਅਜਿਹੀ ਨੌਜਵਾਨ ਵਿਦਿਆਰਥਣ ਹੈ ਜੋ ਸਿਰਫ਼ ਆਪਣੀ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਸਿਰਜਣਾਤਮਕਤਾ ‘ਚ ਵੀ ਬਹੁਤ ਕਮਾਲ ਹੈ। ਉਹ ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਵਿਦਿਆਰਥਣ ਹੈ ( ਜੋ ਆਪਣੇ ਸ਼ਾਨਦਾਰ ਵਿਦਿਆਤਮਕ ਪ੍ਰਦਰਸ਼ਨ ਅਤੇ ਸਰਗਰਮੀਆਂ ਲਈ ਜਾਣਿਆ ਜਾਂਦਾ ਹੈ ) ਪਲਕਪ੍ਰੀਤ ਦਾ ਵਿਦਿਆਰਥਣ ਹੋਣ ਤੋਂ ਇਲਾਵਾ ਲਿਖਣ ਨਾਲ ਗੂੜ੍ਹਾ ਸੰਬਧ ਹੈ, ਜੋ ਉਸਦੀ ਸਿਰਜਣਾਤਮਕ ਸੋਚ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦੇ ਤਰੀਕੇ ਨੂੰ ਦਰਸਾਉਂਦਾ ਹੈ।
ਪਲਕਪ੍ਰੀਤ ਦੀ ਲਿਖਣੀ ਸਿਰਫ਼ ਉਸਦਾ ਸ਼ੌਂਕ ਹੀ ਨਹੀਂ , ਸਗੋਂ ਇੱਕ ਪ੍ਰਕਿਰਿਆ ਹੈ ਜਿਹੜੀ ਉਸਦੇ ਵਿਚਾਰਾਂ ਨੂੰ ਸੰਵਾਰਦੀ ਹੈ ਅਤੇ ਉਹਨਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਕਾਗਜ਼ ਤੇ ਪੇਸ਼ ਕਰਦੀ ਹੈ। ਉਹ ਅਕਸਰ ਆਪਣੇ ਵਿਚਾਰ ਪੰਜਾਬੀ ਦੀਆਂ ਵੱਖ-ਵੱਖ ਅਖ਼ਬਾਰਾਂ ਵਿੱਚ ਸਾਂਝੇ ਕਰਦੀ ਰਹਿੰਦੀ ਹੈ। ਉਸਦੀ ਲਿਖਤ ਵਿੱਚ ਸਿਰਫ਼ ਭਾਵਪੂਰਨਤਾ ਹੀ ਨਹੀਂ, ਸਗੋਂ ਜ਼ਿੰਦਗੀ ਦੇ ਵੱਖ-ਵੱਖ ਤਜਰਬਿਆਂ ਦਾ ਵੀ ਡੂੰਘਾ ਜ਼ਿਕਰ ਹੁੰਦਾ ਹੈ। ਪੰਜਾਬੀ ਅਖ਼ਬਾਰਾਂ ਵਿੱਚ ਲਿਖਤਾਂ ਦਾ ਪ੍ਰਕਾਸ਼ਨ, ਉਸਦੀ ਕਲਾ ਦੇ ਮਿਆਰ ਅਤੇ ਉਸਦੀ ਸੂਝ- ਬੁੱਝ ਨੂੰ ਦਰਸਾਉਂਦਾ ਹੈ।
ਪਲਕਪ੍ਰੀਤ ਦਾ ਲਿਖਣ ਦਾ ਅੰਦਾਜ਼ ਬਹੁਤ ਹੀ ਸਧਾਰਣ ਹੈ, ਪਰ ਇਸ ਸਧਾਰਣਤਾ ਵਿੱਚ ਵੀ ਉਹ ਡੁੰਘਾਈ ਨੂੰ ਪੇਸ਼ ਕਰਨ ਦਾ ਤਜ਼ਰਬਾ ਰੱਖਦੀ ਹੈ। ਸਾਡੇ ਆਲੇ-ਦੁਆਲੇ ਦੇ ਆਮ ਦ੍ਰਿਸ਼ਾਂ ਨੂੰ ਹੀ ਆਪਣੇ ਸ਼ਬਦਾਂ ਦੇ ਜਰੀਏ ਖ਼ਾਸ ਬਣਾ ਦਿੰਦੀ ਹੈ। ਕਈ ਵਾਰ, ਉਸਦੀ ਲਿਖਤ ਅਜਿਹੇ ਮਸਲਿਆਂ ਤੇ ਰੌਸ਼ਨੀ ਪਾਉਂਦੀ ਹੈ ਜਿਨ੍ਹਾਂ ਬਾਰੇ ਲੋਕ ਘੱਟ ਹੀ ਗੱਲ ਕਰਦੇ ਹਨ। ਜਿਸ ਨਾਲ ਉਸਦੇ ਪਾਠਕਾਂ ਨੂੰ ਵੀ ਆਪਣੇ ਜੀਵਨ ਵਿੱਚ ਸੋਚਣ ਦਾ ਮੌਕਾ ਮਿਲਦਾ ਹੈ।
ਜਿਹੜੇ ਵਿਦਿਆਰਥੀ ਸਿਰਫ਼ ਪੜ੍ਹਾਈ ਵਿੱਚ ਹੀ ਰੁੱਚੀ ਰੱਖਦੇ ਹਨ, ਉਹਨਾਂ ਲਈ ਪਲਕਪ੍ਰੀਤ ਇੱਕ ਪ੍ਰੇਰਨਾ ਹੈ ਕਿ ਕਿਵੇਂ ਸਿਰਜਣਾਤਮਕਤਾ ਨੂੰ ਆਪਣੀ ਪੜ੍ਹਾਈ ਦੇ ਨਾਲ ਜੋੜ ਕੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਉਹ ਇਸ ਗੱਲ ਦੀ ਪ੍ਰਤੀਕ ਹੈ ਕਿ ਇੱਕ ਵਿਦਿਆਰਥੀ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਉਹ ਆਪਣੇ ਵਿਚਾਰਾਂ ਅਤੇ ਸ਼ੌਂਕਾਂ ਦੇ ਜ਼ਰੀਏ ਆਪਣੇ ਜੀਵਨ ਵਿੱਚ ਇੱਕ ਵੱਖਰੀ ਪਛਾਣ ਵੀ ਬਣਾ ਸਕਦਾ ਹੈ।
ਉਸ ਨੇ ਦਸਿਆ ਕਿ,ਮੈਂ ਆਪਣੇ ਪਿਤਾ ਜੀ ਦੇ ਆਸ਼ੀਰਵਾਦ ਅਤੇ ਉਨ੍ਹਾਂ ਦੀ ਸਿੱਖਿਆ ਨਾਲ ਹੀ ਆਪਣੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦਿੱਤੀ।ਮੇਰੇ ਪਿਤਾ ਜੀ ਜੋਕਿ ਪਿਛਲੇ ਤਕਰੀਬਨ 30 ਸਾਲਾਂ ਤੋਂ ਹਿੰਦੀ ਅਤੇ ਪੰਜਾਬੀ ਦੀਆਂ ਵੱਖ ਵੱਖ ਅਖ਼ਬਾਰਾਂ ਵਿੱਚ ਲੇਖ ਲਿਖ ਰਹੇ ਹਨ। ਮੇਰੇ ਲਈ ਉਹ ਸਿਰਫ ਇੱਕ ਬੇਹਤਰੀਨ ਲੇਖਕ ਹੀ ਨਹੀਂ, ਸਗੋਂ ਮੇਰੇ ਪ੍ਰੇਰਣਾਦਾਇਕ ਗੁਰੂ ਵੀ ਬਣੇ। ਉਹਨਾਂ ਦੇ ਸਾਥ ਨਾਲ ਹੀ ਮੈਂ ਲਿਖਣਾ ਸ਼ੁਰੂ ਕੀਤਾ।ਮੈਂ ਆਪਣਾ ਪਹਿਲਾ ਲੇਖ ਦਸਵੀਂ ਕਲਾਸ ਵਿੱਚ ਪੜ੍ਹਦੇ ਹੋਏ ਲਿਖਿਆ। ਇਸ ਦੌਰਾਨ ਬਹੁਤ ਸਾਰੇ ਰਿਸ਼ਤੇਦਾਰ ਅਤੇ ਦੋਸਤ ਮੈਨੂੰ ਇਹ ਕਹਿੰਦੇ ਰਹੇ ਕਿ “ਤੂੰ ਹੁਣ ਪੜ੍ਹਨ ਦੀ ਉਮਰ ਵਿਚ ਹੈ ਅਤੇ ਪੜ੍ਹ, ਇਹਨਾ ਕੰਮਾਂ ਵੱਲ ਨਾ ਜਾ,” ਪਰ ਮੈਨੂੰ ਆਪਣੇ ਪਿਤਾ ਦੀ ਸਿੱਖਿਆ ਤੇ ਪੂਰਾ ਭਰੋਸਾ ਸੀ। ਜਦੋਂ ਮੇਰਾ ਪਹਿਲਾ ਲੇਖ ਅਖ਼ਬਾਰ ਵਿੱਚ ਛਪਿਆ, ਤਾਂ ਲੋਕਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਮੈਂ ਲਿਖਿਆ ਹੈ। ਸਾਰੇ ਇਹ ਕਹਿ ਰਹੇ ਸਨ ਕੀ, “ਇਹ ਤਾਂ ਤੇਰੇ ਪਾਪਾ ਨੇ ਲਿਖਿਆ ਹੋਣਾ, ਤੂੰ ਨਹੀਂ।” ਪਰ ਮੈਂ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਲਿਖਤਾਂ ਨੂੰ ਜਾਰੀ ਰੱਖਿਆ। ਜਿਵੇਂ-ਜਿਵੇਂ ਮੈਂ ਲਿਖਦੀ ਗਈ, ਲੋਕਾਂ ਦਾ ਸਹਿਯੋਗ ਅਤੇ ਪ੍ਰਸ਼ੰਸਾ ਮਿਲਣੀ ਸ਼ੁਰੂ ਹੋ ਗਈ। ਮੇਰੇ ਕਾਲਜ ਵਾਲਿਆਂ ਨੇ ਵੀ ਮੇਰੇ ਲੇਖਾਂ ਦੀ ਪ੍ਰਸ਼ੰਸਾ ਕੀਤੀ ਅਤੇ ਮੈਨੂੰ ਉਤਸ਼ਾਹ ਵਾਦੀ ਸਿੱਖਿਆ ਨਾਲ ਅੱਗੇ ਵਧਣ ਦਾ ਹੌਸਲਾ ਦਿੱਤਾ। ਕਾਲਜ਼ ਵਲੋਂ ਮੇਰੀ ਫੋਟੋ ਹਰ ਨੋਟਿਸ ਬੋਰਡ ਤੇ ਲਗਾਈ ਗਈ ਅਤੇ ਹਰ ਫੈਸਟੀਵਲ ਤੇ ਮੈਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਅਕਾਸ਼ਵਾਣੀ ਜਲੰਧਰ ਨੇ ਵੀ ਮੈਨੂੰ ਆਪਣੇ ਲਾਈਵ ਪ੍ਰੋਗਰਾਮ ‘ਯੁਵਵਾਣੀ’ ‘ਚ ਉਭਰਦੀ ਲੇਖਿਕਾਂ ਤਹਿਤ ਸੁਣਨ ਵਾਲਿਆਂ ਨਾਲ ਰੂ-ਬ-ਰੂ ਕਰਵਾਇਆ। ਅੱਜ ਮੈਂ ਆਪਣੇ ਪਿਤਾ ਜੀ ਦੀ ਸਿੱਖਿਆ ਅਤੇ ਪ੍ਰੇਰਣਾ ਸਦਕਾ ਹੀ ਇਸ ਮੁਕਾਮ ਤੇ ਪਹੁੰਚੀ ਹਾਂ।
ਪਲਕਪ੍ਰੀਤ ਦੇ ਰਚਨਾਤਮਕ ਕਾਰਜਾਂ ਨੇ ਉਸਦੀਆਂ ਲਿਖਤਾਂ ਨੂੰ ਅੱਜ ਵੱਡੇ ਪੱਧਰ ਤੇ ਪਛਾਣ ਦਿੱਤੀ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਉਸਦੀ ਚਾਹਤ ਉਸਦੇ ਕੰਮਾਂ ਵਿੱਚ ਸਾਫ਼ ਦਿੱਸਦੀ ਹੈ। ਉਸਦਾ ਇਹ ਜੋਸ਼ ਉਸ ਨੂੰ ਅੱਗੇ ਵੀ ਕਈ ਉਚਾਈਆਂ ਤੱਕ ਲੈ ਕੇ ਜਾ ਸਕਦਾ ਹੈ, ਕਿਉਂਕਿ ਜਦੋਂ ਕੋਈ ਵਿਅਕਤੀ ਆਪਣੀ ਰੁਚੀ ਦੇ ਨਾਲ ਸੱਚੀ ਮਹਿਨਤ ਕਰਦਾ ਹੈ, ਤਾਂ ਉਸਦੇ ਲਈ ਸਫ਼ਲਤਾ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹਦੇ ਰਹਿੰਦੇ ਹਨ।
ਰਮੇਸ਼ ਸ਼ੌਂਕੀ ਜਲੰਧਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



