(ਸਮਾਜ ਵੀਕਲੀ) ਸਮੇਂ ਦੀ ਰਫਤਾਰ ਬਹੁਤ ਤੇਜ਼ ਚੱਲਦੀ ਹੈ।ਬੇਸ਼ੱਕ ਦੁਨੀਆਂ ਭਾਵੇਂ ਚਲਦੀ ਚਲਦੀ ਰੁੱਕ ਜਾਵੇ ਪਰ ਸਮਾਂ ਕਦੇ ਨਹੀਂ ਰੁੱਕਦਾ।ਸਮੇਂ ਦੇ ਨਾਲ ਨਾਲ ਬਹੁਤ ਕੁਝ ਬਦਲ ਜਾਂਦਾ ਹੈ।ਸਮੇਂ ਦੇ ਹਾਣੀ ਬਣਨ ਵਾਸਤੇ ਸਮੇਂ ਨਾਲੋਂ ਜਿਆਦਾ ਚੱਲਣ ਦੀ ਲੋੜ ਹੁੰਦੀ ਹੈ।ਇਸੇ ਤਰਾਂ ਦੁਨੀਆ ਵਿੱਚ ਰਹਿੰਦੇ ਹੋਏ ਸਾਡੇ ਕਈਂ ਰਿਸ਼ਤੇ ਬਣੇ ਹੁੰਦੇ ਹਨ।ਜਿਹਨਾਂ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਮਰਿਯਾਦਾ ਵਿੱਚ ਰਹਿਣਾ ਪੈਂਦਾ ਹੈ।ਕਈ ਰਿਸ਼ਤੇ ਅਟੁੱਟ ਹੁੰਦੇ ਹਨ ਤੇ ਕਈ ਫੁੱਲਾਂ ਦੀ ਖ਼ੁਸ਼ਬੋ ਵਰਗੇ।ਖੈਰ ਸਾਰੇ ਰਿਸ਼ਤਿਆਂ ਦੀ ਗੱਲ ਕਰਨ ਲੱਗ ਪਏ ਤਾਂ ਕਈ ਵਰਕੇ ਭਰ ਜਾਣਗੇ।ਕਿਸੇ ਕੋਲ ਇੰਨਾਂ ਸਮਾਂ ਹੀ ਨਹੀਂ ਹੁੰਦਾ ਕਿ ਉਹ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਪੜ੍ਹ ਸਕਣ। ਅੱਜ ਸਿਰਫ ਮੈ ਉਸ ਪਵਿੱਤਰ ਰਿਸਤੇ ਨੂੰਹ ਤੇ ਸੱਸ ਦੀ ਕਰਨ ਜਾ ਰਿਹਾ ਹਾਂ।ਜਿਹਨਾਂ ਤੋਂ ਆਪਾਂ ਜਨਮ ਲੈਂਦੇ ਹਾਂ।ਸਾਡੇ ਘਰਾਂ ਵਿੱਚ ਜਾਂ ਆਲੇ ਦੁਆਲੇ ਅਸੀਂ ਹਰ ਰੋਜ਼ ਕੁੱਝ ਅਜਿਹੀਆਂ ਘਟਨਾਵਾਂ ਵਰਤਦੀਆਂ ਵੇਖਦੇ ਹਾਂ।ਜਿਹਨਾਂ ਨੂੰ ਵੇਖ ਕੇ ਕਦੇ ਕਦੇ ਰੂਹ ਕੰਬ ਜਾਂਦੀ ਹੈ।ਕੁੱਝ ਕੁ ਇਸ ਤਰਾਂ ਵੇਖਦੇ ਹਾਂ ਕਿ ਮਨ ਖੁਸ਼ ਹੋ ਜਾਂਦਾ ਹੈ।ਮੈਨੂੰ ਕਿਸੇ ਗੀਤ ਦੀਆਂ ਦੋ ਸਤਰਾਂ ਯਾਦ ਆ ਗਈਆਂ ਹਨ ਕਿ “ਕਿਸੇ ਨੇ ਸੌਂ ਕੇ ਰਾਤ ਗੁਜ਼ਾਰ ਲਈ ,ਕਿਸੇ ਨੇ ਰੋ ਕੇ ਰਾਤ ਗੁਜ਼ਾਰ ਲਈ”ਰਾਤ ਤਾਂ ਸਾਰਿਆਂ ਦੀ ਹੀ ਨਿੱਕਲ ਜਾਂਦੀ ਹੈ।ਪਰ ਇੱਕ ਪਲ ਖੁਸ਼ੀ ਨਾਲ ਲੰਘਣੇ ਦੂਸਰੇ ਦੁੱਖੀ ਹੋ ਕੇ ਲੰਘਾਉਣੇ।ਫ਼ਰਕ ਤਾਂ ਬਹੁਤ ਪੈਂਦਾ ਹੈ।ਇਸੇ ਤਰ੍ਹਾਂ ਹੀ ਨੂੰਹ ਸੱਸ ਦਾ ਰਿਸ਼ਤਾ ਹੁੰਦਾ ਹੈ।ਕਈਆਂ ਕਈਆਂ ਘਰਾਂ ਵਿੱਚ ਵੇਖਦੇ ਹਾਂ ਕਿ ਨੂੰਹ ਸੱਸ ਵਿੱਚੋ ਸੂਈ ਵੀ ਨਹੀਂ ਲੰਘਦੀ।ਇੱਕ ਦੂਜ਼ੇ ਨਾਲ ਘੁਲਮਿਲ ਕੇ ਰਹਿੰਦੀਆਂ ਹਨ।ਦੂਰੋਂ ਵੇਖਣ ਵਾਲਾ ਜੱਜਮੈਂਟ ਵੀ ਨਹੀਂ ਕਰ ਸਕਦਾ ਕਿ ਇਹ ਮਾਵਾਂ ਧੀਆਂ ਹੋਣਗੀਆਂ ਜਾਂ ਨੂੰਹ ਸੱਸ।ਹੋਣਾ ਵੀ ਇੰਝ ਹੀ ਚਾਹੀਦਾ ਹੈ।ਸਾਡੀ ਆਪਣੀ ਧੀ ਤਾਂ ਬਿਗਾਨੇ ਘਰ ਚਲੀ ਜਾਂਦੀ ਹੈ।ਜਿਹੜੀ ਕਿਸੇ ਨੇ ਆਪਣੇ ਪੁੱਤਰ ਦੇ ਲੜ ਲਾਈ ਹੁੰਦੀ ਹੈ।ਉਸ ਨੂੰ ਆਪਣੀ ਧੀ ਨਾਲੋਂ ਵੀ ਜਿਆਦਾ ਪਿਆਰ ਦੇਣਾ ਚਾਹੀਦਾ ਹੈ।ਇੱਕ ਵੇਲੇ ਕੋਈ ਉੱਚੀ ਨੀਵੀਂ ਗੱਲ ਵੀ ਹੋ ਜਾਵੇ ਤਾਂ ਬੈਠ ਕੇ ਉਸ ਦਾ ਹੱਲ ਕੱਢਿਆ ਜਾ ਸਕਦਾ ਹੈ।ਕਈ ਬੀਬੀਆਂ ਤਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਹੜੀਆਂ ਗੱਲ ਮੂੰਹੋਂ ਨਿਕਲਣ ਹੀ ਨਹੀਂ ਦਿੰਦੀਆਂ।ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਜਾਂਦੀਆਂ ਹਨ।ਜਿਸ ਨਾਲ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਹੋ ਜਾਂਦੀ ਹੈ। ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ ਮੈ ਤੈਨੂੰ ਪਿੰਡ ਤੋਂ ਕੱਢਦੀ ਹਾਂ।ਕੀ ਕਦੇ ਮਾਵਾਂ ਧੀਆਂ ਵਿੱਚ ਕੋਈ ਗੱਲ ਨਹੀਂ ਹੁੰਦੀ।ਉਸ ਨੂੰ ਕਿੰਨਾ ਕੁ ਲੋਕਾਂ ਤੱਕ ਪੁਚਾਇਆ ਜਾਂਦਾ ਹੈ।ਫਿਰ ਨੂੰਹ ਦੀ ਗੱਲ ਨੂੰ ਲੋਕਾਂ ਵਿੱਚ ਕਿਓ ਪੁਚਾਇਆ ਜਾਵੇ।ਕਿਸੇ ਵੇਲੇ ਨੂੰਹ ਗੱਲ ਕਰ ਵੀ ਲਵੇ ਤਾਂ ਸੱਸ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ।ਕਿਉਂਕਿ ਸੱਸ ਉਮਰ ਵਿੱਚ ਵੱਡੀ ਹੁੰਦੀਹੈ।ਉਸ ਨੂੰ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ।ਸਾਡਾ ਭਾਰਤੀ ਵਿਰਸਾ ਬਹੁਤ ਹੀ ਵਧੀਆ ਹੈ।ਇਹ ਪੱਛਮੀ ਮੁਲਕਾਂ ਵਰਗਾ ਨਹੀਂ।ਕਿ “ਕੌਣ ਮਾਂ ਕੌਣ ਪਿਉ”ਕਿਥੇ ਰਹਿੰਦੇ ਨੇ ਕਿਸੇ ਨੂੰ ਕੁੱਝ ਪਤਾ ਹੀ ਨਹੀਂ ਹੁੰਦਾ।ਇਥੇ ਤਾਂ ਰਿਸ਼ਤਿਆਂ ਦੀ ਬੜੀ ਮਹਾਨਤਾ ਹੈ।ਹੁਣ ਜ਼ਮਾਨਾ ਪੜ੍ਹਿਆ ਲਿਖਿਆ ਹੈ।ਹਰ ਇੱਕ ਨੂੰ ਸਮਝ ਹੈ ਕਿ “ਕੀ ਕਰਨਾ ਤੇ ਕੀ ਨਹੀ ਕਰਨਾ “?ਹੁਣ ਸੱਸਾਂ ਨੂੰ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਨੂੰਹਾਂ ਨੂੰ ਵੀ ਖਰਵੇਪਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ।ਰਿਸ਼ਤਿਆਂ ਵਿੱਚ ਇੱਕ ਵਾਰ ਤਰੇੜ ਆ ਜਾਵੇ ਫਿਰ ਜਿੰਦਗੀ ਨਿਭਾਉਣੀ ਬੜੀ ਔਖੀ ਹੋ ਜਾਂਦੀ ਹੈ। ਅੱਜ ਬਹੁਤੇ ਬਿਰਧ ਆਸ਼ਰਮ ਕਈ ਔਰਤਾਂ ਦੇ ਖਰਵੇਪਣ ਦੀ ਦੇਣ ਹਨ।ਸਾਨੂੰ ਇਹਨਾਂ ਤੋਂ ਬਚਣ ਦੀ ਲੋੜ ਹੈ।ਲੋੜਵੰਦ ਤਾਂ ਬਿਰਧ ਆਸ਼ਰਮ ਦੀ ਸ਼ਰਨ ਲਵੇ ਤਾਂ ਗੱਲ ਬਣਦੀ ਹੈ।ਪਰ ਬਹੁਤੇ ਬਜ਼ੁਰਗ ਤਾਂ ਨੂੰਹਾਂ ਪੁੱਤਰਾਂ ਤੋਂ ਤੰਗ ਆ ਕੇ ਬਿਰਧ ਆਸ਼ਰਮ ਤੇ ਭਾਰ ਪਾਈ ਬੈਠੇ ਹਨ।ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਸੱਸ ਨੂੰਹ ਉਤੇ ਨਾਦਰਸ਼ਾਹੀ ਵਰਗੇ ਹੁਕਮ ਚਲਾਏ।ਸੱਸਾਂ ਨੂੰ ਨੂੰਹ ਧੀਆਂ ਦੇ ਸਮਾਨ ਤੇ ਨੂੰਹ ਨੂੰ ਸੱਸ ਮਾਂ ਦੇ ਸਮਾਨ ਰੱਖਣੀ ਚਾਹੀਦੀ ਹੈ।ਫਿਰ ਹੀ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ 7589155501
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj